ਕੋਰੋਨਾ ਨਾਲ ਵਿਗੜਦੇ ਹਾਲਾਤ ਦਰਮਿਆਨ ਲੌਕਡਾਊਨ 'ਤੇ ਫੈਸਲਾ ਅੱਜ, 11 ਵਜੇ ਹੋਵੇਗੀ ਬੈਠਕ
ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਐਤਵਾਰ ਕਿਹਾ ਕਿ ਸੂਬੇ 'ਚ ਲੌਕਡਾਊਨ ਲਾਉਣ ਦੇ ਸੰਦਰਭ 'ਚ ਉੱਚਿਤ ਫੈਸਲਾ 14 ਅਪ੍ਰੈਲ ਤੋਂ ਬਾਅਦ ਲਿਆ ਜਾਵੇਗਾ।
ਮੁੰਬਈ: ਮਹਾਰਾਸ਼ਟਰ 'ਚ ਲਗਾਤਾਰ ਵਧਦੇ ਕੋਰੋਨਾ ਮਾਮਲਿਆਂ ਨੂੰ ਲੈਕੇ ਮੁੱਖ ਮੰਤਰੀ ਊਧਵ ਠਾਕਰੇ ਅੱਜ ਲੌਕਡਾਊਨ ਬਾਰੇ ਵੱਡਾ ਫੈਸਲਾ ਲੈ ਸਕਦੇ ਹਨ। ਮੁੱਖ ਮੰਤਰੀ ਠਾਕਰੇ ਅੱਜ ਡਿਪਟੀ ਸੀਐਮ ਅਜਿਤ ਠਾਕਰੇ ਨਾਲ ਬੈਠਕ ਕਰਕੇ ਲੌਕਡਾਊਨ ਤੇ ਫੈਸਲਾ ਲੈਣਗੇ। ਸੀਐਮ ਊਧਵ ਠਾਕਰੇ ਤੇ ਡਿਪਟੀ ਸੀਐਮ ਅਜਿਤ ਪਵਾਰ ਦੇ ਵਿਚ ਇਹ ਬੈਠਕ 11 ਵਜੇ ਹੋਵੇਗੀ।
ਊਧਵ ਠਾਕਰੇ ਇਕ ਹਫਤੇ ਦੇ ਲੌਕਡਾਊ ਦੇ ਸਮਰਥਨ 'ਚ ਹਨ। ਉਨ੍ਹਾਂ ਕੋਵਿਡ-19 ਮਾਮਲਿਆਂ ਦੇ ਤੇਜ਼ੀ ਨਾਲ ਵਧਣ ਦੀ ਭਿਆਨਕ ਸਥਿਤੀ ਨੂੰ ਦੇਖਦਿਆਂ ਸ਼ਨੀਵਾਰ ਸਖਤ ਲੌਕਡਾਊਨ ਲਾਉਣ ਦੇ ਸੰਕੇਤ ਦਿੱਤੇ ਸਨ। ਸੂਬਾ ਸਰਕਾਰ ਨੇ ਪਿਛਲੇ ਹਫਤੇ ਕੁਝ ਪਾਬੰਦੀਆਂ ਦਾ ਐਲਾਨ ਕੀਤਾ ਸੀ ਜਿੰਨ੍ਹਾਂ ਹਫਤੇ ਦੇ ਆਖਰੀ ਦੋ ਦਿਨ ਲੌਕਡਾਊਨ, ਨਾਈਟ ਕਰਫਿਊ ਆਦਿ ਸ਼ਾਮਲ ਹੈ। ਇਹ ਪਾਬੰਦੀਆਂ 30 ਅਪ੍ਰੈਲ ਤਕ ਜਾਰੀ ਰਹਿਣਗੀਆਂ।
ਟਾਸਕ ਫੋਰਸ ਨਾਲ ਮੰਨਿਆ ਲੌਕਡਾਊ ਦੀ ਲੋੜ- ਸਿਹਤ ਮੰਤਰੀ
ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਐਤਵਾਰ ਕਿਹਾ ਕਿ ਸੂਬੇ 'ਚ ਲੌਕਡਾਊਨ ਲਾਉਣ ਦੇ ਸੰਦਰਭ 'ਚ ਉੱਚਿਤ ਫੈਸਲਾ 14 ਅਪ੍ਰੈਲ ਤੋਂ ਬਾਅਦ ਲਿਆ ਜਾਵੇਗਾ। ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ 'ਚ ਹੋਈ ਟਾਸਕ ਫੋਰਸ ਦੀ ਡਿਜੀਟਲ ਬੈਠਕ 'ਚ ਲੌਕਡਾਊਨ ਲਾਉਣ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ।
ਟੋਪੇ ਨੇ ਕਿਹਾ, 'ਅੱਜ ਦੀ ਬੈਠਕ 'ਚ ਲੌਕਡਾਊਨ ਦੀ ਮਿਆਦ ਤੇ ਇਸ ਨਾਲ ਹੋਣ ਵਾਲੀ ਆਰਥਿਕ ਗਿਰਾਵਟ ਨਾਲ ਕਿਵੇਂ ਨਜਿੱਠਣਾ ਹੈ ਇਸ 'ਤੇ ਚਰਚਾ ਹੋਈ। ਟਾਸਕ ਫੋਰਸ ਦਾ ਇਹ ਮੰਨਣਾ ਹੈ ਕਿ ਸੂਬੇ 'ਚ ਕੋਰੋਨਾ ਵਾਇਰਸ ਦੇ ਹਾਲਾਤ ਅਜਿਹੇ ਹਨ ਕਿ ਲੌਕਡਾਊਨ ਦੀ ਲੋੜ ਹੈ।'
ਲੌਕਡਾਊਨ ਨੂੰ ਲੈਕੇ ਵਿਰੋਧੀ ਧਿਰ ਸਰਕਾਰ 'ਤੇ ਹਮਲਾਵਰ
ਇਕ ਪਾਸੇ ਜਿੱਥੇ ਮਹਾਰਾਸ਼ਟਰ ਸਰਕਾਰ ਲੌਕਡਾਊਨ 'ਤੇ ਵਿਚਾਰ ਕਰ ਰਹੀ ਹੈ ਤਾਂ ਉੱਥੇ ਹੀ ਲੌਕਡਾਊਨ ਨੂੰ ਲੈਕੇ ਕੋਈ ਫੈਸਲਾ ਨਾ ਲੈ ਪਾਉਣ 'ਤੇ ਵਿਰੋਧੀਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਮਹਾਰਾਸ਼ਟਰ 'ਚ ਵਿਰੋਧੀਆਂ ਦੇ ਲੀਡਰ ਪ੍ਰਵੀਣ ਦਰੇਕਰ ਨੇ ਕਿਹਾ, 'ਚਿੰਤਾ ਇਹ ਹੈ ਕਿ ਲਗਾਤਾਰ ਵਧਦੇ ਮਾਮਲਿਆਂ ਦੇ ਬਾਵਜੂਦ ਲੋਕ ਮੰਨਣ ਨੂੰ ਤਿਆਰ ਨਹੀਂ। ਦੋ ਦਿਨ ਦੇ ਵੀਕੈਂਡ ਲੌਕਡਾਊਨ ਦੇ ਬਾਵਜੂਦ ਐਤਵਾਰ ਮੁੰਬਈ ਦੇ ਦਾਦਰ 'ਚ ਭਾਰੀ ਭੀੜ ਇਕੱਠੀ ਹੋਈ।'
ਮਹਾਰਾਸ਼ਟਰ 'ਚ ਕੋਰੋਨਾ ਦੇ ਅੰਕੜੇ
ਮਹਾਰਾਸ਼ਟਰ 'ਚ ਕੋਰੋਨਾ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਬੇਹੱਦ ਡਰਾਉਣ ਵਾਲੇ ਹਨ। ਪਿਛਲੇ 24 ਘੰਟਿਆਂ 'ਚ ਮਹਾਰਾਸ਼ਟਰ 'ਚ ਕੋਰੋਨਾ ਦੇ 63,294 ਨਵੇਂ ਕੇਸ ਸਾਹਮਣੇ ਆਏ ਹਨ ਤੇ 349 ਲੋਕਾਂ ਦੀ ਮੌਤ ਹੋ ਗਈ। ਮਹਾਰਾਸ਼ਟਰ 'ਚ ਇਕ ਦਿਨ 'ਚ ਕੋਰੋਨਾ ਮਰੀਜ਼ਾਂ ਦਾ ਇਹ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਹੈ। ਸੂਬੇ 'ਚ ਹੁਣ ਤਕ ਕੋਰੋਨਾ ਦੇ 34,07,245 ਮਰੀਜ਼ ਪਾਏ ਗਏ ਹਨ।