ਮਹਾਰਾਸ਼ਟਰ 'ਚ ਸਿਆਸੀ ਘਮਸਾਣ: ਰਾਜਪਾਲ ਨੂੰ ਮਿਲਣਗੇ ਬੀਜੇਪੀ ਲੀਡਰ, ਊਧਵ ਠਾਕਰੇ ਤੋਂ ਰਿਪੋਰਟ ਮੰਗ ਸਕਦੇ ਗਵਰਨਰ
ਟ੍ਰਾਂਸਫਰ ਪੋਸਟਿੰਗ ਵਿਵਾਦ ਨੂੰ ਲੈਕੇ ਦੇਵੇਂਦਰ ਫਡਨਵੀਸ ਨੇ ਕੱਲ੍ਹ ਦਿੱਲੀ 'ਚ ਕੇਂਦਰੀ ਗ੍ਰਹਿ ਸਕੱਤਰ ਨਾਲ ਮੁਲਾਕਾਤ ਕੀਤੀ ਤੇ ਮਹਾਰਾਸ਼ਟਰ ਪੁਲਿਸ 'ਚ ਤਬਾਦਲਿਆਂ ਸਬੰਧੀ ਕਥਿਤ ਭ੍ਰਿਸ਼ਟਾਚਾਰ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ।
ਮੁੰਬਈ: ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਏਂਟੀਲਿਆ ਦੇ ਬਾਹਰ ਐਸਯੂਵੀ 'ਚੋਂ ਵਿਸਫੋਟਕ ਮਿਲਣ ਦੇ ਮਾਮਲੇ ਤੋਂ ਬਾਅਦ ਮਹਾਰਾਸ਼ਟਰ 'ਚ ਹੁਣ ਸਿਆਸੀ ਘਮਸਾਣ ਮੱਚਿਆ ਹੋਇਆ ਹੈ। ਟ੍ਰਾਂਸਫਰ ਪੋਸਟਿੰਗ ਵਿਵਾਦ 'ਚ ਹੁਣ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਬੀਜੇਪੀ ਦੇ ਕਈ ਵੱਡੇ ਲੀਡਰਾਂ ਦਾ ਦਲ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲੇਗਾ।ਸੂਤਰਾਂ ਮੁਤਾਬਕ ਰਾਜਪਾਲ ਪੂਰੇ ਮਾਮਲੇ ਦੀ ਰਿਪੋਰਟ ਮੁੱਖ ਮੰਤਰੀ ਤੋਂ ਮੰਗ ਸਕਦੇ ਹਨ। ਇਸ ਤੋਂ ਪਹਿਲਾਂ ਕੱਲ੍ਹ ਸ਼ਾਮ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ 'ਤੇ ਮੁਲਾਕਾਤ ਕੀਤੀ ਸੀ।
ਟ੍ਰਾਂਸਫਰ ਪੋਸਟਿੰਗ ਵਿਵਾਦ ਦੀ ਜਾਂਚ CBI ਤੋਂ ਕਰਾਈ ਜਾਵੇ- ਫਡਨਵੀਸ
ਟ੍ਰਾਂਸਫਰ ਪੋਸਟਿੰਗ ਵਿਵਾਦ ਨੂੰ ਲੈਕੇ ਦੇਵੇਂਦਰ ਫਡਨਵੀਸ ਨੇ ਕੱਲ੍ਹ ਦਿੱਲੀ 'ਚ ਕੇਂਦਰੀ ਗ੍ਰਹਿ ਸਕੱਤਰ ਨਾਲ ਮੁਲਾਕਾਤ ਕੀਤੀ ਤੇ ਮਹਾਰਾਸ਼ਟਰ ਪੁਲਿਸ 'ਚ ਤਬਾਦਲਿਆਂ ਸਬੰਧੀ ਕਥਿਤ ਭ੍ਰਿਸ਼ਟਾਚਾਰ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ, 'ਕੇਂਦਰੀ ਗ੍ਰਹਿ ਸਕੱਤਰ ਨੇ ਮੈਨੂੰ ਕਿਹਾ ਕਿ ਉਹ ਦਸਤਾਵੇਜ਼ਾਂ ਤੇ ਸਬੂਤ ਦੀ ਪੜਤਾਲ ਕਰਨਗੇ ਤੇ ਕੇਂਦਰ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ ਜੋ ਉਚਿੱਤ ਕਾਰਵਾਈ ਕਰੇਗੀ।'
ਦੇਵੇਂਦਰ ਫਡਨਵੀਸ ਨੇ ਦਾਅਵਾ ਕੀਤਾ ਸੀ ਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਵਸੂਲੀ ਸਬੰਧੀ ਇਲਜ਼ਾਮ ਲਾਏ ਜਾਣ ਮਗਰੋਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਜਾਂਚ ਵਿਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਦੇ ਕੰਮ ਬਾਰੇ ਐਨਸੀਪੀ ਮੁਖੀ ਸ਼ਰਦ ਪਵਾਰ ਨੂੰ ਸਹੀ ਸੂਚਨਾ ਨਹੀਂ ਦਿੱਤੀ ਗਈ।
ਪਰਮਬੀਰ ਸਿੰਘ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ
ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਤੇ ਗੈਰਕਾਨੂੰਨੀ ਵਸੂਲੀ ਦਾ ਇਲਜ਼ਾਮ ਲਾਉਂਦਿਆਂ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਰਮਬੀਰ ਸਿੰਘ ਨੇ ਖੁਦ ਦੇ ਟ੍ਰਾਂਸਫਰ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਜੇਕਰ ਸੁਪਰੀਮ ਕੋਰਟ ਪਰਮਬੀਰ ਸਿੰਘ ਦੇ ਟ੍ਰਾਂਸਫਰ 'ਤੇ ਰੋਕ ਲਾ ਦਿੰਦੀ ਹੈ ਤਾਂ ਇਸ ਨਾਲ ਮਹਾਰਾਸ਼ਟਰ ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।