Mann Ki Baat:PM ਮੋਦੀ ਬੋਲੇ, ਤਕਨਾਲੋਜੀ ਨੇ ਜ਼ਿੰਦਗੀ ਬਦਲੀ, ਪਿੰਡਾਂ ਤੇ ਛੋਟੇ ਕਸਬਿਆਂ 'ਚ ਲੋਕ ਕਰ ਰਹੇ ਡਿਜੀਟਲ ਪੇਮੈਂਟ
ਪੀਐਮ ਮੋਦੀ ਨੇ 'ਮਨ ਕੀ ਬਾਤ' 'ਚ ਕਿਹਾ ਕਿ ਦੇਸ਼ ਨੂੰ ਨਵਾਂ ਮਿਊਜ਼ੀਅਮ ਮਿਲਿਆ ਹੈ। ਪੀਐਮ ਮਿਊਜ਼ੀਅਮ ਤੋਂ ਪ੍ਰਧਾਨ ਮੰਤਰੀਆਂ ਨਾਲ ਜੁੜੀਆਂ ਦਿਲਚਸਪ ਜਾਣਕਾਰੀਆਂ ਮਿਲ ਰਹੀਆਂ ਹਨ।
Mann Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ 24 ਅਪ੍ਰੈਲ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਤਹਿਤ ਦੇਸ਼ ਨੂੰ ਸੰਬੋਧਨ ਕੀਤਾ। ਇਹ ਮਾਸਿਕ ਰੇਡੀਓ ਪ੍ਰੋਗਰਾਮ ਦਾ 88ਵਾਂ ਐਪੀਸੋਡ ਹੈ। "ਮਨ ਕੀ ਬਾਤ" ਪ੍ਰਧਾਨ ਮੰਤਰੀ ਦਾ ਮਹੀਨਾਵਾਰ ਰੇਡੀਓ ਸੰਬੋਧਨ ਹੈ, ਜੋ ਹਰ ਮਹੀਨੇ ਦੇ ਆਖਰੀ ਐਤਵਾਰ ਸਵੇਰੇ 11 ਵਜੇ ਪ੍ਰਸਾਰਿਤ ਹੁੰਦਾ ਹੈ।
ਇੱਕ ਹਫਤਾ ਪਹਿਲਾਂ ਬੀਤੇ ਐਤਵਾਰ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਦੇ ਆਖਰੀ ਐਪੀਸੋਡ 'ਤੇ ਅਧਾਰਤ ਇੱਕ ਮੈਗਜ਼ੀਨ ਸਾਂਝਾ ਕੀਤਾ ਸੀ। ਪ੍ਰਧਾਨ ਮੰਤਰੀ ਨੇ ਅੱਜ ਦੇ ਆਪਣੇ ਮਾਸਿਕ ਰੇਡੀਓ ਸੰਬੋਧਨ ਵਿੱਚ ਲੋਕਾਂ ਨੂੰ ਹਿੱਸਾ ਲੈਣ ਲਈ ਵੀ ਆਖਿਆ ਸੀ। ਆਓ, ਜਾਣਦੇ ਹਾਂ ਅੱਜ ਉਨ੍ਹਾਂ ਕੀ-ਕੀ ਕਿਹਾ।
ਪੀਐਮ ਮੋਦੀ ਨੇ 'ਮਨ ਕੀ ਬਾਤ' 'ਚ ਕਿਹਾ ਕਿ ਦੇਸ਼ ਨੂੰ ਨਵਾਂ ਮਿਊਜ਼ੀਅਮ ਮਿਲਿਆ ਹੈ। ਪੀਐਮ ਮਿਊਜ਼ੀਅਮ ਤੋਂ ਪ੍ਰਧਾਨ ਮੰਤਰੀਆਂ ਨਾਲ ਜੁੜੀਆਂ ਦਿਲਚਸਪ ਜਾਣਕਾਰੀਆਂ ਮਿਲ ਰਹੀਆਂ ਹਨ। ਇਸ ਨਾਲ ਇਤਿਹਾਸ ਬਾਰੇ ਲੋਕਾਂ ਦੀ ਰੁਚੀ ਵਧੀ ਹੈ। ਪੀਐਮ ਮੋਦੀ ਨੇ ਕਿਹਾ ਕਿ ਤਕਨਾਲੋਜੀ ਦੀ ਤਾਕਤ ਆਮ ਲੋਕਾਂ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਰਹੀ ਹੈ, ਅਸੀਂ ਆਪਣੇ ਆਲੇ-ਦੁਆਲੇ ਲਗਾਤਾਰ ਦੇਖ ਰਹੇ ਹਾਂ। ਪਿਛਲੇ ਕੁਝ ਸਾਲਾਂ ਵਿੱਚ, BHIM UPI ਤੇਜ਼ੀ ਨਾਲ ਸਾਡੀ ਆਰਥਿਕਤਾ ਤੇ ਆਦਤਾਂ ਦਾ ਹਿੱਸਾ ਬਣ ਗਿਆ ਹੈ। ਹੁਣ ਤਾਂ ਛੋਟੇ ਕਸਬਿਆਂ ਤੇ ਜ਼ਿਆਦਾਤਰ ਪਿੰਡਾਂ ਵਿੱਚ ਵੀ ਲੋਕ UPI ਰਾਹੀਂ ਹੀ ਲੈਣ-ਦੇਣ ਕਰ ਰਹੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਪਾਣੀ ਦੀ ਉਪਲਬਧਤਾ ਤੇ ਪਾਣੀ ਦੀ ਕਮੀ, ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਗਤੀ ਨੂੰ ਨਿਰਧਾਰਤ ਕਰਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ 'ਮਨ ਕੀ ਬਾਤ' ਵਿੱਚ ਮੈਂ ਸਵੱਛਤਾ ਵਰਗੇ ਵਿਸ਼ਿਆਂ ਦੇ ਨਾਲ-ਨਾਲ ਪਾਣੀ ਦੀ ਸੰਭਾਲ ਬਾਰੇ ਵੀ ਵਾਰ-ਵਾਰ ਗੱਲ ਕਰਦਾ ਹਾਂ। ਪਾਣੀ ਨਾਲ ਜੁੜੀ ਹਰ ਕੋਸ਼ਿਸ਼ ਸਾਡੇ ਆਉਣ ਵਾਲੇ ਕੱਲ੍ਹ ਨਾਲ ਜੁੜੀ ਹੋਈ ਹੈ। ਇਹ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਹੈ। ਸਮਾਜ ਇਸ ਲਈ ਵੱਖ-ਵੱਖ ਜਤਨ ਸਦੀਆਂ ਤੋਂ ਲਗਾਤਾਰ ਕਰਦੇ ਆ ਰਹੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਸਵਾਮਿਤਵ ਯੋਜਨਾ ਪਿੰਡ ਵਾਸੀਆਂ ਨੂੰ ਆਤਮ ਨਿਰਭਰ ਬਣਾ ਕੇ ਇੱਕ ਵੱਡਾ ਬਦਲਾਅ ਲਿਆ ਰਹੀ ਹੈ। ਜਾਇਦਾਦ ਦੇ ਵਿਵਾਦਾਂ ਨੂੰ ਘਟਾ ਕੇ ਗਰੀਬਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਤਰੱਕੀ ਹੋਈ ਹੈ। ਇਸ ਸਕੀਮ ਤਹਿਤ ਕਰੀਬ 32 ਹਜ਼ਾਰ ਪਿੰਡਾਂ ਵਿੱਚ 42 ਲੱਖ ਤੋਂ ਵੱਧ ਜਾਇਦਾਦਾਂ ਦੇ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਵਾਮਿਤਵ ਯੋਜਨਾ ਵਿਕਾਸ ਦਾ ਨਵਾਂ ਮੰਤਰ ਹੈ, ਜੋ ਆਧੁਨਿਕ ਤਕਨੀਕ ਦੀ ਮਦਦ ਨਾਲ ਪੇਂਡੂ ਲੋਕਾਂ ਦੀ ਮਦਦ ਕਰੇਗੀ।