Election Update: JJP ਦੇ ਸੂਬਾ ਪ੍ਰਧਾਨ ਨੇ ਛੱਡੀ ਪਾਰਟੀ, ਵਿਧਾਇਕਾਂ ਸਮੇਤ ਕਾਂਗਰਸ ਨਾਲ ਮਿਲਾਉਣਗੇ ਹੱਥ ?
ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸੱਤਾ ਦਾ ਸਾਢੇ ਚਾਰ ਸੁੱਖ ਮਾਣ ਕੇ ਅਜੇ ਚੌਟਾਲਾ ਦੀ ਅਗਵਾਈ ਵਾਲੀ ਪਾਰਟੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਕਿ ਉਹ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਉੱਤੇ ਆਪਣੇ ਦਮ ਉੱਤੇ ਚੋਣਾਂ ਲੜੇਗੀ।
Election Update: ਹਰਿਆਣਾ ਵਿੱਚ ਜਨ ਨਾਇਕ ਜਨਤਾ ਪਾਰਟੀ(JJP) ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਨਿਸ਼ਾਨ ਸਿੰਘ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਕਿਆਸਰਾਈਆਂ ਹਨ। ਇਹ ਵੀ ਚਰਚਾਵਾਂ ਹਨ ਕਿ ਜੇਜੇਪੀ ਦੇ ਕਈ ਵਿਧਾਇਕ ਵੀ ਉਨ੍ਹਾਂ ਦੇ ਨਾਲ ਹੀ ਜਾ ਸਕਦੇ ਹਨ। ਦੱਸ ਦਈਏ ਕਿ 2018 ਵਿੱਚ ਜੇਜੇਪੀ ਦੇ ਬਣਨ ਤੋਂ ਬਾਅਦ ਨਿਸ਼ਾਨ ਸਿੰਘ ਨੂੰ ਸੂਬੇ ਦੀ ਪ੍ਰਧਾਨਗੀ ਦਿੱਤੀ ਗਈ ਸੀ।
ਜ਼ਿਕਰ ਕਰ ਦਈਏ ਕਿ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸੱਤਾ ਦਾ ਸਾਢੇ ਚਾਰ ਸੁੱਖ ਮਾਣ ਕੇ ਅਜੇ ਚੌਟਾਲਾ ਦੀ ਅਗਵਾਈ ਵਾਲੀ ਪਾਰਟੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਕਿ ਉਹ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਉੱਤੇ ਆਪਣੇ ਦਮ ਉੱਤੇ ਚੋਣਾਂ ਲੜੇਗੀ।
ਦੱਸ ਦਈਏ ਕਿ ਹਰਿਆਣਾ ਵਿੱਚ 25 ਮਈ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਵੇਗੀ ਤੇ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਸਾਰੀਆਂ ਸੀਟਾਂ ਉੱਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।
ਉੱਥੇ ਹੀ ਜੇਜੇਪੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਤੋਂ ਇਲਾਵਾ ਪਾਰਟੀ ਦੀ ਰਾਸ਼ਟਰੀ ਸਕੱਤਰ ਜਨਰਲ ਤੇ ਨਾਰਨੌਲ ਨਗਰ ਪਰਿਸ਼ਦ ਦੀ ਚੇਅਰਪਰਸਨ ਕਮਲੇਸ਼ ਸੈਣੀ ਨੇ ਵੀ ਪਾਰਟੀ ਨੂੰ ਟਾਟਾ-ਬਾਏ ਕਹਿ ਦਿੱਤਾ ਹੈ। ਉਨ੍ਹਾਂ ਜੇਜੇਪੀ ਦੇ ਪ੍ਰਧਾਨ ਅਜੇ ਚੌਟਾਲਾ ਨੂੰ ਈ-ਮੇਲ ਰਾਹੀਂ ਹੀ ਅਸਤੀਫ਼ਾ ਭੇਡਿਆ ਹੈ। ਉਨ੍ਹਾਂ ਲਿਖਿਆ ਕਿ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦਾ ਅਸਤੀਫ਼ਾ ਸਵਿਕਾਰ ਕਰ ਲਿਆ ਜਾਵੇ।
ਭਾਰਤੀ ਜਨਤਾ ਪਾਰਟੀ ਨਾਲੋਂ ਸਾਂਝ ਟੁੱਟਣ ਤੋਂ ਬਾਅਦ ਹੀ ਜੇਜੇਪੀ ਵਿੱਚ ਪਾਟੋਧਾੜ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਜੇਜੇਪੀ ਦੇ ਕੁਝ ਵਿਧਾਇਕ ਨਾਰਾਜ਼ ਦੱਸੇ ਜਾ ਰਹੇ ਹਨ। ਉੱਥੇ ਹੀ ਸੂਬਾ ਪ੍ਰਧਾਨ ਦੀ ਨਾਰਾਜ਼ਗੀ ਪਹਿਲਾਂ ਹੀ ਜੱਗ ਜ਼ਾਹਰ ਹੋ ਚੁੱਕੀ ਹੈ। ਜਦੋਂ 2019 ਵਿੱਚ ਕਾਂਗਰਸ ਛੱਡ ਕੇ ਜੇਜੇਪੀ ਵਿੱਚ ਸ਼ਾਮਲ ਹੋਏ ਦਵੇਂਦਰ ਬਬਲੀ ਨੂੰ ਉਨ੍ਹਾਂ ਦੀ ਜਗ੍ਹਾ ਟਿਕਟ ਦੇ ਦਿੱਤੀ ਗਈ ਸੀ। ਨਿਸ਼ਾਨ ਸਿੰਘ ਨੇ 2000 ਵਿੱਚ ਟੋਹਾਣਾ ਸੀਟ ਤੋਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਸਨ। ਇਸ ਤੋਂ ਬਾਅਦ 2019 ਦੀਆਂ ਚੋਣਾਂ ਵਿੱਚ ਨਿਸ਼ਾਨ ਸਿੰਘ ਨੂੰ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਪਾਰਟੀ ਨੇ ਦਵੇਂਦਰ ਬਬਲੀ ਨੂੰ ਟਿਕਟ ਦੇ ਦਿੱਤੀ ਸੀ ਜਿਸ ਤੋਂ ਬਾਅਦ ਹੀ ਨਾਰਾਜ਼ਗੀ ਦੀਆਂ ਖ਼ਬਰਾਂ ਸਾਮਹਣੇ ਆਈਆਂ ਸਨ।