ਮੂਨ ਮਿਸ਼ਨ 'ਤੇ NASA ਨੇ ਸਾਂਝੀ ਕੀਤੀ ਅਹਿਮ ਜਾਣਕਾਰੀ
ਯੂਐਸ ਪੁਲਾੜ ਏਜੰਸੀ ਨਾਸਾ ਨੇ ਚੰਦਰਮਾ 'ਤੇ ਵੱਖ-ਵੱਖ ਪੁਲਾੜ ਏਜੰਸੀ ਦੁਆਰਾ ਲੈਂਡਿੰਗ ਕਰਨ ਨਾਲ ਜੁੜੇ ਇੱਕ ਮਹੱਤਵਪੂਰਨ ਤੱਥ ਦਾ ਖੁਲਾਸਾ ਕੀਤਾ ਹੈ। ਨਾਸਾ ਦਾ ਕਹਿਣਾ ਹੈ ਕਿ ਪਿਛਲੇ 60 ਸਾਲਾਂ ਵਿੱਚ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਨਾਲ ਸਬੰਧਤ ਸਿਰਫ ਅੱਧੇ ਚੰਦ ਮਿਸ਼ਨ ਹੀ ਸਫਲ ਹੋਏ ਹਨ।
ਨਵੀਂ ਦਿੱਲੀ: ਯੂਐਸ ਪੁਲਾੜ ਏਜੰਸੀ ਨਾਸਾ ਨੇ ਚੰਦਰਮਾ 'ਤੇ ਵੱਖ-ਵੱਖ ਪੁਲਾੜ ਏਜੰਸੀ ਦੁਆਰਾ ਲੈਂਡਿੰਗ ਕਰਨ ਨਾਲ ਜੁੜੇ ਇੱਕ ਮਹੱਤਵਪੂਰਨ ਤੱਥ ਦਾ ਖੁਲਾਸਾ ਕੀਤਾ ਹੈ। ਨਾਸਾ ਦਾ ਕਹਿਣਾ ਹੈ ਕਿ ਪਿਛਲੇ 60 ਸਾਲਾਂ ਵਿੱਚ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਨਾਲ ਸਬੰਧਤ ਸਿਰਫ ਅੱਧੇ ਚੰਦ ਮਿਸ਼ਨ ਹੀ ਸਫਲ ਹੋਏ ਹਨ।
ਏਜੰਸੀ ਮੁਤਾਬਕ 1958 ਤੋਂ ਲੈ ਕੇ ਹੁਣ ਤਕ ਕੁੱਲ 109 ਚੰਦ ਮਿਸ਼ਨ ਆਯੋਜਿਤ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 61 ਸਫ਼ਲ ਹੋਏ ਸਨ। ਕਰੀਬ 46 ਮਿਸ਼ਨ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਨਾਲ ਜੁੜੇ ਹੋਏ ਸਨ, ਜਿਨ੍ਹਾਂ ਵਿੱਚ ਰੋਵਰ ਦੀ 'ਲੈਂਡਿੰਗ' ਤੇ 'ਸੈਂਪਲ ਰਿਟਰਨ' ਸ਼ਾਮਲ ਸਨ। ਇਨ੍ਹਾਂ ਵਿੱਚੋਂ 21 ਸਫਲ ਹੋਏ ਜਦਕਿ ਦੋ ਅੰਸ਼ਕ ਤੌਰ ’ਤੇ ਸਫਲ ਰਹੇ।
ਦੱਸ ਦੇਈਏ 'ਸੈਂਪਲ ਰਿਟਰਨ' ਉਸ ਮਿਸ਼ਨ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਨਮੂਨੇ ਇਕੱਠੇ ਕਰਨ ਤੇ ਉਨ੍ਹਾਂ ਨੂੰ ਧਰਤੀ ਉੱਤੇ ਵਾਪਸ ਲੈ ਕੇ ਆਉਣਾ ਸ਼ਾਮਲ ਹੁੰਦਾ ਹੈ। ਪਹਿਲਾ ਸਫਲ ਸੈਂਪਲ ਰਿਟਰਨ ਮਿਸ਼ਨ ਅਮਰੀਕਾ ਦਾ 'ਅਪੋਲੋ 12' ਸੀ ਜੋ ਨਵੰਬਰ 1969 ਵਿੱਚ ਸ਼ੁਰੂ ਕੀਤਾ ਗਿਆ ਸੀ।
ਹਾਲਾਂਕਿ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਚੰਦਰਯਾਨ-2 ਦੇ ਵਿਕਰਮ ਲੈਂਡਰ ਦੀ ਸਾਫਟ ਲੈਂਡਿੰਗ ਦੀ ਮੁਹਿੰਮ ਸ਼ਨੀਵਾਰ ਨੂੰ ਆਪਣੀ ਤੈਅ ਯੋਜਨਾ ਅਨੁਸਾਰ ਪੂਰੀ ਨਹੀਂ ਹੋ ਸਕੀ। ਲੈਂਡਰ ਦਾ ਆਖਰੀ ਮਿੰਟ 'ਤੇ ਗਰਾਊਂਡ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ।
ਇਸਰੋ ਅਧਿਕਾਰੀਆਂ ਮੁਤਾਬਕ ਚੰਦਰਯਾਨ-2 ਦਾ ਆਰਬਿਟਰ ਪੂਰੀ ਤਰ੍ਹਾਂ ਸੁਰੱਖਿਅਤ ਤੇ ਸਹੀ ਹੈ। ਇਸ ਸਾਲ ਇਜ਼ਰਾਈਲ ਨੇ ਫਰਵਰੀ, 2018 ਵਿੱਚ ਚੰਦਰ ਮਿਸ਼ਨ ਸ਼ੁਰੂ ਕੀਤਾ ਸੀ, ਪਰ ਉਹ ਅਪਰੈਲ ਵਿੱਚ ਨਸ਼ਟ ਹੋ ਗਿਆ। ਭਾਰਤ ਨੇ 2008 ਵਿੱਚ ਚੰਦਰਯਾਨ-1 ਮਿਸ਼ਨ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਇਕ 'ਆਰਬਿਟਰ' ਤੇ ਇੱਕ 'ਇੰਸਪੈਕਟਰ' ਸ਼ਾਮਲ ਸੀ। ਇਸ ਮਿਸ਼ਨ ਦੀ ਇੱਕ ਪ੍ਰਾਪਤੀ ਚੰਦਰਮਾ 'ਤੇ ਪਾਣੀ ਦੇ ਕਣਾਂ ਦੀ ਖੋਜ ਸੀ।
2000 ਤੋਂ 2009 ਤਕ ਛੇ ਮੂਨ ਮਿਸ਼ਨ ਸ਼ੁਰੂ ਕੀਤੇ ਗਏ। ਇਨ੍ਹਾਂ ਵਿੱਚ ਯੂਰਪ ਦਾ ਸਮਾਰਟ-1, ਜਾਪਾਨ ਦਾ ਸੈਲੇਨ, ਚੀਨ ਦਾ ਚੇਂਜ'ਈ-1, ਭਾਰਤ ਦਾ ਚੰਦਰਯਾਨ-1 ਤੇ ਅਮਰੀਕਾ ਦਾ ਲੂਨਰ ਰਿਕਾਨੈਂਸਾ ਆਰਬਿਟਰ ਤੇ ਐਲਸੀਸੀਸੀਆਰਓਐਸਐਸ ਸ਼ਾਮਲ ਹਨ। 2000 ਤੋਂ 2019 ਤੱਕ 10 ਮੂਨ ਮਿਸ਼ਨ ਲਾਂਚ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 5 ਚੀਨ ਦੁਆਰਾ, 3 ਅਮਰੀਕਾ ਦੁਆਰਾ ਤੇ ਇੱਕ-ਇੱਕ ਭਾਰਤ ਤੇ ਇਜ਼ਰਾਈਲ ਨੇ ਭੇਜੇ। 1990 ਤੋਂ ਅਮਰੀਕਾ, ਜਾਪਾਨ, ਭਾਰਤ, ਯੂਰਪੀਅਨ ਯੂਨੀਅਨ, ਚੀਨ ਤੇ ਇਜ਼ਰਾਈਲ ਨੇ 19 ਚੰਦਰ ਮਿਸ਼ਨ ਸ਼ੁਰੂ ਕੀਤੇ।