Corona Deaths: ਕੋਵਿਡ ਆਈਸੀਯੂ ’ਚ ਬਜ਼ੁਰਗਾਂ ਤੋਂ ਵੱਧ ਹੋਈ ਨੌਜਵਾਨਾਂ ਦੀ ਮੌਤ: AIIMS ਦੀ ਸਟੱਡੀ 'ਚ ਵੱਡਾ ਖੁਲਾਸਾ
‘ਏਮਸ’ ਨੇ ਇਹ ਅਧਿਐਨ ਪਿਛਲੇ ਸਾਲ 4 ਅਪ੍ਰੈਲ ਤੋਂ ਲੈ ਕੇ 24 ਜੁਲਾਈ ਦੌਰਾਨ ਕੀਤਾ ਗਿਆ। ਕੁੱਲ 654 ਮਰੀਜ਼ ਆਈਸੀਯੂ ’ਚ ਦਾਖ਼ਲ ਹੋਏ ਸਨ; ਜਿਨ੍ਹਾਂ ਵਿੱਚੋਂ 227 ਭਾਵ 37.7 ਫ਼ੀਸਦੀ ਦੀ ਮੌਤ ਹੋ ਗਈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕੋਵਿਡ ਕਾਰਨ ‘ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’ (ਏਮਸ- AIIMS) ’ਚ ਦਾਖ਼ਲ ਬਜ਼ੁਰਗਾਂ ਤੋਂ ਵੱਧ 50 ਸਾਲ ਤੋਂ ਘੱਟ ਉਮਰ ਦੇ ਮਰੀਜ਼ਾਂ ਦੀ ਮੌਤ ਹੋਈ ਹੈ। ਕੁਝ ਹੈਰਾਨ ਕਰ ਦੇਣ ਵਾਲਾ ਇਹ ਅੰਕੜਾ ‘ਏਮਸ’ ਦੀ ਸਟੱਡੀ (ਅਧਿਐਨ) ਦੌਰਾਨ ਸਾਹਮਣੇ ਆਇਆ।
‘ਏਮਸ’ ਦੇ ਆਈਸੀਯੂ ’ਚ 247 ਮੌਤਾਂ ਹੋਈਆਂ, ਜਿਨ੍ਹਾਂ ਵਿੱਚੋਂ 42.1 ਫ਼ੀਸਦੀ ਮਰਨ ਵਾਲਿਆਂ ਦੀ ਉਮਰ 18 ਤੋਂ 50 ਸਾਲ ਦੇ ਵਿਚਕਾਰ ਪਾਈ ਗਈ ਹੈ। ਆਈਸੀਯੂ ’ਚ ਮਰਨ ਵਾਲੇ 94.74 ਫ਼ੀਸਦੀ ਵਿੱਚੋਂ ਇੱਕ ਅਤੇ ਇੱਕ ਤੋਂ ਵੱਧ ‘ਕੋਮੌਰਬਿਡਿਟੀਜ਼’ (ਉਹ ਮਰੀਜ਼, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਬੀਮਾਰੀਆਂ ਹਨ) ਪਾਈਆਂ ਗਈਆਂ। ਸਿਰਫ਼ 5 ਫ਼ੀਸਦੀ ਅਜਿਹੇ ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਨੂੰ ਪਹਿਲਾਂ ਕੋਈ ਬੀਮਾਰੀ ਨਹੀਂ ਸੀ।
ਇਹ ਕੋਵਿਡ ਦੀ ਪਹਿਲੀ ਲਹਿਰ ਦਾ ਅਧਿਐਨ ਹੈ, ਜਿਸ ਵਿੱਚ 50 ਸਾਲ ਤੋਂ ਘੱਟ ਉਮਰ ਵਾਲੇ ਮਰੀਜ਼ਾਂ ਦੀ ਮੌਤ ਦਾ ਅੰਕੜਾ ਬਜ਼ੁਰਗਾਂ ਤੋਂ ਵੱਧ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ 50 ਸਾਲ ਤੋਂ ਘੱਟ ਉਮਰ ਦੇ ਲੋਕ ਪਹਿਲਾਂ ਤੋਂ ਕਿਸੇ ਨਾ ਕਿਸੇ ਬੀਮਾਰੀ ਦੇ ਸ਼ਿਕਾਰ ਹਨ, ਜਿਸ ਕਾਰਣ ਕੋਰੋਨਾ ਦੀ ਹਾਲਤ ਉਨ੍ਹਾਂ ਲਈ ਵਧੇਰੇ ਗੰਭੀਰ ਹੋ ਜਾਂਦੀ ਹੈ ਤੇ ਮੌਤ ਦਾ ਖ਼ਤਰਾ ਵੀ ਜ਼ਿਆਦਾ ਹੁੰਦਾ ਹੈ।
‘ਏਮਸ’ ਨੇ ਇਹ ਅਧਿਐਨ ਪਿਛਲੇ ਸਾਲ 4 ਅਪ੍ਰੈਲ ਤੋਂ ਲੈ ਕੇ 24 ਜੁਲਾਈ ਦੌਰਾਨ ਕੀਤਾ ਗਿਆ। ਕੁੱਲ 654 ਮਰੀਜ਼ ਆਈਸੀਯੂ ’ਚ ਦਾਖ਼ਲ ਹੋਏ ਸਨ; ਜਿਨ੍ਹਾਂ ਵਿੱਚੋਂ 227 ਭਾਵ 37.7 ਫ਼ੀਸਦੀ ਦੀ ਮੌਤ ਹੋ ਗਈ। ਅਧਿਐਨ ਵਿੱਚ 65 ਫ਼ੀਸਦੀ ਮਰਦ ਸਨ, ਮਰਨ ਵਾਲਿਆਂ ਦੀ ਔਸਤ ਉਮਰ 56 ਸਾਲ ਸੀ ਪਰ ਸਭ ਤੋਂ ਘੱਟ 18 ਸਾਲ ਦੇ ਨੌਜਵਾਨ ਦੀ ਵੀ ਮੌਤ ਹੋਈ ਸੀ ਤੇ ਵੱਧ ਤੋਂ ਵੱਧ 97 ਸਾਲ ਦੇ ਬਜ਼ੁਰਗ ਦੀ ਵੀ ਮੌਤ ਹੋਈ ਸੀ।
ਇਸ ਬਾਰੇ ਏਮਸ ਟ੍ਰੌਮਾ ਸੈਂਟਰ ਦੇ ਚੀਫ਼ ਡਾਕਟਰ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਇਹ ਤੱਥ ਕੁਝ ਹੈਰਾਨ ਕਰ ਦੇਣ ਵਾਲਾ ਹੈ ਕਿ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਮੌਤ ਦਾ ਅੰਕੜਾ ਵੱਧ ਹੈ। ‘ਨਵਭਾਰਤ ਟਾਈਮਜ਼’ ਦੀ ਰਿਪੋਰਟ ਅਨੁਸਾਰ ਇਸ ਅਧਿਐਨ ਮੁਤਾਬਕ ਮਰਨ ਵਾਲੇ ਮਰੀਜ਼ਾਂ ਵਿੱਚੋਂ 42.1 ਫ਼ੀਸਦੀ ਦੀ ਉਮਰ 50 ਸਾਲ ਤੋਂ ਘੱਟ ਹੈ, ਜਦ ਕਿ 51 ਤੋਂ 65 ਸਾਲ ਵਿਚਕਾਰ ਇਹ 34.8 ਫ਼ੀਸਦੀ ਤੇ 65 ਸਾਲ ਤੋਂ ਵੱਧ 23.1 ਫ਼ੀਸਦੀ ਹੈ।
ਇਹ ਵੀ ਪੜ੍ਹੋ: ਅਮਰੀਕਾ ਜਾਣ ਵਾਲਿਆਂ ਲਈ ਖੁਸ਼ਖਬਰੀ! H-1B ਵੀਜ਼ਾ ਲਈ ਬਿਨੈਕਾਰਾਂ ਨੂੰ ਵੱਡੀ ਛੋਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin