New Virus alert: ਹੁਣ ਇਸ ਵਾਇਰਸ ਦੀ ਭਾਰਤ ਵਿਚ ਦਸਤਕ, ਮਰੀਜ਼ ਦੀ ਮੌਤ ਤੋਂ ਬਾਅਦ ਐਡਵਾਇਜ਼ਰੀ ਜਾਰੀ
Nipah Virus: ਕੇਂਦਰ ਦੇ ਸਿਹਤ ਵਿਭਾਗ ਨੇ ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿਚ ਨਿਪਾਹ ਵਾਇਰਸ ਦੀ ਪੁਸ਼ਟੀ ਕੀਤੀ ਹੈ ਅਤੇ ਨਿਪਾਹ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਤੁਰਤ ਜਨਤਕ ਉਪਾਅ ਕਰਨ ਦੀ ਸਲਾਹ ਦਿੱਤੀ ਹੈ।
Nipah Virus: ਕੇਂਦਰ ਦੇ ਸਿਹਤ ਵਿਭਾਗ ਨੇ ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿਚ ਨਿਪਾਹ ਵਾਇਰਸ ਦੀ ਪੁਸ਼ਟੀ ਕੀਤੀ ਹੈ ਅਤੇ ਨਿਪਾਹ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਤੁਰਤ ਜਨਤਕ ਉਪਾਅ ਕਰਨ ਦੀ ਸਲਾਹ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੀ ਮਾਹਿਰਾਂ ਦੀ ਇੱਕ ਟੀਮ ਕੇਰਲ ਭੇਜ ਰਹੀ ਹੈ, ਤਾਂ ਜੋ ਸਥਿਤੀ ਦਾ ਜਾਇਜ਼ਾ ਲੈ ਕੇ ਜਾਨਲੇਵਾ ਇਨਫੈਕਸ਼ਨ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾ ਸਕਣ। ਮਲੱਪੁਰਮ ਦੇ ਇਕ 14 ਸਾਲਾ ਲੜਕੇ ਵਿਚ AES ਦੇ ਲੱਛਣ ਦਿਖਾਈ ਦਿੱਤੇ ਅਤੇ ਉਸ ਨੂੰ ਕੋਜ਼ੀਕੋਡ ਦੇ ਇਕ ਉੱਚ ਸਿਹਤ ਕੇਂਦਰ ਵਿੱਚ ਰੈਫਰ ਕੀਤਾ ਗਿਆ ਹੈ। ਹਾਲਾਂਕਿ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।
ਬਾਅਦ ਵਿਚ ਨਮੂਨੇ ਨੂੰ ਜਾਂਚ ਲਈ NIV (ਪੁਣੇ) ਭੇਜਿਆ ਗਿਆ। NIV ਨੇ ਨਿਪਾਹ ਵਾਇਰਸ ਦੀ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਨਿਪਾਹ ਵਾਇਰਸ ਦਾ ਅਸਰ ਕੇਰਲ ਵਿੱਚ ਜ਼ਿਆਦਾ ਕਿਉਂ ਦੇਖਣ ਨੂੰ ਮਿਲ ਰਿਹਾ ਹੈ? ਕੇਰਲ ‘ਚ ਨਿਪਾਹ ਵਾਇਰਸ ਦਾ ਪ੍ਰਕੋਪ ਕਿਉਂ ਵਧ ਰਿਹਾ ਹੈ, ਇਸ ਦਾ ਜਵਾਬ ਜਾਣਨ ਤੋਂ ਪਹਿਲਾਂ ਇਹ ਜਾਣਕਾਰੀ ਹਾਸਲ ਕਰਨੀ ਜ਼ਿਆਦਾ ਜ਼ਰੂਰੀ ਹੈ ਕਿ ਇਸ ਵਾਇਰਸ ਕਾਰਨ ਇਨਫੈਕਸ਼ਨ ਕਿਵੇਂ ਫੈਲਦੀ ਹੈ?
ਨਿਪਾਹ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਦਾ ਹੈ
ਦਰਅਸਲ, ਨਿਪਾਹ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਦਾ ਹੈ। ਚਮਗਿੱਦੜ ਅਤੇ ਸੂਰ ਜਾਂ ਇਸ ਤਰ੍ਹਾਂ ਦੇ ਜਾਨਵਰ ਜੋ ਫਲ ਖਾਂਦੇ ਹਨ, ਉਹ ਇਸ ਵਾਇਰਸ ਲਈ ਸਭ ਤੋਂ ਢੁਕਵੇਂ ਹਨ। ਇਸ ਸੰਕਰਮਣ ਦਾ ਪਹਿਲਾ ਮਾਮਲਾ ਕੰਪੁੰਗ ਸੁੰਗਈ ਨਿਪਾਹ, ਮਲੇਸ਼ੀਆ ਵਿੱਚ ਸਾਹਮਣੇ ਆਇਆ ਸੀ। ਉਦੋਂ ਤੋਂ ਇਸ ਨੂੰ ਨਿਪਾਹ ਵਾਇਰਸ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਨਿਪਾਹ ਵਾਇਰਸ ਦੀ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਲ 1998 ਵਿੱਚ ਸਾਹਮਣੇ ਆਇਆ ਸੀ। ਦੱਸ ਦਈਏ ਕਿ 40 ਤੋਂ 75 ਫੀਸਦੀ ਮਾਮਲਿਆਂ ਵਿੱਚ ਸੰਕਰਮਿਤ ਵਿਅਕਤੀ ਦੀ ਮੌਤ ਦਾ ਖਤਰਾ ਹੁੰਦਾ ਹੈ।
ਵਾਇਰਸ ਦੀ ਇਨਫੈਕਸ਼ਨ ਦੇ ਲੱਛਣ
ਬੁਖ਼ਾਰ, ਸਿਰ ਦਰਦ, ਸਾਹ ਲੈਣ ਵਿਚ ਮੁਸ਼ਕਲ, ਖੰਘ, ਦਸਤ, ਉਲਟੀ, ਮਾਸਪੇਸ਼ੀ ਦੇ ਦਰਦ ਅਤੇ ਗੰਭੀਰ ਕਮਜ਼ੋਰੀ ਇਸ ਦੇ ਮੁੱਖ ਲੱਛਣ ਹਨ। ਆਮ ਤੌਰ ‘ਤੇ, ਨਿਪਾਹ ਵਾਇਰਸ ਦੇ ਸੰਪਰਕ ਵਿੱਚ ਆਉਣ ਦੇ ਚਾਰ ਤੋਂ 14 ਦਿਨਾਂ ਦੇ ਅੰਦਰ ਲੱਛਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ।
ਪਹਿਲਾਂ ਬੁਖਾਰ ਜਾਂ ਸਿਰਦਰਦ ਅਤੇ ਬਾਅਦ ਵਿੱਚ ਖੰਘ ਅਤੇ ਸਾਹ ਲੈਣ ਵਿੱਚ ਤਕਲੀਫ ਵਰਗੀਆਂ ਸਮੱਸਿਆਵਾਂ ਦਿਖਾਈ ਦੇਣ ਲੱਗਦੀਆਂ ਹਨ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਭਾਰਤ ਵਿੱਚ ਪਹਿਲੀ ਵਾਰ ਪੱਛਮੀ ਬੰਗਾਲ ਵਿੱਚ ਨਿਪਾਹ ਵਾਇਰਸ ਦਾ ਸੰਕਰਮਣ ਫੈਲਿਆ ਹੈ। ਪੱਛਮੀ ਬੰਗਾਲ ਵਿੱਚ ਨਿਪਾਹ ਵਾਇਰਸ ਫੈਲਣ ਦਾ ਦੂਜਾ ਮਾਮਲਾ ਵੀ ਸਾਹਮਣੇ ਆਇਆ ਹੈ।
ਕੇਰਲ ਵਿੱਚ ਅਜਿਹਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਨਿਪਾਹ ਵਾਇਰਸ ਸੰਕਰਮਣ ਪੱਛਮੀ ਬੰਗਾਲ ਵਿੱਚ 2001 ਅਤੇ 2007 ਵਿੱਚ ਦੋ ਵਾਰ ਫੈਲਿਆ। ਇਸ ਤੋਂ ਬਾਅਦ ਮਈ 2018 ‘ਚ ਕੇਰਲ ‘ਚ ਪਹਿਲੀ ਵਾਰ ਨਿਪਾਹ ਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਸੀ। ਪਿਛਲੇ ਕੁਝ ਸਾਲਾਂ ਤੋਂ ਕੇਰਲ ‘ਚ ਨਿਪਾਹ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।