ਪੂਰੇ ਮੁਲਕ ਦੀਆਂ ਦਵਾ ਦੁਕਾਨਾਂ ਬੰਦ, ਮਰੀਜ਼ ਪ੍ਰੇਸ਼ਾਨ
ਚੰਡੀਗੜ੍ਹ: ਦਵਾਈਆਂ ਦੀ ਆਨਲਾਈਨ ਵਿਕਰੀ ਦੇ ਕਾਰੋਬਾਰ ਦੇ ਵਿਰੋਧ ਵਿੱਚ ਅੱਜ ਪੂਰੇ ਮੁਲਕ ਦੇ ਦਵਾ ਦੁਕਾਨਦਾਰਾਂ ਨੇ ਕਾਰੋਬਾਰ ਬੰਦ ਰੱਖਿਆ। ਰਿਟੇਲ ਤੇ ਹੋਲਸੇਲ ਦੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹਿਣ ਕਾਰਨ ਦਵਾਈ ਲੈਣ ਆਏ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ।
ਦਵਾ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕੋਲ ਫਾਰਮੇਸੀ ਦੇ ਈ-ਕਾਰੋਬਾਰ ਲਈ ਕੋਈ ਪਲਾਨਿੰਗ ਨਹੀਂ। ਕੁਝ ਲੀਡਰਾਂ ਨੂੰ ਫਾਇਦਾ ਦੇਣ ਲਈ ਕੇਂਦਰ ਸਰਕਾਰ ਲੱਖਾਂ ਲੋਕਾਂ ਦਾ ਰੁਜ਼ਗਾਰ ਖੋਹਣਾ ਚਾਹੁੰਦੀ ਹੈ। ਦਰਅਸਲ ਦਵਾ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਈ-ਫਾਰਮੇਸੀ ਦੇ ਵਧਣ ਨਾਲ ਬੇਰੁਜ਼ਗਾਰੀ ਦਾ ਖਦਸ਼ਾ ਹੈ ਜਿਸ ਦੇ ਚੱਲਦਿਆਂ ਅੱਜ ਸਮੁੱਚੇ ਦੇਸ਼ 'ਚ ਬੰਦ ਦਾ ਸੱਦਾ ਦਿੱਤ ਗਿਆ ਹੈ।
ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਰੋਕ ਲੱਗਣੀ ਚਾਹੀਦੀ ਹੈ। ਈ ਫਾਰਮੇਸੀ ਸਰਕਾਰ ਵੱਲੋਂ ਬੈਨ ਕੀਤੀਆਂ ਹੋਈਆਂ ਦਵਾਈਆਂ ਵੀ ਵੇਚ ਰਹੀ ਹੈ। ਹਾਲ ਹੀ 'ਚ ਸਰਕਾਰ ਨੇ 328 ਤਰ੍ਹਾਂ ਦੀਆਂ ਦਵਾਈਆਂ 'ਤੇ ਪਾਬੰਦੀ ਲਾਈ ਸੀ ਪਰ ਅਜਿਹੀਆਂ ਦਵਾਈਆਂ ਆਨਲਾਈਨ ਮਿਲ ਜਾਣਗੀਆਂ।
ਜਾਣਕਾਰੀ ਮੁਤਾਬਕ ਇਹ ਬੰਦ 24 ਘੰਟੇ ਲਈ ਹੈ। ਐਸੋਸੀਏਸ਼ਨ ਦੇ ਜਨਰਲ ਸੈਕਟਰੀ ਰਾਜੀਵ ਸਿੰਘਲ ਨੇ ਦੱਸਿਆ ਕਿ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਐਮਰਜੈਂਸੀ ਸਥਿਤੀ 'ਚ ਹਸਪਤਾਲਾਂ ਦੇ ਅੰਦਰ ਦਵਾਈ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।