ਮੋਦੀ ਸਰਕਾਰ ਦਾ ਵੱਡਾ ਫੈਸਲਾ...ਘਰ, ਦਫ਼ਤਰ ਤੇ ਕਾਰ 'ਚ 16 ਡਿਗਰੀ 'ਤੇ ਨਹੀਂ ਚਲਾ ਸਕੋਗੇ AC
AC Temperature Standard: ਹੁਣ ਤੁਸੀਂ ਆਪਣੇ ਘਰ, ਦਫ਼ਤਰ ਜਾਂ ਕਾਰ ਵਿੱਚ 16 ਡਿਗਰੀ 'ਤੇ AC ਨਹੀਂ ਚਲਾ ਸਕੋਗੇ। ਏਸੀ ਦਾ ਕੰਟਰੋਲ ਸਰਕਾਰ ਦੇ ਹੱਥ ਹੋਏਗਾ।

AC Temperature Standard: ਹੁਣ ਤੁਸੀਂ ਆਪਣੇ ਘਰ, ਦਫ਼ਤਰ ਜਾਂ ਕਾਰ ਵਿੱਚ 16 ਡਿਗਰੀ 'ਤੇ AC ਨਹੀਂ ਚਲਾ ਸਕੋਗੇ। ਏਸੀ ਦਾ ਕੰਟਰੋਲ ਸਰਕਾਰ ਦੇ ਹੱਥ ਹੋਏਗਾ। ਭਾਰਤ ਸਰਕਾਰ AC ਕੂਲਿੰਗ ਲਈ ਇੱਕ ਨਵਾਂ ਮਿਆਰ ਲਿਆਉਣ ਜਾ ਰਹੀ ਹੈ। ਇਸ ਨਵੇਂ ਮਿਆਰ ਤਹਿਤ AC ਚਲਾਉਣ ਲਈ ਤਾਪਮਾਨ ਸੀਮਾ 20 ਡਿਗਰੀ ਤੇ 28 ਡਿਗਰੀ ਦੇ ਵਿਚਕਾਰ ਰੱਖੀ ਗਈ ਹੈ। ਯਾਨੀ ਤੁਸੀਂ ਏਸੀ ਦੇ ਤਾਪਮਾਨ ਨੂੰ ਨਾ ਤਾਂ 20 ਡਿਗਰੀ ਤੋਂ ਘੱਟ ਤੇ ਨਾ ਹੀ 28 ਡਿਗਰੀ ਤੋਂ ਵੱਧ ਰੱਖ ਸਕੋਗੇ।
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਐਲਾਨ ਕੀਤਾ ਹੈ। AC ਤਾਪਮਾਨ ਦੀ ਇਹ ਸੀਮਾ ਰਿਹਾਇਸ਼ੀ, ਉਦਯੋਗਿਕ ਇਮਾਰਤਾਂ ਦੇ ਨਾਲ-ਨਾਲ ਵਾਹਨਾਂ 'ਤੇ ਵੀ ਲਾਗੂ ਹੋਵੇਗੀ। ਆਓ ਜਾਣਦੇ ਹਾਂ ਇਸ ਨਵੇਂ ਮਿਆਰ ਨੂੰ ਲਿਆਉਣ ਦਾ ਮੁੱਖ ਕਾਰਨ ਕੀ ਹੈ? ਅਮਰੀਕਾ, ਜਾਪਾਨ, ਚੀਨ ਵਰਗੇ ਦੇਸ਼ਾਂ ਵਿੱਚ ਲੋਕ ਕਿਸ ਤਾਪਮਾਨ 'ਤੇ ਏਸੀ ਚਲਾਉਂਦੇ ਹਨ?
ਏਸੀ ਦੇ ਨਵੇਂ ਮਿਆਰ ਦਾ ਮੁੱਖ ਕਾਰਨ ਕੀ?
ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਅਪ੍ਰੈਲ ਤੋਂ ਜੁਲਾਈ-ਅਗਸਤ ਤੱਕ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ। ਇਸ ਸਮੇਂ ਦੌਰਾਨ ਲੋਕ ਆਪਣੇ ਘਰਾਂ, ਦਫਤਰਾਂ ਤੇ ਕਾਰਾਂ ਵਿੱਚ ਏਸੀ ਦੀ ਕੂਲਿੰਗ ਨੂੰ 16 ਡਿਗਰੀ ਤੱਕ ਰੱਖਦੇ ਹਨ। ਗਰਮ ਹਵਾਵਾਂ ਤੇ ਤੇਜ਼ ਗਰਮੀ ਦੇ ਕਾਰਨ ਜ਼ਿਆਦਾਤਰ ਲੋਕ 20 ਡਿਗਰੀ ਤੋਂ ਘੱਟ ਤਾਪਮਾਨ 'ਤੇ ਏਸੀ ਚਲਾਉਂਦੇ ਹਨ। ਨਵੇਂ ਮਿਆਰ ਤਹਿਤ ਸਰਕਾਰ ਨੇ ਏਸੀ ਦਾ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਤੈਅ ਕੀਤਾ ਹੈ। ਇਸ ਦੇ ਨਾਲ ਹੀ ਏਸੀ ਦੀ ਵੱਧ ਤੋਂ ਵੱਧ ਤਾਪਮਾਨ ਸੀਮਾ 28 ਡਿਗਰੀ ਸੈਲਸੀਅਸ ਰੱਖੀ ਗਈ ਹੈ।
ਸਰਕਾਰ ਨੇ ਊਰਜਾ ਸੰਭਾਲ ਲਈ ਯਾਨੀ ਬਿਜਲੀ ਬਚਾਉਣ ਲਈ ਏਸੀ ਤਾਪਮਾਨ ਦੀ ਨਵੀਂ ਸੀਮਾ ਤੈਅ ਕੀਤੀ ਹੈ। ਬਿਜਲੀ ਦੀ ਖਪਤ ਘਟਾਉਣ ਤੋਂ ਇਲਾਵਾ ਇਹ ਫੈਸਲਾ ਵਾਤਾਵਰਣ ਵਿੱਚ ਸੰਤੁਲਨ ਬਣਾਈ ਰੱਖਣ ਲਈ ਵੀ ਲਿਆ ਗਿਆ ਹੈ। ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਨਵਾਂ ਮਿਆਰ ਪ੍ਰਧਾਨ ਮੰਤਰੀ ਮੋਦੀ ਦੇ ਵਿਕਸਤ ਭਾਰਤ 2047 ਦੇ ਦ੍ਰਿਸ਼ਟੀਕੋਣ ਕਾਰਨ ਲਿਆ ਹੈ।
ਏਸੀ ਕੂਲਿੰਗ ਲਈ ਗਲੋਬਲ ਸਟੈਂਡਰਡ ਕੀ?
ਏਸੀ ਤਾਪਮਾਨ ਤੈਅ ਕਰਨ ਲਈ ਗਲੋਬਲ ਸਟੈਂਡਰਡ ਦੀ ਗੱਲ ਕਰੀਏ ਤਾਂ ਇਹ ਰਿਹਾਇਸ਼ੀ, ਵਪਾਰਕ, ਹਸਪਤਾਲ, ਹੋਟਲ ਆਦਿ ਲਈ ਵੱਖਰਾ ਹੈ। ਰਿਹਾਇਸ਼ੀ ਖੇਤਰਾਂ ਵਿੱਚ ਏਸੀ ਚਲਾਉਣ ਲਈ ਸਟੈਂਡਰਡ ਸੀਮਾ 24 ਡਿਗਰੀ ਸੈਲਸੀਅਸ ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਇਸ ਦੇ ਨਾਲ ਹੀ ਵਪਾਰਕ ਲਈ ਇਹ ਸੀਮਾ 22 ਡਿਗਰੀ ਸੈਲਸੀਅਸ ਤੋਂ 25 ਡਿਗਰੀ ਸੈਲਸੀਅਸ ਹੈ। ਹੋਟਲਾਂ ਲਈ 22 ਤੋਂ 24 ਡਿਗਰੀ ਸੈਲਸੀਅਸ, ਹਸਪਤਾਲਾਂ ਲਈ 21 ਤੋਂ 24 ਡਿਗਰੀ ਸੈਲਸੀਅਸ ਤੈਅ ਕੀਤੀ ਗਈ ਹੈ। ਹਾਲਾਂਕਿ, ਡੇਟਾ ਸਰਵਰ ਰੂਮਾਂ ਤੇ ਡੇਟਾ ਸੈਂਟਰਾਂ ਲਈ ਇਹ ਸੀਮਾ 18 ਡਿਗਰੀ ਸੈਲਸੀਅਸ ਤੋਂ 27 ਡਿਗਰੀ ਸੈਲਸੀਅਸ ਤੱਕ ਰੱਖੀ ਗਈ ਹੈ।
ਦੂਜੇ ਦੇਸ਼ਾਂ ਵਿੱਚ ਏਸੀ ਕਿਸ ਤਾਪਮਾਨ 'ਤੇ ਚੱਲਦਾ?
ਭਾਰਤ ਵਾਂਗ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਉੱਥੋਂ ਦੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਏਸੀ ਤਾਪਮਾਨ ਲਈ ਵੱਖ-ਵੱਖ ਸੀਮਾਵਾਂ ਰੱਖੀਆਂ ਗਈਆਂ ਹਨ। ਅਮਰੀਕਾ ਵਿੱਚ ਏਸੀ ਦੀ ਕੂਲਿੰਗ ਸੀਮਾ 21 ਡਿਗਰੀ ਤੋਂ 24 ਡਿਗਰੀ ਸੈਲਸੀਅਸ ਹੈ। ਇਟਲੀ ਵਿੱਚ ਇਹ 23 ਤੋਂ 25 ਡਿਗਰੀ, ਚੀਨ ਵਿੱਚ ਇਹ 24 ਤੋਂ 26 ਡਿਗਰੀ ਸੈਲਸੀਅਸ, ਜਾਪਾਨ ਵਿੱਚ ਇਹ 26 ਤੋਂ 28 ਡਿਗਰੀ ਸੈਲਸੀਅਸ ਤੇ ਮੱਧ ਪੂਰਬ ਵਿੱਚ ਇਹ 20 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ।
ਏਸੀ ਦੀ ਸੰਚਾਲਨ ਸੀਮਾ ਕੀ?
ਘਰਾਂ ਤੇ ਦਫਤਰਾਂ ਵਿੱਚ ਵਰਤੇ ਜਾਣ ਵਾਲੇ ਏਅਰ ਕੰਡੀਸ਼ਨਰਾਂ (ਏਸੀ) ਦੀ ਸੰਚਾਲਨ ਸੀਮਾ 16 ਡਿਗਰੀ ਸੈਲਸੀਅਸ ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਏਸੀ ਕੰਪਨੀਆਂ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕੂਲਿੰਗ ਤਾਪਮਾਨ, ਜਲਵਾਯੂ ਪਰਿਵਰਤਨ ਤੇ ਹੋਰ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਚਾਲਨ ਸੀਮਾ ਨਿਰਧਾਰਤ ਕਰਦੀਆਂ ਹਨ। ਮਾਹਿਰ ਬਿਜਲੀ ਬਚਾਉਣ ਲਈ ਏਸੀ ਨੂੰ 24 ਤੋਂ 26 ਡਿਗਰੀ ਸੈਲਸੀਅਸ 'ਤੇ ਚਲਾਉਣ ਦੀ ਸਿਫਾਰਸ਼ ਕਰਦੇ ਹਨ।






















