ਪਤੀ ਦੇ ਘਰ ‘ਚ ਪਤਨੀ ਲੈ ਸਕਦੀ ਵੱਖਰਾ ਬਿਜਲੀ ਕੁਨੈਕਸ਼ਨ, ਹਾਈਕੋਰਟ ਨੇ ਸੁਣਾਇਆ ਫੈਸਲਾ
ਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਇਹ ਨਿਵੇਕਲਾ ਫ਼ੈਸਲਾ ਸੁਣਾਇਆ ਹੈ ਕਿ ਪਤਨੀ ਵੀ ਬਿਜਲੀ ਕੁਨੈਕਸ਼ਨ ਦੀ ਹੱਕਦਾਰ ਹੈ।
ਕੋਲਕਾਤਾ : ਕੋਲਕਾਤਾ ਹਾਈਕੋਰਟ ਨੇ ਤਾਜ਼ਾ ਫੈਸਲਾ ਸੁਣਾਇਆ ਜਿਸ ਦੇ ਮੁਤਾਬਕ ਹੁਣ ਘਰ ਪਤੀ ਦੇ ਨਾਂਅ ‘ਤੇ ਹੋਣ ਦੇ ਬਾਵਜੂਦ ਪਤਨੀ ਨੂੰ ਵੱਖਰਾ ਬਿਜਲੀ ਕੁਨੈਕਸ਼ਨ ਮਿਲ ਸਕੇਗਾ। ਇਸ ਸਬੰਧੀ ਤਨੁਜਾ ਬੀਬੀ ਨਾਂ ਦੀ ਮਹਿਲਾ ਵੱਲੋਂ ਦਾਖ਼ਲ ਕੀਤੇ ਗਏ ਕੇਸ ’ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਨਵੇਂ ਬਿਜਲੀ ਕੁਨੈਕਸ਼ਨ ਲਈ ਮਕਾਨ ਦੇ ਮਾਲਿਕਾਨਾ ਹੱਕ ਸਬੰਧੀ ਕਾਗਜ਼ਾਤ ਹੋਣੇ ਜ਼ਰੂਰੀ ਹਨ, ਇਹ ਗੱਲ ਸਹੀ ਹੈ। ਪਰ ਨਾਲ ਹੀ ਇਹ ਵੀ ਗੱਲ ਸਹੀ ਹੈ ਕਿ ਜਾਇਦਾਦ ਦਾ ਮਾਲਿਕ ਪਤੀ ਹੀ ਹੁੰਦਾ ਹੈ, ਪਰ ਤਲਾਕ ਨਾ ਹੋਣ ਕਾਰਨ ਉਸ ਦੀ ਪਤਨੀ ਦਾ ਵੀ ਜਾਇਦਾਦ ’ਤੇ ਅਧਿਕਾਰ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਨਵਾਂ ਬਿਜਲੀ ਕੁਨੈਕਸ਼ਨ ਦਿੱਤਾ ਜਾ ਸਕਦਾ ਹੈ।
ਦਰਅਸਲ ਤਨੁਜਾ ਦੇ ਆਪਣੇ ਪਤੀ ਨਾਲ ਮਤਭੇਦ ਹੋਣ ਕਾਰਨ ਉਹ ਉਨ੍ਹਾਂ ਦੇ ਦੂਜੇ ਘਰ ’ਚ ਉਹ ਵੱਖਰੀ ਰਹਿ ਰਹੀ ਸੀ। ਉਨ੍ਹਾਂ ਨੇ ਵੱਖਰੇ ਬਿਜਲੀ ਕੁਨੈਕਸ਼ਨ ਲਈ ਅਰਜ਼ੀ ਦਿੱਤੀ ਸੀ। ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਉਸ ਘਰ ’ਚ ਪਹਿਲਾਂ ਤੋਂ ਹੀ ਬਿਜਲੀ ਦਾ ਕੁਨੈਕਸ਼ਨ ਹੈ। ਨਵੇਂ ਕੁਨੈਕਸ਼ਨ ਲਈ ਮਕਾਨ ਦੇ ਮਾਲਿਕਾਨਾ ਹੱਕ ਸਬੰਧੀ ਕਾਗਜ਼ਾਤ ਜਾਂ ਕਿਰਾਏਦਾਰ ਹੋਣ ਦੀ ਸੂਰਤ ’ਚ ਭਾੜੇ ਦੀ ਰਸੀਦ ਤੇ ਮਕਾਨ ਮਾਲਿਕ ਦਾ ਐੱਨਓਸੀ ਹੋਣਾ ਜ਼ਰੂਰੀ ਹੈ।
ਇਸ ਤੋਂ ਬਾਅਦ ਤਨੁਜਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਸੁਣਵਾਈ ਦੌਰਾਨ ਤਨੁਜਾ ਦੇ ਪਤੀ ਦੇ ਵਕੀਲ ਨੇ ਕਿਹਾ ਕਿ ਉਸ ਘਰ ਦੇ ਮਾਲਿਕ ਉਨ੍ਹਾਂ ਦੇ ਮੁਵੱਕਿਲ ਹਨ, ਇਸ ਲਈ ਉਨ੍ਹਾਂ ਦੀ ਪਤਨੀ ਨੂੰ ਨਵਾਂ ਬਿਜਲੀ ਕੁਨੈਕਸ਼ਨ ਨਹੀਂ ਦਿੱਤਾ ਜਾ ਸਕਦਾ। ਦੂਜੇ ਪਾਸੇ ਤਨੁਜਾ ਦੇ ਵਕੀਲ ਨੇ ਕਿਹਾ ਕਿ ਤਨੁਜਾ ਦਾ ਆਪਣੇ ਪਤੀ ਨਾਲ ਤਲਾਕ ਨਹੀਂ ਹੋਇਆ ਬਲਕਿ ਉਹ ਸਿਰਫ ਵੱਖਰੇ ਰਹਿ ਰਹੇ ਹਨ। ਇਸ ਲਈ ਉਨ੍ਹਾਂ ਦਾ ਵੀ ਇਸ ਘਰ ’ਤੇ ਬਰਾਬਰ ਅਧਿਕਾਰ ਹੈ। ਇਸ ਲਈ ਉਨ੍ਹਾਂ ਨੂੰ ਨਵਾਂ ਬਿਜਲੀ ਕੁਨੈਕਸ਼ਨ ਦਿੱਤਾ ਜਾਣਾ ਚਾਹੀਦਾ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਇਹ ਨਿਵੇਕਲਾ ਫ਼ੈਸਲਾ ਸੁਣਾਇਆ ਹੈ ਕਿ ਪਤਨੀ ਵੀ ਬਿਜਲੀ ਕੁਨੈਕਸ਼ਨ ਦੀ ਹੱਕਦਾਰ ਹੈ।