ਕਰਨਾਟਕ 'ਚ ਝਟਕੇ ਮਗਰੋਂ 'ਮੋਦੀਮੁਕਤ ਭਾਰਤ' ਦੀ ਸ਼ੁਰੂਆਤ
ਆਰਜੇਡੀ ਨੇਤਾ ਤੇਜੱਸਵੀ ਯਾਦਵ ਨੇ ਕਿਹਾ ਕਿ ਬੀਜੇਪੀ ਨੇ ਜੋ ਬਿਹਾਰ 'ਚ ਬੀਤੇ ਸਾਲ ਕੀਤਾ, ਉਸੇ ਤਰ੍ਹਾਂ ਉਹ ਕਰਨਾਟਕ 'ਚ ਵੀ ਪਿਛਲੇ ਦਰਵਾਜ਼ੇ ਸੱਤਾ 'ਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਬੀਜੇਪੀ ਲਈ ਉਹ ਪਿਛਲਾ ਦਰਵਾਜ਼ਾ ਵੀ ਬੰਦ ਹੋ ਗਿਆ ਹੈ। ਉੱਥੇ ਹੀ ਕਾਂਗਰਸ ਨੇਤਾ ਸਦਾਨੰਦ ਸਿੰਘ ਨੇ ਕਿਹਾ ਕਿ ਇਹ ਲੋਕਤੰਤਰ ਦੀ ਜਿੱਤ ਜਦਕਿ ਬੀਜੇਪੀ ਦੀ ਹਾਰ ਹੈ। ਉਨ੍ਹਾਂ ਇਸ ਨੂੰ ਮੋਦੀ ਮੁਕਤ ਭਾਰਤ ਦੀ ਸ਼ੁਰੂਆਤ ਦੱਸਿਆ।
ਦੂਜੇ ਪਾਸੇ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਰਾਜਪਾਲ ਵਜੂਭਾਈ ਵਾਲਾ ਨੇ ਕੁਝ ਵੀ ਗਲਤ ਨਹੀਂ ਕੀਤਾ। ਜਦਕਿ ਬੀਜੇਪੀ ਨੇਤਾ ਸ਼ਤਰੂਘਨ ਸਿਨ੍ਹਾ ਨੇ ਕਰਨਾਟਕ 'ਚ ਜੋ ਵੀ ਵਾਪਰਿਆ ਉਸ ਨੂੰ ਅਸਹਿਜ ਤੇ ਨੈਤਿਕ ਮਾਪਦੰਡਾਂ ਦੇ ਉਲਟ ਕਰਾਰ ਦਿੱਤਾ।
ਜ਼ਿਕਰਯੋਗ ਹੈ ਕਿ ਯੇਦਯੁਰੱਪਾ ਦੇ ਅਸਤੀਫੇ ਤੋਂ ਬਾਅਦ ਹੁਣ ਜੈਡੀਐਸ ਨੇਤਾ ਕੁਮਾਰਸਵਾਮੀ ਬੁੱਧਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਸਹੁੰ ਚੁੱਕ ਸਮਾਗਮ 'ਚ ਵਿਰੋਧੀ ਦਲ ਦੇ ਵੀ ਕਈ ਨੇਤਾ ਮੌਜੂਦ ਰਹਿਣਗੇ ਤਾਂ ਜੋ ਮੋਦੀ ਲਹਿਰ ਖਿਲਾਫ ਤੀਜਾ ਮੋਰਚਾ ਖੜ੍ਹਾ ਕੀਤਾ ਜਾ ਸਕੇ।