ਹਿਮਾਚਲ ਵਿਧਾਨ ਸਭਾ ਗੇਟ ਦੇ ਬਾਹਰ ਖਾਲਿਸਤਾਨੀ ਝੰਡੇ ਲਗਾਉਣ ਵਾਲਾ ਇੱਕ ਹੋਰ ਦੋਸ਼ੀ ਪੰਜਾਬ ਤੋਂ ਗ੍ਰਿਫਤਾਰ
ਹਿਮਾਚਲ ਪ੍ਰਦੇਸ਼ ਪੁਲਿਸ ਨੇ ਹਾਲ ਹੀ ਵਿੱਚ ਧਰਮਸ਼ਾਲਾ 'ਚ ਰਾਜ ਵਿਧਾਨ ਸਭਾ ਦੇ ਮੁੱਖ ਗੇਟ 'ਤੇ ਖਾਲਿਸਤਾਨੀ ਝੰਡਾ ਟੰਗਣ ਅਤੇ ਕੰਧਾਂ 'ਤੇ ਨਾਅਰੇ ਲਿਖਣ ਦੇ ਦੋਸ਼ ਵਿੱਚ ਪੰਜਾਬ ਤੋਂ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਧਰਮਸ਼ਾਲਾ: ਹਿਮਾਚਲ ਪ੍ਰਦੇਸ਼ 'ਚ ਖਾਲਿਸਤਾਨੀ ਝੰਡਾ ਲਾਉਣ ਵਾਲੇ ਇੱਕ ਹੋਰ ਦੋਸ਼ੀ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਕਿਹਾ ਕਿ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਖਿਲਾਫ ਹਰ ਹਿਮਾਚਲੀ ਇਕਜੁੱਟ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਸ ਮਾਮਲੇ 'ਚ ਪੰਜਾਬ ਦੇ ਹਰਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਦੂਜੇ ਦੋਸ਼ੀ ਦੀ ਪਛਾਣ ਵਨੀਤ ਸਿੰਘ ਵਜੋਂ ਹੋਈ ਹੈ।
ਮੁੱਖ ਮੰਤਰੀ ਦਾ ਟਵੀਟ
ਠਾਕੁਰ ਨੇ ਟਵੀਟ ਕੀਤਾ, 'ਧਰਮਸ਼ਾਲਾ 'ਚ ਖਾਲਿਸਤਾਨੀ ਝੰਡੇ ਲਗਾਉਣ ਅਤੇ ਕੰਧ 'ਤੇ ਨਾਅਰੇ ਲਿਖਣ ਵਾਲੇ ਦੂਜੇ ਵਿਅਕਤੀ ਨੂੰ ਵੀ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਵਿਰੁੱਧ ਹਰ ਹਿਮਾਚਲੀ ਇਕਜੁੱਟ ਹੈ। ਭਾਰਤ ਮਾਤਾ ਦੀ ਜੈ, ਜੈ ਹਿੰਦ, ਜੈ ਹਿਮਾਚਲ।'
धर्मशाला में खालीस्तानी झंडे लगाने और दीवार पर स्लोगन लिखने वाले दूसरे व्यक्ति को भी पंजाब से गिरफ्तार कर लिया गया है।
— Jairam Thakur (@jairamthakurbjp) May 13, 2022
देश को बांटने वाली ताकतों के खिलाफ हर हिमाचली एकजुट है।
भारत माता की जय
जय हिंद, जय हिमाचल।
ਰੂਪਨਗਰ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਕਿਹਾ, "ਹਿਮਾਚਲ ਪ੍ਰਦੇਸ਼ ਪੁਲਿਸ ਨਾਲ ਸਾਂਝੇ ਤੌਰ 'ਤੇ ਛਾਪੇਮਾਰੀ ਦੌਰਾਨ ਅਸੀਂ ਧਰਮਸ਼ਾਲਾ ਵਿੱਚ ਹਿਮਾਚਲ ਵਿਧਾਨ ਸਭਾ ਦੀ ਕੰਧ 'ਤੇ ਖਾਲਿਸਤਾਨ ਪੱਖੀ ਝੰਡੇ ਅਤੇ ਨਾਅਰੇ ਲਿਖਣ ਦੇ ਦੋਸ਼ ਵਿੱਚ ਮੋਰਿੰਡਾ ਦੇ ਇੱਕ ਨਿਵਾਸੀ ਨੂੰ ਗ੍ਰਿਫਤਾਰ ਕੀਤਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਪੁੱਛਗਿੱਛ ਦੌਰਾਨ, ਦੋਸ਼ੀ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਆਪਣੇ ਸਾਥੀ ਨਾਲ ਮਿਲ ਕੇ 13 ਅਪ੍ਰੈਲ ਨੂੰ ਰੋਪੜ, ਪੰਜਾਬ ਵਿੱਚ ਸਾਡੇ ਦਫਤਰ (ਮਿੰਨੀ ਸਕੱਤਰੇਤ ਕੰਪਲੈਕਸ) ਦੇ ਬਾਹਰ ਖਾਲਿਸਤਾਨ ਦੇ ਬੈਨਰ ਲਗਾਏ ਸੀ। ਮੁਲਜ਼ਮਾਂ ਨੂੰ ਹਿਮਾਚਲ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਰੋਪੜ ਪੁਲਿਸ ਮੁਲਜ਼ਮਾਂ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਵਾਪਸ ਲਿਆਵੇਗੀ। ਇਸ ਦੇ ਨਾਲ ਹੀ ਉਸ ਦੇ ਦੂਜੇ ਸਾਥੀ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਘਟਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਿਸ ਨੇ ਸਿੱਖ ਫਾਰ ਜਸਟਿਸ (ਐਸਜੇਐਫ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਕੇਸ ਦਰਜ ਕੀਤਾ ਸੀ।