Kargil Vijay Diwas 2023: ਆਖਰ ਕਾਰਗਿਲ ਜੰਗ 'ਚ ਕੀ ਹੋਇਆ? ਜਾਣੋ ਭਾਰਤ-ਪਾਕਿ ਫੌਜ ਵਿਚਾਲੇ ਟਾਕਰੇ ਦੀ ਪੂਰੀ ਹਕੀਕਤ
ਭਾਰਤ ਨੇ ਕਈ ਜੰਗਾਂ ਲੜੀਆਂ ਹਨ, ਜਿਨ੍ਹਾਂ ਵਿੱਚ ਭਾਰਤੀ ਫੌਜ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਮਸ਼ਹੂਰ ਹਨ। ਅਜਿਹੀ ਹੀ ਇੱਕ ਜੰਗ 1999 ਵਿੱਚ ਲੜੀ ਗਈ ਸੀ, ਜਿਸ ਨੂੰ ਕਾਰਗਿਲ ਯੁੱਧ ਕਿਹਾ ਜਾਂਦਾ ਹੈ।
Kargil Vijay Diwas 2023: ਭਾਰਤ ਨੇ ਕਈ ਜੰਗਾਂ ਲੜੀਆਂ ਹਨ, ਜਿਨ੍ਹਾਂ ਵਿੱਚ ਭਾਰਤੀ ਫੌਜ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਮਸ਼ਹੂਰ ਹਨ। ਅਜਿਹੀ ਹੀ ਇੱਕ ਜੰਗ 1999 ਵਿੱਚ ਲੜੀ ਗਈ ਸੀ, ਜਿਸ ਨੂੰ ਕਾਰਗਿਲ ਯੁੱਧ ਕਿਹਾ ਜਾਂਦਾ ਹੈ। ਜਦੋਂ ਦੁਸ਼ਮਣ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਿਆ ਤੇ ਕਈ ਚੋਟੀਆਂ 'ਤੇ ਕਬਜ਼ਾ ਕਰ ਰਿਹਾ ਸੀ, ਤਾਂ ਭਾਰਤੀ ਸੈਨਿਕਾਂ ਦੀ ਹਿੰਮਤ ਤੇ ਬਹਾਦਰੀ ਨੇ ਉਨ੍ਹਾਂ ਨੂੰ ਬਾਹਰ ਕੱਢ ਸੁੱਟਿਆ। ਇਸ ਜੰਗ ਵਿੱਚ ਭਾਰਤੀ ਫੌਜ ਦੀ ਜਿੱਤ ਨੂੰ ਹਰ ਸਾਲ 26 ਜੁਲਾਈ ਨੂੰ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਜੰਗ ਨਾਲ ਜੁੜੀਆਂ 10 ਅਹਿਮ ਗੱਲਾਂ...
ਹਰ ਸਾਲ ਜੰਮੂ-ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਭਾਰਤ ਤੇ ਪਾਕਿਸਤਾਨ ਦੀਆਂ ਫ਼ੌਜਾਂ ਚੋਟੀਆਂ ਤੋਂ ਹੇਠਾਂ ਆ ਜਾਂਦੀਆਂ ਸਨ। ਸਾਲ 1999 ਵਿੱਚ ਵੀ ਅਜਿਹਾ ਹੀ ਹੋਇਆ। ਜਦੋਂ ਭਾਰਤੀ ਫੌਜ ਬਰਫੀਲੀਆਂ ਚੋਟੀਆਂ ਤੋਂ ਹੇਠਾਂ ਆਈ ਤਾਂ ਉਸ ਸਮੇਂ ਇਸ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨੀ ਫੌਜ ਨੇ ਭਾਰਤੀ ਚੋਟੀਆਂ ਵੱਲ ਵਧਣਾ ਸ਼ੁਰੂ ਕਰ ਦਿੱਤਾ।
ਮਈ 1999 ਤੱਕ ਪਾਕਿਸਤਾਨ ਦੀ ਫੌਜ ਨੇ ਕਾਰਗਿਲ ਖੇਤਰ ਦੀਆਂ ਕਈ ਚੋਟੀਆਂ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਜਦੋਂ ਕੁਝ ਚਰਵਾਹਿਆਂ ਨੇ ਇਸ ਬਾਰੇ ਭਾਰਤੀ ਫੌਜ ਨੂੰ ਸੂਚਿਤ ਕੀਤਾ ਤਾਂ ਭਾਰਤੀ ਸੈਨਿਕਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਪਾਕਿਸਤਾਨੀ ਫੌਜੀ ਅਸਲ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਾਰਗਿਲ ਪਹੁੰਚ ਗਏ ਸਨ।
ਭਾਰਤੀ ਫੌਜ ਨੇ ਮਹਿਸੂਸ ਕੀਤਾ ਕਿ ਕੁਝ ਅੱਤਵਾਦੀਆਂ ਵੱਲੋਂ ਇਸ ਖੇਤਰ 'ਚ ਘੁਸਪੈਠ ਕੀਤੀ ਹੋ ਸਕਦੀ ਹੈ। ਇਸ ਦੀ ਪੁਸ਼ਟੀ ਕਰਨ ਲਈ ਫੌਜ ਵੱਲੋਂ ਲੈਫਟੀਨੈਂਟ ਸੌਰਭ ਕਾਲੀਆ ਦੀ ਅਗਵਾਈ 'ਚ ਇੱਕ ਟੀਮ ਨੂੰ ਕਾਰਗਿਲ ਦੀ ਚੋਟੀ 'ਤੇ ਭੇਜਿਆ ਗਿਆ। ਸੌਰਭ ਕਾਲੀਆ ਨੇ ਸਭ ਤੋਂ ਪਹਿਲਾਂ ਭਾਰਤੀ ਫੌਜ ਨੂੰ ਪਾਕਿਸਤਾਨੀ ਫੌਜ ਦੀ ਘੁਸਪੈਠ ਬਾਰੇ ਠੋਸ ਜਾਣਕਾਰੀ ਦਿੱਤੀ ਸੀ।
ਲੈਫਟੀਨੈਂਟ ਸੌਰਭ ਕਾਲੀਆ ਨੇ ਆਪਣੀ ਟੁਕੜੀ ਨਾਲ ਦੁਸ਼ਮਣ ਦਾ ਟਾਕਰਾ ਕਰਨ ਦਾ ਫੈਸਲਾ ਕੀਤਾ, ਪਰ ਉਨ੍ਹਾਂ ਨੂੰ ਵੀ ਪਤਾ ਨਹੀਂ ਸੀ ਕਿ ਦੁਸ਼ਮਣ ਇੰਨੀ ਤਿਆਰੀ ਨਾਲ ਆਇਆ ਹੈ। ਨਤੀਜਾ ਇਹ ਹੋਇਆ ਕਿ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਵਿੱਚ ਯੂਨਿਟ ਵਿੱਚ ਸ਼ਾਮਲ ਜਵਾਨ ਸ਼ਹੀਦ ਹੋ ਗਏ ਤੇ ਸੌਰਭ ਕਾਲੀਆ ਨੂੰ ਫੜ ਲਿਆ ਗਿਆ।
ਲੈਫਟੀਨੈਂਟ ਸੌਰਭ ਕਾਲੀਆ ਨੂੰ ਪਾਕਿਸਤਾਨੀ ਫੌਜ ਨੇ ਕਈ ਦਿਨਾਂ ਤੱਕ ਤਸੀਹੇ ਦਿੱਤੇ। ਪਾਕਿਸਤਾਨੀ ਫੌਜ ਉਨ੍ਹਾਂ ਤੋਂ ਜਾਣਕਾਰੀ ਚਾਹੁੰਦੀ ਸੀ ਪਰ ਸੌਰਭ ਕਾਲੀਆ ਨੇ ਮੂੰਹ ਆਪਣਾ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਉਨ੍ਹਾਂ ਦੀਆਂ ਅੱਖਾਂ ਵੀ ਕੱਢ ਦਿੱਤੀਆਂ ਗਈਆਂ। ਕਈ ਦਿਨ ਤਸੀਹੇ ਝੱਲਣ ਤੋਂ ਬਾਅਦ ਲੈਫਟੀਨੈਂਟ ਕਾਲੀਆ ਆਖਰ ਦੇਸ਼ ਲਈ ਸ਼ਹੀਦ ਹੋ ਗਏ।
ਸੌਰਭ ਕਾਲੀਆ ਤੇ ਉਨ੍ਹਾਂ ਦੇ ਸਾਥੀਆਂ ਨਾਲ ਇਸ ਤਰ੍ਹਾਂ ਦੇ ਸਲੂਕ ਤੋਂ ਬਾਅਦ ਭਾਰਤੀ ਫੌਜੀਆਂ ਦਾ ਖੂਨ ਉਬਾਲੇ ਮਾਰਨ ਲੱਗਾ ਤੇ ਜੰਗ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਵੱਖ-ਵੱਖ ਚੋਟੀਆਂ ਨੂੰ ਫਤਹਿ ਕਰਨ ਲਈ ਟੀਮਾਂ ਬਣਾਈਆਂ ਗਈਆਂ।
ਆਖਰਕਾਰ 3 ਮਈ 1999 ਨੂੰ ਆਪਰੇਸ਼ਨ ਵਿਜੇ ਸ਼ੁਰੂ ਹੋਇਆ। ਭਾਰਤੀ ਫੌਜ ਨੇ ਵੱਖ-ਵੱਖ ਥਾਵਾਂ ਤੋਂ ਕਾਰਗਿਲ 'ਤੇ ਚੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਪਹਿਲੇ ਤੇ ਦੂਜੇ ਦਿਨ ਹੀ ਉਪਰੋਂ ਗੋਲੀਬਾਰੀ ਵਿੱਚ ਭਾਰਤੀ ਫੌਜ ਦੇ ਕਈ ਜਵਾਨ ਸ਼ਹੀਦ ਹੋ ਗਏ।
ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਦੁਸ਼ਮਣ ਹਜ਼ਾਰਾਂ ਫੁੱਟ ਦੀ ਉਚਾਈ 'ਤੇ ਮੌਜੂਦ ਸੀ ਤੇ ਉਸ ਲਈ ਹੇਠਾਂ ਤੋਂ ਆਉਂਦੀ ਭਾਰਤੀ ਫੌਜ ਨੂੰ ਨਿਸ਼ਾਨਾ ਬਣਾਉਣਾ ਬਹੁਤ ਆਸਾਨ ਸੀ। ਇਹੀ ਕਾਰਨ ਹੈ ਕਿ ਜੰਗ ਦੀ ਸ਼ੁਰੂਆਤ ਵਿੱਚ ਭਾਰਤੀ ਫੌਜ ਨੂੰ ਬਹੁਤ ਨੁਕਸਾਨ ਝੱਲਣਾ ਪਿਆ।
ਇਸ ਤੋਂ ਬਾਅਦ ਭਾਰਤੀ ਫੌਜ ਨੇ ਰਣਨੀਤੀ ਬਦਲ ਦਿੱਤੀ ਤੇ ਪਿੱਛੇ ਤੋਂ ਸੈਨਿਕ ਭੇਜੇ ਗਏ। ਕੈਪਟਨ ਵਿਕਰਮ ਬੱਤਰਾ, ਲੈਫਟੀਨੈਂਟ ਮਨੋਜ ਪਾਂਡੇ, ਸੂਬੇਦਾਰ ਯੋਗੇਂਦਰ ਸਿੰਘ ਯਾਦਵ ਤੇ ਕਈ ਬਹਾਦਰ ਸੈਨਿਕਾਂ ਦੀ ਬਦੌਲਤ ਭਾਰਤ ਨੇ ਕਾਰਗਿਲ ਦੀਆਂ ਸਾਰੀਆਂ ਪ੍ਰਮੁੱਖ ਚੋਟੀਆਂ 'ਤੇ ਕਬਜ਼ਾ ਕਰ ਲਿਆ। ਕਈ ਗੋਲੀਆਂ ਲੱਗਣ ਦੇ ਬਾਵਜੂਦ ਭਾਰਤੀ ਜਵਾਨ ਲਗਾਤਾਰ ਲੜਦੇ ਰਹੇ। ਇਸ ਜੰਗ ਵਿੱਚ ਭਾਰਤੀ ਹਵਾਈ ਸੈਨਾ ਨੇ ਵੀ ਬਹੁਤ ਅਹਿਮ ਭੂਮਿਕਾ ਨਿਭਾਈ।
ਕਰੀਬ 60 ਦਿਨਾਂ ਤੱਕ ਚੱਲੀ ਇਸ ਜੰਗ ਵਿੱਚ 500 ਦੇ ਕਰੀਬ ਭਾਰਤੀ ਜਵਾਨ ਸ਼ਹੀਦ ਹੋਏ ਸਨ, ਜਦਕਿ ਪਾਕਿਸਤਾਨ ਦੇ 700 ਤੋਂ ਵੱਧ ਸੈਨਿਕ ਮਾਰੇ ਗਏ ਸਨ। ਇਸ ਤੋਂ ਇਲਾਵਾ ਸੈਂਕੜੇ ਅੱਤਵਾਦੀ ਵੀ ਮਾਰੇ ਗਏ। 26 ਜੁਲਾਈ ਨੂੰ ਭਾਰਤ ਦੀ ਜਿੱਤ ਦਾ ਐਲਾਨ ਹੋਇਆ ਤੇ ਕਾਰਗਿਲ ਦੀਆਂ ਚੋਟੀਆਂ 'ਤੇ ਤਿਰੰਗੇ ਲਹਿਰਾਉਣੇ ਸ਼ੁਰੂ ਹੋ ਗਏ।