ਬੀਜੇਪੀ ਲੀਡਰਾਂ ਨਾਲ ਮੀਟਿੰਗਾਂ ਕਰਨ ਵਾਲੇ ਨਿਹੰਗ ਬਾਬਾ ਅਮਨ ਬਾਰੇ ਵੱਡਾ ਖੁਲਾਸਾ, ਮਾਪਿਆਂ ਨੇ ਦੱਸੀ ਹਕੀਕਤ
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਬਾਬਾ ਅਮਨ ਸਿੰਘ ਦਾ ਨਾਂ ਸਾਹਮਣੇ ਆਇਆ ਸੀ ਜਿਸ ਕਰਕੇ ਉਸ ਨੂੰ ਕੇਸ ਸ਼ਾਮਲ ਕਰ ਲਿਆ ਗਿਆ ਸੀ। ਬਾਬਾ ਅਮਨ ਸਿੰਘ ਨੂੰ ਮਗਰੋਂ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
ਚੰਡੀਗੜ੍ਹ: ਸਿੰਘੂ ਬਾਰਡਰ ਮੋਰਚੇ ’ਤੇ ਤਰਨ ਤਾਰਨ ਦੇ ਨੌਜਵਾਨ ਲਖਬੀਰ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਤੇ ਬੀਜੇਪੀ ਲੀਡਰਾਂ ਨਾਲ ਮੀਟਿੰਗਾਂ ਕਰਨ ਮਗਰੋਂ ਚਰਚਾ ਵਿੱਚ ਆਏ ਨਿਹੰਗ ਬਾਬਾ ਅਮਨ ਸਿੰਘ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਸਾਹਮਣੇ ਆਇਆ ਹੈ ਕਿ ਨਿਹੰਗ ਅਮਨ ਸਿੰਘ ਨਸ਼ਿਆਂ ਦੇ ਕੇਸ ਵਿੱਚ ਵੀ ਘਿਰਿਆ ਹੋਇਆ ਹੈ। ਉਸ ਖਿਲਾਫ਼ ਮਹਿਲ ਕਲਾਂ ਪੁਲਿਸ ਨੇ 14 ਜਨਵਰੀ 2018 ਨੂੰ ਐਨਡੀਪੀਐਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਬਾਬਾ ਅਮਨ ਸਿੰਘ ਦਾ ਨਾਂ ਸਾਹਮਣੇ ਆਇਆ ਸੀ ਜਿਸ ਕਰਕੇ ਉਸ ਨੂੰ ਕੇਸ ਸ਼ਾਮਲ ਕਰ ਲਿਆ ਗਿਆ ਸੀ। ਬਾਬਾ ਅਮਨ ਸਿੰਘ ਨੂੰ ਮਗਰੋਂ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਥਾਣਾ ਮਹਿਲ ਕਲਾਂ ਦੇ ਐਸਐਚਓ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀਆਈਏ ਇੰਚਾਰਜ ਬਲਜੀਤ ਸਿੰਘ ਵੱਲੋਂ ਮਾਰੇ ਗਏ ਛਾਪੇ ਦੌਰਾਨ 14 ਜਨਵਰੀ 2018 ਨੂੰ 910 ਕਿਲੋ ਗਾਂਜਾ ਬਰਾਮਦ ਕਰਕੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਇਸ ਕੇਸ ’ਚ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਕੀਤੀ ਪੜਤਾਲ ਮਗਰੋਂ ਤਿੰਨ ਹੋਰ ਮੁਲਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ’ਚ ਸਰਬਜੀਤ ਸਿੰਘ, ਅਮਨ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬਬਨਪੁਰ (ਧੂਰੀ) ਤੋਂ ਇਲਾਵਾ ਸੰਦੀਪ ਸਿੰਘ ਪੋਪੀ ਸ਼ਾਮਲ ਸਨ। ਅਮਨ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਕਰਵਾ ਲਈ ਸੀ। ਉਨ੍ਹਾਂ ਦੱਸਿਆ ਕਿ ਅਮਨ ਸਿੰਘ ਪਿਛਲੇ ਸਾਲ ਉਨ੍ਹਾਂ ਕੋਲ ਪੇਸ਼ ਹੋਇਆ ਸੀ। ਪੁਲਿਸ ਇਸ ਮਾਮਲੇ ਵਿੱਚ ਚਲਾਨ ਪੇਸ਼ ਕਰ ਰਹੀ ਹੈ।
ਦੱਸ ਦਈਏ ਕਿ ਬਾਬਾ ਅਮਨ ਦਾ ਧੂਰੀ ਨੇੜੇ ਜੱਦੀ ਪਿੰਡ ਬੱਬਨਪੁਰ ਹੈ। ਉਸ ਨੂੰ 2018 ਵਿੱਚ ਹੀ ਮਾਪਿਆਂ ਨੇ ਘਰੋਂ ਬੇਦਖ਼ਲ ਕਰ ਦਿੱਤਾ ਸੀ। ਉਹ ਪਹਿਲਾਂ ਕਬੱਡੀ ਦਾ ਖਿਡਾਰੀ ਸੀ ਤੇ ਨਿਹੰਗ ਸਿੰਘਾਂ ਦੇ ਸੰਪਰਕ ਵਿੱਚ ਆ ਗਿਆ। ਬਾਬਾ ਅਮਨ ਸਿੰਘ ਦੇ ਪਿੰਡ ਬੱਬਨਪੁਰ ਵਿੱਚ ਰਹਿੰਦੇ ਉਸ ਦੇ ਮਾਪਿਆਂ ਦੀ ਹਾਲਤ ਤਰਸਯੋਗ ਹੈ। ਬਾਬਾ ਅਮਨ ਸਿੰਘ ਦਾ ਪਿਤਾ ਗਿਆਨ ਸਿੰਘ (60) ਕੈਂਸਰ ਦਾ ਮਰੀਜ਼ ਹੈ ਤੇ ਮਾਤਾ ਕਰਮਜੀਤ ਕੌਰ ਵੀ ਬਿਮਾਰ ਰਹਿੰਦੀ ਹੈ।
ਗਿਆਨ ਸਿੰਘ ਨੇ ਦੱਸਿਆ ਕਿ ਅਮਨ ਸਿੰਘ ਬਚਪਨ ਵਿੱਚ ਕਬੱਡੀ ਖੇਡਦਾ ਰਿਹਾ ਹੈ। ਉਸ ਦਾ ਚਾਲ-ਚਲਣ ਸਾਫ਼-ਸੁਥਰਾ ਸੀ। ਉਹ ਕੋਈ ਨਸ਼ਾ ਨਹੀਂ ਸੀ ਕਰਦਾ ਪਰ ਪੜ੍ਹਾਈ ਵਿੱਚ ਉਸ ਦੀ ਦਿਲਚਸਪੀ ਘੱਟ ਸੀ। ਕੁਝ ਸਾਲ ਪਹਿਲਾਂ ਉਹ ਨਿਹੰਗ ਜਥੇਬੰਦੀ ਦੇ ਸੰਪਰਕ ਵਿੱਚ ਆ ਗਿਆ, ਜਿਸ ਤੋਂ ਬਾਅਦ ਉਹ ਬਦਲ ਗਿਆ। ਅਮਨ ਦੇ ਬਦਲੇ ਸੁਭਾਅ ਕਾਰਨ ਉਨ੍ਹਾਂ ਨੇ ਉਸ ਨੂੰ 17 ਅਪਰੈਲ 2018 ਨੂੰ ਬੇਦਖ਼ਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਹ ਪਿੰਡ ਵਿਚ ਕਿਸੇ ਦੇ ਘਰ ਵਿੱਚ ਰਹਿ ਕੇ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ।