Lawrence Gang: ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨੇ ਜਾਣ ਮਗਰੋਂ ਹੁਣ ਹੋਏਗਾ ਸਖਤ ਐਕਸ਼ਨ, ਗੈਂਗ ਦੇ ਹਮਾਇਤੀਆਂ ਦੀ ਵੀ ਸ਼ਾਮਤ
ਕੈਨੇਡੀਅਨ ਸਰਕਾਰ ਨੇ ਭਾਰਤ ਵਿੱਚ ਐਕਟਿਵ ਲਾਰੈਂਸ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਇਹ ਗੈਂਗ ਨਾ ਸਿਰਫ਼ ਭਾਰਤ ਵਿੱਚ ਸਗੋਂ ਕੈਨੇਡਾ ਤੇ ਹੋਰ ਮੁਲਕਾਂ ਵਿੱਚ ਵੀ ਅਪਰਾਧ ਕਰ ਰਿਹਾ ਹੈ।

Canada Government Banned Lawrence Gang: ਕੈਨੇਡੀਅਨ ਸਰਕਾਰ ਨੇ ਭਾਰਤ ਵਿੱਚ ਐਕਟਿਵ ਲਾਰੈਂਸ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਇਹ ਗੈਂਗ ਨਾ ਸਿਰਫ਼ ਭਾਰਤ ਵਿੱਚ ਸਗੋਂ ਕੈਨੇਡਾ ਤੇ ਹੋਰ ਮੁਲਕਾਂ ਵਿੱਚ ਵੀ ਅਪਰਾਧ ਕਰ ਰਿਹਾ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਹਿੰਸਾ ਤੇ ਅੱਤਵਾਦ ਦੀ ਕੈਨੇਡਾ ਵਿੱਚ ਕੋਈ ਥਾਂ ਨਹੀਂ। ਖਾਸ ਕਰਕੇ ਉਹ ਅਪਰਾਧ ਜੋ ਕਿਸੇ ਖਾਸ ਭਾਈਚਾਰੇ ਨੂੰ ਡਰਾਉਣ-ਧਮਕਾਉਣ ਦੇ ਉਦੇਸ਼ ਨਾਲ ਕੀਤੇ ਜਾਂਦੇ ਹਨ। ਇਸ ਲਈ ਲਾਰੈਂਸ ਗੈਂਗ ਨੂੰ ਕੈਨੇਡਾ ਦੇ ਅਪਰਾਧਿਕ ਜ਼ਾਬਤੇ ਤਹਿਤ ਅੱਤਵਾਦੀ ਸੰਗਠਨ ਐਲਾਨਿਆ ਗਿਆ ਹੈ।
ਹੁਣ ਸਵਾਲ ਉੱਠਦਾ ਹੈ ਕਿ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨ ਦੇਣ ਨਾਲ ਕੀ ਹੋਏਗਾ। ਮਾਹਿਰਾਂ ਮੁਤਾਬਕ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨੇ ਜਾਣ ਮਗਰੋਂ ਹੁਣ ਹੋਰ ਸਖਤ ਕਾਰਵਾਈ ਹੋ ਸਕੇਗੀ। ਇਸ ਨਾਲ ਕੈਨੇਡਾ ਵਿੱਚ ਗੈਂਗ ਦੀ ਮਾਲਕੀ ਵਾਲੀ ਕੋਈ ਵੀ ਜਾਇਦਾਦ, ਵਾਹਨ ਜਾਂ ਪੈਸਾ ਫ੍ਰੀਜ਼ ਜਾਂ ਜ਼ਬਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੈਨੇਡੀਅਨ ਏਜੰਸੀਆਂ ਨੂੰ ਗੈਂਗ ਦੀ ਵਿੱਤੀ ਸਹਾਇਤਾ, ਯਾਤਰਾ ਤੇ ਭਰਤੀ ਨਾਲ ਜੁੜੇ ਅਪਰਾਧਾਂ ਵਿਰੁੱਧ ਕਾਰਵਾਈ ਕਰਨ ਦਾ ਵੀ ਅਧਿਕਾਰ ਮਿਲ ਗਿਆ ਹੈ।
ਇਸ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨੇ ਜਾਣ ਨਾਲ ਜੇਕਰ ਕੋਈ ਵਿਅਕਤੀ ਲਾਰੈਂਸ ਗੈਂਗ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਜਾਇਦਾਦ ਪ੍ਰਦਾਨ ਕਰਦਾ ਹੈ ਤਾਂ ਉਸ ਨੂੰ ਵੀ ਅਪਰਾਧ ਮੰਨਿਆ ਜਾਵੇਗਾ। ਗੈਂਗ ਨਾਲ ਜੁੜੇ ਲੋਕਾਂ ਦੀ ਕੈਨੇਡਾ ਵਿੱਚ ਐਂਟਰੀ ਮੁਸ਼ਕਲ ਹੋਵੇਗੀ। ਸਰਕਾਰ ਅਨੁਸਾਰ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਸੁਰੱਖਿਆ ਐਕਟ ਤਹਿਤ ਐਂਟਰੀ ਦੇ ਫੈਸਲੇ ਲੈਂਦੇ ਸਮੇਂ ਵੀ ਅਧਿਕਾਰੀ ਇਸ ਫੈਸਲੇ ਨੂੰ ਧਿਆਨ ਵਿੱਚ ਰੱਖਣਗੇ।
ਕੈਨੇਡਾ ਸਰਕਾਰ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਹੈ ਜੋ ਮੁੱਖ ਤੌਰ 'ਤੇ ਭਾਰਤ ਵਿੱਚ ਐਕਟਿਵ ਹੈ। ਇਸ ਸੰਗਠਨ ਦੀ ਕੈਨੇਡਾ ਵਿੱਚ ਵੀ ਮੌਜੂਦਗੀ ਹੈ, ਖਾਸ ਕਰਕੇ ਵੱਡੇ ਪ੍ਰਵਾਸੀ ਭਾਈਚਾਰਿਆਂ ਵਾਲੇ ਖੇਤਰਾਂ ਵਿੱਚ। ਇਹ ਗੈਂਗ ਕਤਲ, ਗੋਲੀਬਾਰੀ ਤੇ ਅੱਗਜ਼ਨੀ ਵਰਗੇ ਅਪਰਾਧ ਕਰਦਾ ਹੈ, ਧਮਕੀਆਂ ਤੇ ਜਬਰੀ ਵਸੂਲੀ ਰਾਹੀਂ ਦਹਿਸ਼ਤ ਫੈਲਾਉਂਦਾ ਹੈ। ਇਹ ਭਾਈਚਾਰਿਆਂ ਵਿੱਚ ਅਸੁਰੱਖਿਆ ਦਾ ਮਾਹੌਲ ਪੈਦਾ ਕਰਦਾ ਹੈ। ਖਾਸ ਤੌਰ 'ਤੇ ਇਹ ਮਹੱਤਵਪੂਰਨ ਸਮਾਜਿਕ ਸਥਿਤੀ ਵਾਲੇ ਵਿਅਕਤੀਆਂ, ਕਾਰੋਬਾਰੀਆਂ ਤੇ ਸੱਭਿਆਚਾਰਕ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ।
ਦੱਸ ਦਈਏ ਕਿ 11 ਅਗਸਤ ਨੂੰ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਸ਼ੈਡੋ ਪਬਲਿਕ ਸੇਫਟੀ ਮੰਤਰੀ ਫਰੈਂਕ ਕੈਪੂਟੋ ਨੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੂੰ ਇੱਕ ਪੱਤਰ ਲਿਖ ਕੇ ਰਸਮੀ ਤੌਰ 'ਤੇ ਇਹ ਮੰਗ ਉਠਾਈ ਸੀ। ਕੈਪੂਟੋ ਨੇ ਪੱਤਰ ਵਿੱਚ ਕਿਹਾ ਕਿ ਲਾਰੈਂਸ ਗੈਂਗ ਦੀਆਂ ਗਤੀਵਿਧੀਆਂ ਇਸ ਨੂੰ ਇੱਕ ਅੱਤਵਾਦੀ ਸੰਗਠਨ ਨਾਮਜ਼ਦ ਕਰਨ ਲਈ ਕਾਫ਼ੀ ਆਧਾਰ ਪ੍ਰਦਾਨ ਕਰਦੀਆਂ ਹਨ। ਇਸ ਗੈਂਗ ਨੇ ਕੈਨੇਡਾ ਤੇ ਵਿਦੇਸ਼ਾਂ ਵਿੱਚ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਹੈ। ਇਸ ਦੀਆਂ ਗਤੀਵਿਧੀਆਂ ਵਿੱਚ ਰਾਜਨੀਤਕ ਗੋਲੀਬਾਰੀ, ਦੱਖਣੀ ਏਸ਼ਿਆਈ ਕੈਨੇਡੀਅਨ ਨਾਗਰਿਕਾਂ ਤੋਂ ਜਬਰੀ ਵਸੂਲੀ ਤੇ ਹਿੰਸਾ ਵਰਗੇ ਗੰਭੀਰ ਅਪਰਾਧ ਸ਼ਾਮਲ ਹਨ।
ਕੈਪੂਟੋ ਨੇ ਸਪੱਸ਼ਟ ਕੀਤਾ ਕਿ ਇਹ ਗੈਂਗ ਅਪਰਾਧਿਕ ਗਤੀਵਿਧੀਆਂ ਤੱਕ ਸੀਮਤ ਨਹੀਂ ਸਗੋਂ ਰਾਜਨੀਤਕ, ਧਾਰਮਿਕ ਤੇ ਵਿਚਾਰਧਾਰਕ ਕਾਰਨਾਂ ਕਰਕੇ ਵੀ ਹਿੰਸਾ ਕਰਦਾ ਹੈ। ਗੈਂਗ ਦੇ ਮੈਂਬਰ ਸੰਭਾਵੀ ਟਾਰਗੇਟ ਤੇ ਭਾਈਚਾਰਿਆਂ ਨੂੰ ਡਰਾਉਣ ਲਈ ਇਨ੍ਹਾਂ ਕਾਰਵਾਈਆਂ ਨੂੰ ਖੁੱਲ੍ਹ ਕੇ ਜਾਇਜ਼ ਠਹਿਰਾਉਂਦੇ ਹਨ। ਇਸ ਪੱਤਰ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ, ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ, ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਸਰੀ ਦੇ ਮੇਅਰ ਬ੍ਰੈਂਡਾ ਲੌਕ ਸਮੇਤ ਕਈ ਨੇਤਾਵਾਂ ਨੇ ਵੀ ਇਸ ਮੰਗ ਦਾ ਸਮਰਥਨ ਕੀਤਾ। ਇਸ ਦਬਾਅ ਕੈਨੇਡੀਅਨ ਸਰਕਾਰ ਨੇ ਹੁਣ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ।






















