Coal Crisis in India: ਭਾਰਤ 'ਚ ਡੂੰਘਾ ਹੋ ਰਿਹਾ ਕੋਲਾ ਸੰਕਟ, ਲਗਭਗ 30% ਥਰਮਲ ਪਲਾਂਟਾਂ ਵਿੱਚ ਬਚਿਆ ਸਿਰਫ 10% ਤੋਂ ਘੱਟ ਕੋਲੇ ਦਾ ਭੰਡਾਰ
Coal Crisis: ਦੇਸ਼ ਵਿੱਚ ਕੋਲੇ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਬਿਜਲੀ ਦੀ ਮੰਗ ਵਧ ਰਹੀ ਹੈ ਪਰ ਕੋਲੇ ਦੀ ਕਮੀ ਕਾਰਨ ਬਿਜਲੀ ਉਤਪਾਦਨ ਵਿੱਚ ਰੁਕਾਵਟ ਆ ਰਹੀ ਹੈ।
ਨਵੀਂ ਦਿੱਲੀ: ਦੇਸ਼ ਦੇ ਕਈ ਵੱਡੇ ਥਰਮਲ ਪਾਵਰ ਪਲਾਂਟਸ (Thermal Power Plants) ਕੋਲੇ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕੇਂਦਰੀ ਬਿਜਲੀ ਅਥਾਰਟੀ ਦੀ ਤਾਜ਼ਾ ਰਿਪੋਰਟ ਮੁਤਾਬਕ 19 ਅਪ੍ਰੈਲ, 2022 ਤੱਕ ਦੇਸ਼ ਦੇ ਲਗਪਗ 30% ਥਰਮਲ ਪਾਵਰ ਪਲਾਂਟਸ 'ਚ 10% ਜਾਂ ਇਸ ਤੋਂ ਘੱਟ ਕੋਲੇ ਦਾ ਸਟਾਕ ਬਚਿਆ ਸੀ। ਇਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮੰਗ ਵਧਣ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਦੇਸ਼ ਵਿੱਚ ਕੋਲੇ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਬਿਜਲੀ ਦੀ ਮੰਗ ਵਧ ਰਹੀ ਹੈ ਪਰ ਕੋਲੇ ਦੀ ਕਮੀ ਕਾਰਨ ਬਿਜਲੀ ਉਤਪਾਦਨ ਵਿੱਚ ਰੁਕਾਵਟ ਆ ਰਹੀ ਹੈ।
ਕੇਂਦਰੀ ਬਿਜਲੀ ਅਥਾਰਟੀ ਦੀ ਤਾਜ਼ਾ ਰੋਜ਼ਾਨਾ ਕੋਲਾ ਸਟਾਕ ਰਿਪੋਰਟ ਮੁਤਾਬਕ, 19 ਅਪ੍ਰੈਲ 2022 ਤੱਕ ਦੇਸ਼ ਦੇ 164 ਵੱਡੇ ਥਰਮਲ ਪਾਵਰ ਪਲਾਂਟਸ ਚੋਂ, 27 ਥਰਮਲ ਪਾਵਰ ਪਲਾਂਟਾਂ ਵਿੱਚ ਸਿਰਫ 0% ਤੋਂ 5% ਕੋਲੇ ਦਾ ਸਟਾਕ ਬਚਿਆ ਸੀ, ਜਦੋਂ ਕਿ 21 ਥਰਮਲ ਪਲਾਂਟਸ 'ਚ ਕੋਲੇ ਦਾ ਸਟਾਕ 6% ਤੋਂ 10% ਤੱਕ ਸਟਾਕ ਬਚਿਆ ਸੀ। ਯਾਨੀ ਦੇਸ਼ ਦੇ 164 ਵੱਡੇ ਥਰਮਲ ਪਾਵਰ ਪਲਾਂਟਾਂ ਚੋਂ 48 ਯਾਨੀ 29.26% ਕੋਲ 10% ਜਾਂ ਇਸ ਤੋਂ ਘੱਟ ਕੋਲੇ ਦਾ ਸਟਾਕ ਬਚਿਆ ਸੀ।
ਸਪੱਸ਼ਟ ਹੈ ਕਿ ਕੋਲੇ ਦਾ ਸੰਕਟ ਵਧ ਰਿਹਾ ਹੈ ਅਤੇ ਇਸ ਨਾਲ ਨਜਿੱਠਣ ਦੀ ਚੁਣੌਤੀ ਵੀ ਹੈ। ਕੋਲੇ ਦਾ ਸੰਕਟ ਅਜਿਹੇ ਸਮੇਂ ਵਿੱਚ ਪੈਦਾ ਹੋਇਆ ਹੈ ਜਦੋਂ ਦੇਸ਼ ਵਿੱਚ ਵਧਦੀ ਗਰਮੀ ਅਤੇ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਬਿਜਲੀ ਦੀ ਮੰਗ ਵੀ ਵੱਧ ਰਹੀ ਹੈ। ਕੋਲਾ ਮੰਤਰਾਲੇ ਮੁਤਾਬਕ ਕੋਲੇ ਦੀ ਦਰਾਮਦ 'ਚ ਕਮੀ ਕੋਲਾ ਸੰਕਟ ਦਾ ਸਭ ਤੋਂ ਵੱਡਾ ਕਾਰਨ ਹੈ।
ਕੋਲਾ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਲੇ ਦੀ ਕੁੱਲ ਲੋੜ ਦਾ 20% ਤੋਂ ਥੋੜ੍ਹਾ ਵੱਧ ਆਸਟਰੇਲੀਆ ਅਤੇ ਹੋਰ ਦੇਸ਼ਾਂ ਤੋਂ ਆਯਾਤ ਰਾਹੀਂ ਪੂਰਾ ਕੀਤਾ ਜਾਂਦਾ ਹੈ। ਹਾਲ ਹੀ ਦੇ ਮਹੀਨਿਆਂ ਵਿਚ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੋਲਾ ਹੋਰ ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਕੋਲਾ ਦਰਾਮਦਕਾਰਾਂ ਨੇ ਦਰਾਮਦ ਘਟਾ ਦਿੱਤੀ। ਹਾਲਾਂਕਿ, ਹਾਲ ਹੀ ਦੇ ਸਮੇਂ ਵਿੱਚ ਕੋਲ ਇੰਡੀਆ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਨੇ ਕੋਲੇ ਦੇ ਉਤਪਾਦਨ ਵਿੱਚ ਵਾਧਾ ਕੀਤਾ ਹੈ।
ਬੁੱਧਵਾਰ ਨੂੰ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵੀਟ ਕੀਤਾ, 'ਕੋਲ ਇੰਡੀਆ ਲਿਮਟਿਡ ਅਤੇ ਹੋਰ ਕੈਪਟਿਵ ਬਲਾਕਾਂ ਕੋਲ 72 ਮੀਟ੍ਰਿਕ ਟਨ ਕੋਲੇ ਦਾ ਸਟਾਕ ਉਪਲਬਧ ਹੈ। ਅਪ੍ਰੈਲ ਮਹੀਨੇ ਵਿੱਚ ਹੀ ਕੋਲੇ ਦੀ ਪੈਦਾਵਾਰ ਵਿੱਚ 27% ਦਾ ਵਾਧਾ ਹੋਇਆ ਹੈ ਅਤੇ ਥਰਮਲ ਪਲਾਂਟਸ ਦੀ ਸਪਲਾਈ ਵਿੱਚ ਪਿਛਲੇ ਸਾਲ ਦੇ ਮੁਕਾਬਲੇ 14% ਦਾ ਵਾਧਾ ਹੋਇਆ ਹੈ। ਪਰ ਇਸ ਦੇ ਬਾਵਜੂਦ ਕੋਲੇ ਦੀ ਦਰਾਮਦ ਵਿੱਚ ਆਈ ਕਮੀ ਪੂਰੀ ਨਹੀਂ ਹੋ ਰਹੀ। ਜ਼ਾਹਿਰ ਹੈ ਕਿ ਕੋਲੇ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਸਰਕਾਰ ਲਈ ਇਸ ਨਾਲ ਨਜਿੱਠਣਾ ਆਸਾਨ ਨਹੀਂ ਹੋਵੇਗਾ।