ਨੇਵੀ ਦੇ ਕਲਰਕ 'ਤੇ ਡਿੱਗੀ ਗਾਜ਼, ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ 'ਚ ਗ੍ਰਿਫ਼ਤਾਰ, ਮੋਬਾਈਲ ਚੈਟ 'ਚੋਂ ਹੈਰਾਨ ਕਰਨ ਵਾਲੇ ਖੁਲਾਸੇ
ਪੁਲਿਸ ਨੇ ਨੇਵੀ ਭਵਨ ਵਿੱਚ ਕੰਮ ਕਰਦੇ ਇੱਕ ਅਪਰ ਡਿਵੀਜ਼ਨ ਕਲਰਕ (UDC) ਵਿਸ਼ਾਲ ਯਾਦਵ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਵਿਸ਼ਾਲ ਸੋਸ਼ਲ ਮੀਡੀਆ ਰਾਹੀਂ ਗੁਪਤ ਜਾਣਕਾਰੀਆਂ ਭੇਜ ਰਿਹਾ ਸੀ।

Navy Clerk Arrested from Delhi HQ for Spying for Pakistan’s ISI : ਪੁਲਿਸ ਨੇ ਨੇਵੀ ਭਵਨ ਵਿੱਚ ਕੰਮ ਕਰਦੇ ਇੱਕ ਅਪਰ ਡਿਵੀਜ਼ਨ ਕਲਰਕ (UDC) ਵਿਸ਼ਾਲ ਯਾਦਵ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਵਿਸ਼ਾਲ ਸੋਸ਼ਲ ਮੀਡੀਆ ਰਾਹੀਂ ਗੁਪਤ ਜਾਣਕਾਰੀਆਂ ਭੇਜ ਰਿਹਾ ਸੀ। ਇਹ ਗ੍ਰਿਫ਼ਤਾਰੀ ਰਾਜਸਥਾਨ ਪੁਲਿਸ ਦੀ ਖੁਫੀਆ ਸ਼ਾਖਾ ਵੱਲੋਂ ਨਵੀਂ ਦਿੱਲੀ ਤੋਂ ਕੀਤੀ ਗਈ।
ਪੁਲਿਸ ਮਹਾਨਿਰਦੇਸ਼ਕ (CID-ਸੁਰੱਖਿਆ) ਵਿਸ਼ਨੂੰ ਕਾਂਤ ਗੁਪਤਾ ਨੇ ਦੱਸਿਆ ਕਿ ਯੂਡੀਸੀ ਵਿਸ਼ਾਲ ਯਾਦਵ ਨੂੰ ਬੁੱਧਵਾਰ, 25 ਜੂਨ ਨੂੰ ‘ਸਰਕਾਰੀ ਗੁਪਤ ਭੇਦ ਐਕਟ 1923’ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਉਹ ਪੁਨਸਿਕਾ, ਰੇਵਾੜੀ (ਹਰਿਆਣਾ) ਦਾ ਰਹਿਣ ਵਾਲਾ ਹੈ। ਗੁਪਤਾ ਨੇ ਕਿਹਾ ਕਿ ਰਾਜਸਥਾਨ ਪੁਲਿਸ ਦੀ ‘ਸੀਆਈਡੀ-ਇੰਟੈਲੀਜੈਂਸ’ ਪਾਕਿਸਤਾਨੀ ਖੁਫੀਆ ਏਜੰਸੀਆਂ ਦੀਆਂ ਜਾਸੂਸੀ ਗਤੀਵਿਧੀਆਂ ’ਤੇ ਲਗਾਤਾਰ ਨਿਗਰਾਨੀ ਰੱਖ ਰਹੀ ਸੀ।
ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਨੂੰ ਜਾਣਕਾਰੀਆਂ ਭੇਜ ਰਿਹਾ ਸੀ ਵਿਸ਼ਾਲ
ਉਨ੍ਹਾਂ ਨੇ ਦੱਸਿਆ, “ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਸਥਿਤ ਨੌਸੈਨਾ ਭਵਨ ਦੇ ‘ਡਾਇਰੈਕਟੋਰੇਟ ਆਫ ਡੌਕਯਾਰਡ’ ਵਿਭਾਗ ਵਿੱਚ ਕੰਮ ਕਰ ਰਿਹਾ ਵਿਸ਼ਾਲ ਯਾਦਵ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਖੁਫੀਆ ਏਜੰਸੀ ਦੀ ਇੱਕ ਮਹਿਲਾ ਹੈਂਡਲਰ ਦੇ ਨਿਰੰਤਰ ਸੰਪਰਕ ਵਿੱਚ ਸੀ।
ਇਹ ਮਹਿਲਾ, ਜਿਸ ਦਾ ਨਕਲੀ ਨਾਂ 'ਪ੍ਰੀਆ ਸ਼ਰਮਾ' ਦੱਸਿਆ ਜਾ ਰਿਹਾ ਹੈ, ਵਿਸ਼ਾਲ ਨੂੰ ਪੈਸਿਆਂ ਦਾ ਲਾਲਚ ਦੇ ਕੇ ਨੌਸੈਨਾ ਭਵਨ ਵਿੱਚੋਂ ਰਣਨੀਤਕ ਮਹੱਤਤਾ ਵਾਲੀਆਂ ਗੁਪਤ ਜਾਣਕਾਰੀਆਂ ਨਿਕਲਵਾਉਣ ਲਈ ਉਕਸਾ ਰਹੀ ਸੀ।”
ਆਨਲਾਈਨ ਗੇਮਾਂ ਦੀ ਲੱਗ ਗਈ ਸੀ ਲਤ
ਗੁਪਤਾ ਨੇ ਕਿਹਾ, “ਪ੍ਰਾਰੰਭਿਕ ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਹੈ ਕਿ ਵਿਸ਼ਾਲ ਯਾਦਵ ਆਨਲਾਈਨ ਗੇਮਾਂ ਖੇਡਣ ਦਾ ਆਦੀ ਸੀ ਅਤੇ ਆਪਣੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਉਸਨੇ ਪਾਕਿਸਤਾਨੀ ਮਹਿਲਾ ਹੈਂਡਲਰ ਨੂੰ ਸੰਵੇਦਨਸ਼ੀਲ ਜਾਣਕਾਰੀਆਂ ਦੇਣੀ ਸ਼ੁਰੂ ਕਰ ਦਿੱਤੀ। ਉਹ ਆਪਣੇ ਕਰਿਪਟੋਕਰੰਸੀ ਟਰੇਡਿੰਗ ਅਕਾਊਂਟ ਵਿੱਚ 'USDT' ਰਾਹੀਂ ਅਤੇ ਸਿੱਧਾ ਆਪਣੇ ਬੈਂਕ ਖਾਤਿਆਂ ਵਿੱਚ ਰਕਮ ਪ੍ਰਾਪਤ ਕਰ ਰਿਹਾ ਸੀ।”
ਮੋਬਾਈਲ ਚੈਟ ਤੋਂ ਮਿਲੇ ਕਈ ਖੁਫੀਆ ਦਸਤਾਵੇਜ਼
ਸ਼ੱਕੀ ਵਿਅਕਤੀ ਦੇ ਮੋਬਾਈਲ ਤੋਂ ਮਿਲੀਆਂ ਚੈਟਾਂ ਅਤੇ ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਵਿਸ਼ਾਲ ਨੇ 'ਓਪਰੇਸ਼ਨ ਸਿੰਦੂਰ' ਮੁਹਿੰਮ ਦੌਰਾਨ ਵੀ ਨੌਸੈਨਾ ਅਤੇ ਹੋਰ ਰੱਖਿਆ ਸੰਬੰਧੀ ਗੁਪਤ ਜਾਣਕਾਰੀਆਂ ਪਾਕਿਸਤਾਨੀ ਮਹਿਲਾ ਨੂੰ ਮੁਹੱਈਆ ਕਰਵਾਈਆਂ। ਕਈ ਖੁਫੀਆ ਏਜੰਸੀਆਂ ਜੈਪੁਰ ਦੇ ਕੇਂਦਰੀ ਪੁੱਛਗਿੱਛ ਕੇਂਦਰ 'ਤੇ ਵਿਸ਼ਾਲ ਨਾਲ ਸਾਂਝੀ ਤੌਰ 'ਤੇ ਪੁੱਛਗਿੱਛ ਕਰ ਰਹੀਆਂ ਹਨ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹੁਣ ਤੱਕ ਉਸ ਨੇ ਕੀ–ਕੀ ਜਾਣਕਾਰੀਆਂ ਪਾਕਿਸਤਾਨ ਭੇਜੀਆਂ ਹਨ।






















