Online Fraud: ਕੁੜੀ ਨੂੰ 85,000 ਰੁਪਏ 'ਚ ਪਈ ਬੀਅਰ ਦੀ ਬੋਤਲ, ਜਾਣੋ ਹੈਰਾਨ ਕਰਨ ਵਾਲਾ ਮਾਮਲਾ
ਹੁਣ ਤੱਕ ਤੁਸੀਂ ਆਨਲਾਈਨ ਖਾਣਾ ਤੇ ਹੋਰ ਚੀਜ਼ਾਂ ਆਰਡਰ ਕਰਦੇ ਰਹੇ ਹੋ ਪਰ ਆਨਲਾਈਨ ਬੀਅਰ ਮੰਗਵਾਉਣ ਦੀ ਕੀਮਤ ਇੱਕ ਮਹਿਲਾ ਨੂੰ 85 ਹਜ਼ਾਰ ਰੁਪਏ ਅਦਾ ਕਰਕੇ ਚੁਕਾਉਣੀ ਪਈ। ਮਹਿਲਾ ਨੂੰ ਆਨਲਾਈਨ ਬੀਅਰ ਆਰਡਰ ਕਰਨਾ ਭਾਰੀ ਪੈ ਗਿਆ।
ਸੋਨੀਪਤ: ਅਸੀਂ ਅਕਸਰ ਹੀ ਆਨਲਾਈਨ ਵਧ ਰਹੀਆਂ ਠੱਗੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਾਂ। ਆਨਲਾਈਨ ਖਰੀਦਾਰੀ ਸਮੇਂ ਸਮਝਦਾਰੀ ਤੋਂ ਕੰਮ ਲੈਣ ਤੇ ਸੁਚੇਤ ਰਹਿਣ ਦੀ ਅਪੀਲ ਕਰਦੇ ਰਹਿੰਦੇ ਹਾਂ। ਹੁਣ ਹਰਿਆਣਾ ਦੇ ਸੋਨੀਪਤ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਓਪੀ ਜਿੰਦਲ ਯੂਨੀਵਰਸਿਟੀ ਦੀ ਮਹਿਲਾ ਕਰਮਚਾਰੀ ਨੂੰ ਬੀਅਰ ਆਨਲਾਈਨ ਖਰੀਦਣੀ ਮਹਿੰਗੀ ਪੈ ਗਈ।
ਹਾਸਲ ਜਾਣਕਾਰੀ ਮੁਤਾਬਕ ਸਾਈਬਰ ਠੱਗਾਂ ਨੇ ਉਸ ਨੂੰ 85 ਹਜ਼ਾਰ ਰੁਪਏ ਦੇ ਜਾਲ 'ਚ ਫਸਾਇਆ। ਧੋਖਾਧੜੀ ਦੀ ਘਟਨਾ ਤੋਂ ਇੱਕ ਮਹੀਨੇ ਬਾਅਦ ਲੜਕੀ ਨੇ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ ਲੜਕੀ ਨੇ ਗੁਜਰਾਤ ਤੋਂ ਸਥਾਨਕ ਪੁਲਿਸ ਨੂੰ ਡਾਕ ਭੇਜ ਕੇ ਸ਼ਿਕਾਇਤ ਕੀਤੀ ਹੈ।
ਆਪਣੀ ਸ਼ਿਕਾਇਤ ਵਿੱਚ ਸਾਕਸ਼ੀ ਚਿੰਡਾਲੀਆ ਨੇ ਦੱਸਿਆ ਕਿ ਉਹ ਓਪੀ ਜਿੰਦਲ ਯੂਨੀਵਰਸਿਟੀ ਵਿੱਚ ਕੰਮ ਕਰਦੀ ਹੈ। ਉਸ ਨੇ 8 ਮਈ ਦੀ ਰਾਤ 9.20 ਵਜੇ ਵਿਕਰੇਤਾ ਤੋਂ ਬੀਅਰ ਮੰਗਵਾਈ ਸੀ। ਇਸ ਲਈ ਉਸ ਨੇ ਵਿਕਰੇਤਾ ਨੂੰ ਵ੍ਹੱਟਸਐਪ 'ਤੇ ਬੀਅਰ ਭੇਜਣ ਦਾ ਮੈਸੇਜ ਭੇਜਿਆ ਤੇ ਗੂਗਲ ਪੇਅ ਰਾਹੀਂ ਭੁਗਤਾਨ ਕੀਤਾ।
ਉਸ ਨੇ ਅੱਗੇ ਦੱਸਿਆ ਕਿ ਬੀਅਰ ਦੇ ਆਉਣ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਇੱਕ ਨਵੇਂ ਨੰਬਰ ਤੋਂ ਫੋਨ ਆਇਆ। ਕਾਲ ਕਰਨ ਵਾਲੇ ਨੇ ਕਿਹਾ ਕਿ ਤੁਸੀਂ ਬੀਅਰ ਦਾ ਭੁਗਤਾਨ ਕਰਦੇ ਸਮੇਂ ਵਧੇਰੇ ਪੈਸਾ ਭੇਜ ਦਿੱਤੇ। ਤੁਹਾਨੂੰ ਰੁਪਏ ਵਾਪਸ ਭੇਜਣੇ ਹਨ। ਇਸ ਲਈ ਇੱਕ ਓਟੀਪੀ ਆਵੇਗਾ, ਉਹ ਦੱਸ ਦਿਓ।
ਸਾਕਸ਼ੀ ਨੇ ਆਪਣੇ ਮੋਬਾਈਲ 'ਤੇ ਓਟੀਪੀ ਨੂੰ ਕਾਲ ਕਰਨ ਵਾਲੇ ਨੂੰ ਦੱਸਿਆ। ਇਸ ਦੇ ਨਾਲ ਹੀ ਸਾਕਸ਼ੀ ਦੇ ਮੋਬਾਈਲ ਤੇ ਇੱਕ ਕਿਊਆਰ ਕੋਡ ਆਇਆ। ਉਸ ਨੂੰ ਅਚਾਨਕ ਚਾਰ ਵਾਰ ਸਕੈਨ ਕੀਤਾ ਗਿਆ। ਸਾਕਸ਼ੀ ਨੇ ਦੱਸਿਆ ਕਿ ਫਿਰ ਉਸ ਦੇ ਮੋਬਾਈਲ 'ਤੇ ਇੱਕ ਮੈਸੇਜ ਆਇਆ ਜਿਸ 'ਚ 85,518 ਰੁਪਏ ਕੱਟਣ ਬਾਰੇ ਜਾਣਕਾਰੀ ਮਿਲੀ।
ਇਸ ਤੋਂ ਬਾਅਦ ਉਸ ਨੇ ਇਸ ਨੰਬਰ 'ਤੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਤੋਂ ਕਾਲ ਨਹੀਂ ਆਈ। ਉਨ੍ਹਾਂ ਇਸ ਮਾਮਲੇ ਸਬੰਧੀ ਬੈਂਕ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਠੋਸ ਕਾਰਵਾਈ ਨਹੀਂ ਹੋ ਸਕੀ। ਹਾਲਾਂਕਿ ਬਾਅਦ ਵਿੱਚ ਉਸ ਦੇ ਖਾਤੇ ਵਿੱਚ 4739 ਰੁਪਏ ਵਾਪਸ ਆਏ।
ਲੌਕਡਾਊਨ ਕਾਰਨ ਉਹ ਆਪਣੇ ਘਰ ਗੁਜਰਾਤ ਗਈ। ਹੁਣ ਉਥੋਂ ਪੁਲਿਸ ਨੂੰ ਡਾਕ ਭੇਜ ਕੇ ਮਾਮਲਾ ਦਰਜ ਕਰਵਾਇਆ ਗਿਆ ਹੈ। ਸਾਕਸ਼ੀ ਨੇ ਦੱਸਿਆ ਕਿ ਪਹਿਲਾਂ ਉਹ ਕਾਫ਼ੀ ਤਣਾਅ ਵਿੱਚ ਸੀ। ਹੁਣ ਉਸ ਨੇ ਧੋਖਾਧੜੀ ਕਰਨ ਵਾਲੇ ਨੂੰ ਸਜ਼ਾ ਦੇਣ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਉਧਰ ਰਾਏ ਥਾਣਾ ਇੰਚਾਰਜ ਵਿਜੇਂਦਰ ਕੁਮਾਰ ਨੇ ਦੱਸਿਆ ਕਿ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਦੀ ਮਹਿਲਾ ਕਰਮਚਾਰੀ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਨਾਲ ਆਨਲਾਈਨ ਧੋਖਾਧੜੀ ਹੋਈ ਹੈ। ਇਸ ਤੋਂ ਬਾਅਦ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ: ਏਬੀਪੀ ਸਾਂਝਾ ਆਪਣੇ ਪਾਠਕਾਂ ਨੂੰ ਅਪੀਲ ਕਰਦਾ ਹੈ ਕਿ ਕਿਸੇ ਵੀ ਫੋਨ ਕਾਲ ਆਉਣ 'ਤੇ ਕਿਸੇ ਨਾਲ ਆਪਣੀ ਬੈਂਕ ਦੀ ਜਾਣਕਾਰੀ ਸਾਂਝੀ ਨਾ ਕਰੋ ਤੇ ਨਾਂਹ ਹੀ ਕਦੇ ਕੋਈ ਬੈਂਕ ਆਪਣੇ ਗਾਹਕ ਤੋਂ ਓਟੀਪੀ ਮੰਗਦਾ ਹੈ। ਇਸ ਤੋਂ ਇਲਾਵਾ ਵੀ ਕਿਸੇ ਨਾਲ ਵੀ ਓਟੀਪੀ ਜਾਂ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ।
ਇਹ ਵੀ ਪੜ੍ਹੋ: Poco M3 Pro 5G ਭਾਰਤ 'ਚ ਲਾਂਚ, ਘੱਟ ਕੀਮਤ 'ਚ 5G ਸਪੋਰਟ ਨਾਲ ਮਿਲਣਗੇ ਸ਼ਾਨਦਾਰ ਫੀਚਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904