Montha Weather Forecast: ਮੋਂਥਾ ਤੂਫਾਨ ਨੇ ਉਥਲ-ਪੁਥਲ ਕਰ ਦਿੱਤਾ ਦੇਸ਼ ਦਾ ਮੌਸਮ, ਇਨ੍ਹਾਂ ਸੂਬਿਆਂ 'ਚ ਰੈਡ ਅਲਰਟ, ਦਿੱਲੀ-NCR ਤੋਂ ਯੂਪੀ-ਬਿਹਾਰ ਤੱਕ IMD ਦੀ ਚੇਤਾਵਨੀ!
ਬੰਗਾਲ ਦੀ ਖਾੜੀ ਵਿੱਚ ਉੱਠੇ ਚੱਕਰਵਾਤੀ ਤੂਫ਼ਾਨ ਮੋਂਥਾ ਅਤੇ ਅਰਬ ਸਾਗਰ ਉੱਤੇ ਬਣੇ ਡੂੰਘੇ ਦਬਾਅ ਨੇ ਦੇਸ਼ ਦੇ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੇ ਅਨੁਸਾਰ ਅਗਲੇ 4 ਤੋਂ 5 ਦਿਨਾਂ ਤੱਕ ਦੇਸ਼..

ਬੰਗਾਲ ਦੀ ਖਾੜੀ ਵਿੱਚ ਉੱਠੇ ਚੱਕਰਵਾਤੀ ਤੂਫ਼ਾਨ ਮੋਂਥਾ ਅਤੇ ਅਰਬ ਸਾਗਰ ਉੱਤੇ ਬਣੇ ਡੂੰਘੇ ਦਬਾਅ ਨੇ ਦੇਸ਼ ਦੇ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੇ ਅਨੁਸਾਰ ਅਗਲੇ 4 ਤੋਂ 5 ਦਿਨਾਂ ਤੱਕ ਦੇਸ਼ ਦਾ ਵੱਡਾ ਹਿੱਸਾ ਮੀਂਹ ਦੀ ਚਪੇਟ ਵਿੱਚ ਰਹੇਗਾ।
ਚੱਕਰਵਾਤ ਦੇ ਕਾਰਨ ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਤਮਿਲਨਾਡੂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸਦੇ ਨਾਲ ਹੀ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਅਚਾਨਕ ਮੌਸਮ ਬਦਲ ਗਿਆ ਹੈ। ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ-ਐਨਸੀਆਰ ਤੱਕ ਇਸ ਤੂਫ਼ਾਨ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ।
ਦਿੱਲੀ ਵਿੱਚ ਅੱਜ ਹੋਵੇਗੀ ਬਾਰਿਸ਼
ਦਿੱਲੀ-ਐਨਸੀਆਰ ਦਾ ਮੌਸਮ ਅੱਜ ਮੰਗਲਵਾਰ ਯਾਨੀਕਿ 28 ਅਕਤੂਬਰ ਨੂੰ ਬਹੁਤ ਠੰਢਾ ਰਹੇਗਾ। ਦਿਨ ਦੌਰਾਨ ਠੰਢੀਆਂ ਹਵਾਵਾਂ ਵੱਗਣਗੀਆਂ। ਸੋਮਵਾਰ ਨੂੰ ਵੀ ਦਿੱਲੀ ਵਿੱਚ ਧੁੱਪ ਨਹੀਂ ਨਿਕਲੀ ਸੀ। ਮੌਸਮ ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਮੌਸਮ ਵਿੱਚ ਵੱਡੇ ਬਦਲਾਅ ਆਏ ਹਨ। ਅੱਜ ਮੰਗਲਵਾਰ ਨੂੰ ਵੀ ਆਸਮਾਨ ‘ਚ ਬੱਦਲ ਛਾਏ ਰਹਿਣਗੇ ਅਤੇ ਦਿੱਲੀ-ਐਨਸੀਆਰ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੋਂਥਾ ਤੂਫ਼ਾਨ ਕਾਰਨ ਉੱਤਰ ਪ੍ਰਦੇਸ਼ (ਯੂਪੀ) ਦਾ ਮੌਸਮ ਵੀ ਬਦਲ ਗਿਆ ਹੈ। ਯੂਪੀ ਦੇ ਕਈ ਹਿੱਸਿਆਂ ਵਿੱਚ ਇਸ ਵੇਲੇ ਬਾਰਿਸ਼ ਹੋ ਰਹੀ ਹੈ। ਸੋਮਵਾਰ ਨੂੰ ਲਗਭਗ ਪੂਰਾ ਦਿਨ ਬੱਦਲ ਛਾਏ ਰਹੇ, ਜਿਸ ਨਾਲ ਰਾਤ ਦਾ ਮੌਸਮ ਵੀ ਠੰਢਾ ਹੋ ਗਿਆ। ਮੌਸਮ ਵਿਗਿਆਨੀ ਅਤੁਲ ਕੁਮਾਰ ਸਿੰਘ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਵਿੱਚ ਬਣਿਆ ਚਕਰਵਾਤੀ ਤੂਫ਼ਾਨ ਮੋਂਥਾ ਸੂਬੇ ਦੇ ਮੌਸਮ ਵਿੱਚ ਤੇਜ਼ ਬਦਲਾਅ ਲਿਆ ਰਿਹਾ ਹੈ।
IMD ਦੇ ਅਨੁਸਾਰ, ਅੱਜ ਪੱਛਮੀ ਅਤੇ ਪੂਰਬੀ ਯੂਪੀ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਦੇ ਨਾਲ ਗਰਜ ਤੇ ਚਮਕ ਦੀ ਸੰਭਾਵਨਾ ਹੈ। ਜਦਕਿ 29 ਅਕਤੂਬਰ ਨੂੰ ਪੱਛਮੀ ਯੂਪੀ ਦਾ ਮੌਸਮ ਸਾਫ਼ ਰਹਿ ਸਕਦਾ ਹੈ। ਇਸ ਦੌਰਾਨ ਪੂਰਬੀ ਯੂਪੀ ਦੇ ਕੁਝ ਹਿੱਸਿਆਂ ਵਿੱਚ ਬੱਦਲ ਗਰਜਣ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਰਹੇਗੀ। ਇਸੇ ਤਰ੍ਹਾਂ 30 ਅਕਤੂਬਰ ਨੂੰ ਪੱਛਮੀ ਯੂਪੀ ਦੇ ਕੁਝ ਹਿੱਸਿਆਂ ਅਤੇ ਪੂਰਬੀ ਯੂਪੀ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਅਤੇ ਗਰਜ-ਚਮਕ ਦੇ ਨਾਲ ਬੁਛਾੜਾਂ ਪੈਣ ਦੇ ਆਸਾਰ ਹਨ।
ਮੱਧ ਪ੍ਰਦੇਸ਼ ਦਾ ਮੌਸਮ ਵੀ ਅਚਾਨਕ ਬਦਲ ਗਿਆ ਹੈ। ਅਰਬ ਸਾਗਰ ਤੋਂ ਉੱਠੇ ਦਬਾਅ ਕਾਰਨ ਸੂਬੇ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਸੋਮਵਾਰ ਨੂੰ 10 ਤੋਂ ਵੱਧ ਜ਼ਿਲ੍ਹਿਆਂ ਵਿੱਚ ਬਾਰਿਸ਼ ਦਰਜ ਕੀਤੀ ਗਈ। ਸ਼ਿਓਪੁਰ ਵਿੱਚ ਸਿਰਫ਼ 9 ਘੰਟਿਆਂ ਵਿੱਚ ਸਭ ਤੋਂ ਵੱਧ 2 ਇੰਚ ਤੋਂ ਜ਼ਿਆਦਾ ਬਾਰਿਸ਼ ਹੋਈ, ਜਦਕਿ ਦਤੀਆ ਵਿੱਚ ਲਗਭਗ 1 ਇੰਚ ਬਾਰਿਸ਼ ਦਰਜ ਕੀਤੀ ਗਈ।
ਮੌਸਮ ਵਿਭਾਗ ਦੇ ਅਨੁਸਾਰ ਅਗਲੇ ਤਿੰਨ-ਚਾਰ ਦਿਨ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਵਿਭਾਗ ਨੇ 28 ਤੋਂ 30 ਅਕਤੂਬਰ ਤੱਕ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ ਅਤੇ ਹਨ੍ਹੇਰੀ ਦੇ ਨਾਲ ਬਾਰਿਸ਼ ਹੋਣ ਦਾ ਅਲਰਟ ਜਾਰੀ ਕੀਤਾ ਹੈ।
ਬਿਹਾਰ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਬੰਗਾਲ ਦੀ ਖਾੜੀ ਵਿੱਚ ਸਰਗਰਮ ਹੋਇਆ ਮੋਂਥਾ ਤੂਫ਼ਾਨ ਹੁਣ ਰਾਜ ਦੀ ਦਿਸ਼ਾ ਵੱਲ ਵੱਧ ਰਿਹਾ ਹੈ। ਪਟਨਾ ਮੌਸਮ ਵਿਗਿਆਨ ਕੇਂਦਰ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਹਫ਼ਤੇ ਰਾਜ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ। ਆਸਮਾਨ ਤੋਂ ਬਾਰਿਸ਼ ਦੇ ਨਾਲ ਆਫ਼ਤ ਵਰਸਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ।






















