'Social Media ਤੋਂ ਤੁਰੰਤ ਹਟਾਈ ਜਾਵੇ ਕੋਲਕਾਤਾ ਰੇਪ ਪੀੜਤਾ ਦੀ ਪਛਾਣ ਅਤੇ ਤਸਵੀਰ', ਸੁਪਰੀਮ ਕੋਰਟ ਨੇ ਹੁਕਮ ਕੀਤਾ ਜਾਰੀ
Kolkata Rape Murder Case: ਸੁਪਰੀਮ ਕੋਰਟ ਨੇ ਕਿਹਾ ਕਿ ਕੋਲਕਾਤਾ ਰੇਪ ਕਤਲ ਕਾਂਡ ਦੀ ਪੀੜਤਾ ਦੀ ਫੋਟੋ ਅਤੇ ਉਸ ਦੀ ਪਛਾਣ ਦੱਸਣ ਵਾਲੀਆਂ ਪੋਸਟਾਂ ਨੂੰ ਸੋਸ਼ਲ ਮੀਡੀਆ ਤੋਂ ਤੁਰੰਤ ਹਟਾ ਦਿਓ।
Kolkata Rape Murder Case: ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਦਰਿੰਦਗੀ ਦੀ ਘਟਨਾ ਉੱਤੇ ਸੁਪਰੀਮ ਕੋਰਟ ਐਕਸ਼ਨ ਮੋਡ ਵਿੱਚ ਹੈ। ਇਸ ਸਬੰਧੀ ਮੰਗਲਵਾਰ (20 ਅਗਸਤ) ਨੂੰ ਸੁਪਰੀਮ ਕੋਰਟ ਨੇ ਕੋਲਕਾਤਾ ਰੇਪ ਅਤੇ ਕਤਲ ਪੀੜਤਾ ਦੀ ਪਛਾਣ ਦੱਸਣ ਅਤੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਦੀ ਮੌਜੂਦਗੀ ਨੂੰ ਗਲਤ ਕਰਾਰ ਦੱਸਿਆ ਹੈ।
ਸੁਪਰੀਮ ਕੋਰਟ ਨੇ ਤੁਰੰਤ ਪ੍ਰਭਾਵ ਨਾਲ ਸਾਰੇ ਸੋਸ਼ਲ ਮੀਡੀਆ (Social Media) ਪਲੇਟਫਾਰਮਾਂ ਤੋਂ ਪੀੜਤਾ ਦੀ ਫੋਟੋ ਹਟਾਉਣ ਲਈ ਕਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕਾਨੂੰਨ ਮੁਤਾਬਕ ਬਲਾਤਕਾਰ ਪੀੜਤ ਦੀ ਪਛਾਣ ਉਸ ਦੀ ਸਹਿਮਤੀ ਨਾਲ ਹੀ ਸਾਹਮਣੇ ਆ ਸਕਦੀ ਹੈ। ਇਸੇ ਲਈ 2012 ਦੀ ਦਿੱਲੀ ਗੈਂਗਰੇਪ ਪੀੜਤਾ ਨੂੰ ਉਸ ਦੇ ਅਸਲੀ ਨਾਂ ਦੀ ਬਜਾਏ 'ਨਿਰਭਯਾ' ਵੀ ਕਿਹਾ ਜਾਂਦਾ ਸੀ।
ਦਾਖਲ ਕੀਤੀ ਗਈ ਪਟੀਸ਼ਨ
ਮੀਡੀਆ ਰਿਪੋਰਟਾਂ ਮੁਤਾਬਕ ਕੋਲਕਾਤਾ ਰੇਪ ਪੀੜਤਾ ਦੀ ਫੋਟੋ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਕੁਝ ਮੀਡੀਆ ਸੰਗਠਨਾਂ ਅਤੇ ਸ਼ੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਛਾਣ ਜ਼ਾਹਰ ਕਰਨ ਦੇ ਖਿਲਾਫ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਵੀ ਸਖਤ ਨਾਰਾਜ਼ਗੀ ਜਤਾਈ ਹੈ।
ਸੁਪਰੀਮ ਕੋਰਟ ਨੇ ਕੀ ਕਿਹਾ?
ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਜਿਸ ਤਰ੍ਹਾਂ ਮੀਡੀਆ ਸੰਗਠਨ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਦਰਿੰਦਗੀ ਦੀ ਸ਼ਿਕਾਰ ਹੋਈ ਪੀੜਤਾ ਦਾ ਨਾਂ ਅਤੇ ਪਛਾਣ ਦੱਸ ਰਹੇ ਹਨ, ਉਹ ਪੂਰੀ ਤਰ੍ਹਾਂ ਗਲਤ ਹੈ। ਇਸ ਦੇ ਨਾਲ ਹੀ ਕਿਹਾ ਗਿਆ ਕਿ ਇਹ ਸੁਪਰੀਮ ਕੋਰਟ ਦੇ ਫੈਸਲੇ 'ਚ ਦਿੱਤੇ ਗਏ ਸਿਸਟਮ ਦੇ ਵੀ ਖਿਲਾਫ ਹੈ ਕਿਉਂਕਿ ਬਲਾਤਕਾਰ ਪੀੜਤਾ ਦੀ ਪਛਾਣ ਨਹੀਂ ਦੱਸੀ ਜਾ ਸਕਦੀ।
ਕਿਸ ਨੇ ਜਾਰੀ ਕੀਤਾ ਸੀ ਸੰਮਨ?
ਕੋਲਕਾਤਾ ਪੁਲਿਸ ਨੇ ਇਸ ਤੋਂ ਪਹਿਲਾਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਲਾਕੇਟ ਚੈਟਰਜੀ ਅਤੇ ਦੋ ਮਸ਼ਹੂਰ ਡਾਕਟਰਾਂ ਨੂੰ ਪੀੜਤ ਮਹਿਲਾ ਡਾਕਟਰ ਦੀ ਪਛਾਣ ਦੱਸਣ ਅਤੇ ਅਫਵਾਹਾਂ ਫੈਲਾਉਣ ਦੇ ਦੋਸ਼ਾਂ ਤਹਿਤ ਸੰਮਨ ਜਾਰੀ ਕੀਤੇ ਸਨ। ਰਿਪੋਰਟ ਮੁਤਾਬਕ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ 'ਚ 57 ਹੋਰ ਲੋਕਾਂ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ।