ਸਮਾਰਟਫੋਨ ਲਈ ਪੈਸੇ ਇਕੱਠੇ ਕਰਨ ਵਾਸਤੇ ਆਪਣਾ ਖੂਨ ਵੇਚਣ ਨਿਕਲੀ ਨਾਬਾਲਗ ਕੁੜੀ, ਬੱਸ ਰਾਹੀਂ ਇਕੱਲੇ ਕੀਤਾ 30 ਕਿਲੋਮੀਟਰ ਦਾ ਸਫ਼ਰ
ਦੱਖਣੀ ਦਿਨਾਜਪੁਰ ਦੇ ਤਪਨ ਇਲਾਕੇ ਦੀ ਰਹਿਣ ਵਾਲੀ 17 ਸਾਲਾ ਲੜਕੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਹਾਲ ਹੀ 'ਚ ਆਨਲਾਈਨ ਸਮਾਰਟਫ਼ੋਨ ਆਰਡਰ ਕੀਤਾ ਸੀ ਅਤੇ ਉਸ ਦੇ ਪੈਸਿਆਂ ਦੀ ਅਦਾਇਗੀ ਲਈ ਖੂਨ ਵੇਚਣਾ ਚਾਹੁੰਦੀ ਸੀ।
Bengal News: ਪੱਛਮੀ ਬੰਗਾਲ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਨਾਬਾਲਗ ਲੜਕੀ ਸਮਾਰਟਫ਼ੋਨ ਦੇ ਪੈਸਿਆਂ ਦਾ ਭੁਗਤਾਨ ਕਰਨ ਲਈ ਆਪਣਾ ਖੂਨ ਵੇਚਣ ਨਿਕਲ ਪਈ ਅਤੇ ਲਗਭਗ 30 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਪੁੱਛਗਿੱਛ ਕਰਨ 'ਤੇ ਉਸ ਨੇ ਪਹਿਲਾਂ ਤਾਂ ਸਹੀ ਗੱਲ ਨਹੀਂ ਦੱਸੀ ਪਰ ਆਖਰਕਾਰ ਉਸ ਨੇ ਮੰਨਿਆ ਕਿ ਉਸ ਨੇ 9000 ਰੁਪਏ ਦਾ ਸਮਾਰਟਫ਼ੋਨ ਆਰਡਰ ਕੀਤਾ ਸੀ ਅਤੇ ਉਸ ਦੇ ਪੈਸਿਆਂ ਦਾ ਪ੍ਰਬੰਧ ਕਰਨ ਲਈ ਉਸ ਨੂੰ ਅਜਿਹਾ ਕਰਨਾ ਪਿਆ।
ਬੱਸ ਰਾਹੀਂ 30 ਕਿਲੋਮੀਟਰ ਦਾ ਸਫ਼ਰ
NDTV 'ਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਪੱਛਮੀ ਬੰਗਾਲ ਦੇ ਦੱਖਣ ਦਿਨਾਜਪੁਰ ਜ਼ਿਲ੍ਹੇ ਦੀ ਇੱਕ ਨਾਬਾਲਗ ਲੜਕੀ ਨੇ ਬੱਸ ਰਾਹੀਂ ਲਗਭਗ 30 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਆਪਣਾ ਖੂਨ ਵੇਚਣ ਲਈ ਸਿੱਧੇ ਬਲੂਰਘਾਟ ਜ਼ਿਲ੍ਹਾ ਹਸਪਤਾਲ ਪਹੁੰਚੀ। ਹਾਲਾਂਕਿ ਹਸਪਤਾਲ ਦੇ ਅਧਿਕਾਰੀਆਂ ਨੇ ਉਸ ਨੂੰ ਸਮਝਾਇਆ ਕਿ ਇੰਝ ਖੂਨ ਨਹੀਂ ਵੇਚਿਆ ਜਾਂਦਾ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਬੱਚੀ ਨੂੰ ਉਸ ਦੇ ਮਾਪਿਆਂ ਹਵਾਲੇ ਸਹੀ-ਸਲਾਮਤ ਪਹੁੰਚਾਇਆ ਜਾਵੇ।
ਪੈਸਿਆਂ ਦੇ ਬਦਲੇ ਖੂਨਦਾਨ ਕਰਨਾ ਚਾਹੁੰਦੀ ਸੀ ਬੱਚੀ
ਦੱਖਣੀ ਦਿਨਾਜਪੁਰ ਦੇ ਤਪਨ ਇਲਾਕੇ ਦੀ ਰਹਿਣ ਵਾਲੀ 17 ਸਾਲਾ ਲੜਕੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਹਾਲ ਹੀ 'ਚ ਆਨਲਾਈਨ ਸਮਾਰਟਫ਼ੋਨ ਆਰਡਰ ਕੀਤਾ ਸੀ ਅਤੇ ਉਸ ਦੇ ਪੈਸਿਆਂ ਦੀ ਅਦਾਇਗੀ ਲਈ ਖੂਨ ਵੇਚਣਾ ਚਾਹੁੰਦੀ ਸੀ। ਜਦੋਂ ਉਸ ਨੇ ਬਲੱਡ ਬੈਂਕ ਦੇ ਸਟਾਫ਼ ਨੂੰ ਦੱਸਿਆ ਕਿ ਉਹ ਪੈਸੇ ਲਈ ਖ਼ੂਨਦਾਨ ਕਰਨਾ ਚਾਹੁੰਦੀ ਹੈ ਤਾਂ ਹਸਪਤਾਲ ਦਾ ਸਟਾਫ਼ ਨਾਬਾਲਗ ਕੁੜੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਅਤੇ ਉਸ ਨੂੰ ਸਮਝਾਇਆ ਕਿ ਇੰਝ ਖੂਨ ਨਹੀਂ ਵਿਕਦਾ। ਉਸ ਦੀ ਸਿਹਤ ਖਰਾਬ ਹੋਣ 'ਤੇ ਉਨ੍ਹਾਂ ਨੇ ਨਾਬਾਲਗ ਨੂੰ ਬਿਠਾਇਆ ਅਤੇ ਹਸਪਤਾਲ ਦੇ ਕੌਂਸਲਰ ਨੂੰ ਸੂਚਿਤ ਕੀਤਾ।
'ਕੁੜੀ ਨੇ ਪਹਿਲਾਂ ਕਿਹਾ ਸੀ ਖੂਨ ਦਾ ਟੈਸਟ ਕਰਵਾਉਣਾ ਹੈ'
ਹਸਪਤਾਲ ਦੇ ਕੌਂਸਲਰ ਕਨਕ ਦਾਸ ਨੇ ਐਨਡੀਟੀਵੀ ਨੂੰ ਦੱਸਿਆ, "ਅੱਜ ਇੱਕ ਨਾਬਾਲਗ ਲੜਕੀ ਹਸਪਤਾਲ ਆਈ। ਪਹਿਲਾਂ ਉਸ ਨੇ ਸਾਨੂੰ ਦੱਸਿਆ ਕਿ ਉਹ ਖੂਨ ਦਾ ਟੈਸਟ ਕਰਵਾਉਣਾ ਚਾਹੁੰਦੀ ਹੈ। ਜਦੋਂ ਅਸੀਂ ਉਸ ਨੂੰ ਕਿਹਾ ਕਿ ਉਹ ਖੂਨ ਦਾ ਟੈਸਟ ਕਿਉਂ ਕਰਵਾਉਣਾ ਚਾਹੁੰਦੀ ਹੈ ਤਾਂ ਸਾਨੂੰ ਉਸ ਨੇ ਬੇਲੋੜਾ ਕਾਰਨ ਦੱਸਿਆ। ਹੋਰ ਪੁੱਛ-ਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਉਸ ਨੇ ਮੋਬਾਈਲ ਫੋਨ ਆਨਲਾਈਨ ਮੰਗਵਾਇਆ ਸੀ ਅਤੇ ਉਸ ਨੂੰ ਪੈਸਿਆਂ ਦੀ ਲੋੜ ਸੀ। ਫਿਰ ਅਸੀਂ ਬਲੂਰਘਾਟ ਜ਼ਿਲ੍ਹੇ ਦੀ ਚਾਈਲਡਲਾਈਨ ਹੈਲਪਲਾਈਨ ਨੂੰ ਸੂਚਿਤ ਕੀਤਾ। ਉਹ ਇੱਥੇ ਆਏ ਅਤੇ ਉਸ ਨੂੰ ਆਪਣੇ ਦਫ਼ਤਰ ਲੈ ਗਏ।"
ਕੁਝ ਦਿਨ ਪਹਿਲਾਂ ਹੀ ਲੜਕੀ ਦਾ ਫ਼ੋਨ ਹੋ ਗਿਆ ਸੀ ਖ਼ਰਾਬ
ਲੜਕੀ ਨੇ ਚਾਈਲਡਲਾਈਨ ਨੂੰ ਦੱਸਿਆ ਕਿ ਉਸ ਦਾ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਕੁੜੀ ਕੋਲ ਸਿੰਪਲ ਫ਼ੋਨ ਹੈ। ਉਸ ਨੇ ਐਤਵਾਰ ਨੂੰ ਇੱਕ ਦੋਸਤ ਦੇ ਮੋਬਾਈਲ ਫੋਨ ਤੋਂ 9000 ਰੁਪਏ ਦਾ ਇੱਕ ਆਨਲਾਈਨ ਸਮਾਰਟਫ਼ੋਨ ਆਰਡਰ ਕੀਤਾ, ਕਿਉਂਕਿ ਇਹ ਕੁਝ ਦਿਨ ਪਹਿਲਾਂ ਖਰਾਬ ਹੋ ਗਿਆ ਸੀ। ਲੜਕੀ ਦੇ ਪਿਤਾ ਨੇ NDTV ਨੂੰ ਦੱਸਿਆ, "ਮੈਨੂੰ ਨਹੀਂ ਪਤਾ ਕਿ ਕੀ ਹੋਇਆ ਅਤੇ ਜਦੋਂ ਮੈਂ ਇੱਥੇ ਪਹੁੰਚਿਆ ਤਾਂ ਮੈਨੂੰ ਪਤਾ ਲੱਗਾ ਕਿ ਉਹ ਆਪਣਾ ਖੂਨ ਵੇਚ ਕੇ ਮੋਬਾਈਲ ਖਰੀਦਣਾ ਚਾਹੁੰਦੀ ਹੈ।"