Lok Sabha Election: ਪੰਜਾਬ ਹੀ ਨਹੀਂ ਹਰਿਆਣਾ 'ਚ ਵੀ ਨਹੀਂ ਹੋਵੇਗਾ ਇੰਡੀਆ ਗਠਜੋੜ ? ਆਪ ਨੇ 90 ਸੀਟਾਂ 'ਤੇ ਚੋਣ ਲੜਨ ਦਾ ਕੀਤਾ ਐਲਾਨ
Haryana Election: ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ 'ਤੇ ਚੋਣ ਲੜੇਗੀ।
Election 2024: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਹਰਿਆਣਾ ਦੇ ਜੀਂਦ ਵਿੱਚ ਚੋਣ ਰੈਲੀ ਕੀਤੀ। ਰੈਲੀ ਵਿੱਚ ਆਮ ਆਦਮੀ ਪਾਰਟੀ ਹਰਿਆਣਾ ਇਕਾਈ ਦੇ ਸਾਰੇ ਆਗੂ ਅਤੇ ਇੱਕ ਲੱਖ ਤੋਂ ਵੱਧ ਲੋਕ ਹਾਜ਼ਰ ਸਨ। ਰੈਲੀ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੰਨੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਇਸ ਗੱਲ ਦਾ ਸਬੂਤ ਹੈ ਕਿ ਹਰਿਆਣਾ ਦੇ ਲੋਕ ਇਸ ਵਾਰ ਨਵੀਂ ਕਹਾਣੀ ਲਿਖਣ ਲਈ ਤਿਆਰ ਹਨ।
ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੂੰ ‘ਹਰਿਆਣਾ ਦਾ ਪੁੱਤ’ ਦੱਸਦਿਆਂ ਕਿਹਾ ਕਿ ਕੇਜਰੀਵਾਲ ਸਿਆਸਤ ‘ਚੋਂ ਭ੍ਰਿਸ਼ਟਾਚਾਰ ਖਤਮ ਕਰਨ ਆਇਆ ਹੈ। ਉਨ੍ਹਾਂ ਨੇ ਦਿੱਲੀ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ, ਇਸ ਲਈ ਦਿੱਲੀ ਦੇ ਲੋਕਾਂ ਨੇ ਦੋ ਵਾਰ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਜਦੋਂ ਉਨ੍ਹਾਂ ਦੇ ਕੰਮਾਂ ਦੀ ਗੂੰਜ ਪੰਜਾਬ ਤੱਕ ਪਹੁੰਚੀ ਤਾਂ 2022 ਵਿੱਚ ਪੰਜਾਬ ਦੇ ਲੋਕਾਂ ਨੇ ਵੀ 117 ਵਿੱਚੋਂ 92 ਸੀਟਾਂ ਜਿੱਤ ਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਹੁਣ ਹਰਿਆਣਾ ਦੀ ਵਾਰੀ ਹੈ। ਇਸ ਵਾਰ ਹਰਿਆਣਾ ਵਿੱਚ ਵੀ ਦਿੱਲੀ ਅਤੇ ਪੰਜਾਬ ਵਾਂਗ ‘ਆਪ’ ਦੀ ਸਰਕਾਰ ਭਾਰੀ ਬਹੁਮਤ ਨਾਲ ਬਣੇਗੀ।
ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਬਚਪਨ 'ਚ ਰੇਲ ਗੱਡੀਆਂ 'ਚ ਚਾਹ ਵੇਚਦੇ ਸਨ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਰੇਲਵੇ ਨੂੰ ਵੇਚ ਦਿੱਤਾ। ਮੋਦੀ ਸਰਕਾਰ ਨੇ ਦੇਸ਼ ਦੀਆਂ ਦਰਜਨਾਂ ਸਰਕਾਰੀ ਕੰਪਨੀਆਂ ਵੇਚ ਦਿੱਤੀਆਂ। ਉਨਾਂ ਨੇ ਸਿਰਫ ਆਪਣੇ ਕਾਰਪੋਰੇਟ ਦੋਸਤਾਂ ਲਈ ਕੰਮ ਕੀਤਾ।
ਹਰਿਆਣਾ ਦੀਆਂ ਸਾਰੀਆਂ 90 ਸੀਟਾਂ 'ਤੇ ਚੋਣ ਲੜੇਗੀ ਆਮ ਆਦਮੀ ਪਾਰਟੀ
ਰੈਲੀ ਨੂੰ ਸੰਬੋਧਨ ਕਰਦਿਆਂ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ 'ਤੇ ਚੋਣ ਲੜੇਗੀ। ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਰਿਆਣਾ ਦੇ ਇੱਕ ਪਾਸੇ ਦਿੱਲੀ ਹੈ ਅਤੇ ਦੂਜੇ ਪਾਸੇ ਪੰਜਾਬ ਹੈ। ਦੋਵਾਂ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸ ਲਈ ਇਸ ਵਾਰ ਇੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਚਾਹੀਦੀ ਹੈ।