ਲਖੀਮਪੁਰ ਖੀਰੀ ਕਾਂਡ: ਸਖਤ ਧਾਰਾਵਾਂ ਤਹਿਤ ਕੇਸ ਦਰਜ ਹੋਣ ਮਗਰੋਂ ਵੀ ਨਹੀਂ ਹੋਈ ਕੋਈ ਗ੍ਰਿਫਤਾਰੀ, ਪੁਲਿਸ ਕਿਉਂ ਹੈ ਬੇਵੱਸ?
ਮਾਮਲੇ 'ਚ ਹੱਤਿਆ ਤੇ ਗੈਰ-ਇਰਾਦਤਨ ਹੱਤਿਆ ਸਮੇਤ ਕਈ ਗੰਭੀਰ ਧਾਰਾਵਾਂ 'ਚ ਥਾਣਾ ਤਿਕੁਨਿਆ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਲਖਨਊ: ਲਖੀਮਪੁਰ ਖੀਰੀ 'ਚ ਤਿਕੁਨੀਆ ਹਿੰਸਾ ਮਾਮਲੇ 'ਚ ਰਿਪੋਰਟ ਦਰਜ ਹੋਣ ਮਗਰੋਂ ਅੱਜ ਤੱਕ ਵੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਮਾਮਲੇ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਤੇ ਉਸ ਦੇ 20 ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਤੇ ਗੈਰ-ਇਰਾਦਤਨ ਹੱਤਿਆ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਤਿਕੁਨੀਆ ਹਿੰਸਾ 'ਚ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਐਤਵਾਰ ਰਾਤ 2.53 ਵਜੇ ਮ੍ਰਿਤਕ ਕਿਸਾਨ ਦਲਜਿੰਦਰ ਸਿੰਘ ਦੇ ਭਰਾ ਦਲਜੀਤ ਸਿੰਘ ਦੀ ਤਰਫੋਂ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਤੇ 20 ਅਣਪਛਾਤੇ ਸਾਥੀਆਂ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਗਈ ਸੀ। ਦੋਸ਼ ਹੈ ਕਿ ਭੀੜ ਦੇ ਰੂਪ 'ਚ ਆਏ ਹਮਲਾਵਰਾਂ ਨੇ ਲਾਪ੍ਰਵਾਹੀ ਨਾਲ ਗੱਡੀ ਚੜ੍ਹਾ ਕੇ ਕਿਸਾਨਾਂ ਦੀ ਹੱਤਿਆ ਕਰ ਦਿੱਤੀ ਸੀ।
ਇਸ ਦੇ ਨਾਲ ਹੀ ਹਮਲਾ ਕਰਕੇ ਕਈ ਲੋਕਾਂ ਨੂੰ ਗੰਭੀਰ ਸੱਟਾਂ ਵੀ ਪਹੁੰਚਾਈਆਂ ਸਨ। ਇਸ ਮਾਮਲੇ 'ਚ ਹੱਤਿਆ ਤੇ ਗੈਰ-ਇਰਾਦਤਨ ਹੱਤਿਆ ਸਮੇਤ ਕਈ ਗੰਭੀਰ ਧਾਰਾਵਾਂ 'ਚ ਥਾਣਾ ਤਿਕੁਨਿਆ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ 'ਚ ਕੁਝ ਅਜਿਹੀਆਂ ਧਾਰਾਵਾਂ ਹਨ, ਜਿਨ੍ਹਾਂ 'ਚ ਗ੍ਰਿਫਤਾਰੀ ਦਾ ਕਾਨੂੰਨ ਹੈ ਤੇ ਉਮਰ ਕੈਦ ਜਾਂ ਮੌਤ ਤਕ ਦੀ ਸਜ਼ਾ ਵੀ ਹੋ ਸਕਦੀ ਹੈ ਪਰ ਰਿਪੋਰਟ ਦਰਜ ਕਰਨ ਮਗਰੋਂ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ।
ਮੁਕੱਦਮੇ ਦੀਆਂ ਧਰਾਵਾਂ 'ਤੇ
147 : ਹਿੰਸਾ, 2 ਸਾਲ ਤਕ ਦੀ ਕੈਦ
148 : ਹਥਿਆਰਾਂ ਨਾਲ ਹਿੰਸਾ, 3 ਸਾਲ ਤਕ ਦੀ ਕੈਦ
149 : ਗਰੁੱਪ ਵੱਲੋਂ ਹਿੰਸਾ - ਹਿੰਸਾ 'ਚ ਸ਼ਮੂਲੀਅਤ
179 : ਜਨਤਕ ਸੜਕ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣਾ, 1 ਸਾਲ ਤਕ ਕੈਦ
338 : ਗੰਭੀਰ ਸੱਟ ਪਹੁੰਚਾਉਣਾ, 2 ਸਾਲ ਤਕ ਦੀ ਕੈਦ
304 ਏ : ਗੈਰ-ਇਰਾਦਤਨ ਹੱਤਿਆ, 2 ਸਾਲ ਤਕ ਦੀ ਕੈਦ
302 : ਹੱਤਿਆ, ਮੌਤ ਦੀ ਸਜ਼ਾ ਜਾਂ ਉਮਰ ਕੈਦ
120 ਬੀ : ਸਾਜ਼ਿਸ਼ 'ਚ ਸ਼ਾਮਲ ਹੋਣਾ, ਅਪਰਾਧ ਕਰਨ ਵਾਲੇ ਦੇ ਬਰਾਬਰ ਸਜ਼ਾ
ਕਾਨੂੰਨਾਂ ਮਾਹਿਰਾਂ ਦਾ ਮੰਨਣਾ ਹੈ ਕਿ ਪੁਲਿਸ ਜੇ ਚਾਹੇ ਤਾਂ ਇਸ ਮਾਮਲੇ 'ਚ ਗ੍ਰਿਫ਼ਤਾਰੀਆਂ ਕਰ ਸਕਦੀ ਹੈ ਪਰ ਮਾਮਲਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਨਾਲ ਜੁੜਿਆ ਹੋਇਆ ਹੈ, ਇਸ ਲਈ ਪੁਲਿਸ ਸੋਚ-ਸੋਚ ਕੇ ਕਦਮ ਚੁੱਕ ਰਹੀ ਹੈ। ਇਹ ਗੱਲ ਵੀ ਸਮਝ 'ਚ ਆਉਂਦੀ ਹੈ, ਕਿਉਂਕਿ ਇਸ ਮਾਮਲੇ ਦੇ ਦੂਰਗਾਮੀ ਨਤੀਜੇ ਸਾਹਮਣੇ ਆਉਣਗੇ।