ਕੋਰੋਨਾ ਵਾਇਰਸ: ਭਾਰਤ ਲਈ ਰਾਹਤ ਦੀ ਖ਼ਬਰ! ਵੈਂਟੀਲੇਟਰ ‘ਤੇ ਸਿਰਫ 1 ਫੀਸਦ ਮਰੀਜ਼
ਕੁੱਲ ਸਿਹਤਯਾਬੀ ਦਰ 29.36% ਹੋ ਗਈ ਹੈ ਯਾਨੀ ਕਿ ਹਸਪਤਾਲਾਂ ’ਚ ਦਾਖ਼ਲ ਹੋਏ ਹਰੇਕ ਤਿੰਨ ਵਿੱਚੋਂ ਲਗਪਗ ਇੱਕ ਕੋਵਿਡ-19 ਮਰੀਜ਼ ਠੀਕ ਹੋ ਗਿਆ ਹੈ ਜਾਂ ਉਸ ਦਾ ਇਲਾਜ ਹੋ ਗਿਆ ਹੈ।

ਚੰਡੀਗੜ੍ਹਃ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਹੁਣ ਤਕ ਕੁੱਲ 59,662 ਵਿਅਕਤੀ ਕੋਵਿਡ-19 ਲਾਗ ਤੋਂ ਪੀੜਤ ਪਾਏ ਗਏ ਹਨ। ਬੀਤੇ ਕੱਲ੍ਹ ਨਾਲ 3,390 ਜਣੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। ਉਕਤ ਮਰੀਜ਼ਾਂ ਵਿੱਚੋਂ ਔਸਤਨ 3.2% ਮਰੀਜ਼ਾਂ ਨੂੰ ਆਕਸੀਜਨ ਲੱਗੀ ਹੋਈ ਹੈ, 4.7% ਆਈਸੀਯੂ ਵਿੱਚ ਹਨ ਜਦਕਿ ਸਿਰਫ 1.1% ਮਰੀਜ਼ ਵੈਂਟੀਲੇਟਰ ‘ਤੇ ਹਨ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫ਼ਰੰਸ ਰਾਹੀਂ ਵੱਖ-ਵੱਖ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਗੱਲਬਾਤ ਕੀਤੀ। ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਦੇ 216 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿੱਚੋਂ ਹਾਲੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪਿਛਲੇ 28 ਦਿਨਾਂ ਦੌਰਾਨ 42 ਅਜਿਹੇ ਜ਼ਿਲ੍ਹੇ ਉੱਭਰ ਕੇ ਸਾਹਮਣੇ ਆਏ ਹਨ, ਜਿੱਥੇ ਕੋਈ ਤਾਜ਼ਾ ਕੇਸ ਸਾਹਮਣੇ ਨਹੀਂ ਆਇਆ, ਜਦ ਕਿ 28 ਜ਼ਿਲ੍ਹਿਆਂ ਵਿੱਚ ਪਿਛਲੇ 21 ਦਿਨਾਂ ਤੋਂ ਕੋਈ ਤਾਜ਼ਾ ਕੇਸ ਸਾਹਮਣੇ ਨਹੀਂ ਆਹਿਆ ਤੇ 46 ਜ਼ਿਲ੍ਹਿਆਂ ਵਿੱਚ ਪਿਛਲੇ 7 ਦਿਨਾਂ ਤੋਂ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਇਆ। ਹੁਣ ਤੱਕ ਕੁੱਲ 17,847 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ, 1,273 ਮਰੀਜ਼ ਠੀਕ ਹੋਏ ਹਨ।
ਇਹ ਵੀ ਪੜ੍ਹੋ: ਸਰਕਾਰ ਕੋਲ ਮੁੱਕੇ ਪੈਸੇ, ਅੱਜ ਤੋਂ ਖੁੱਲ੍ਹੇਗਾ ਲੌਕਡਾਊਨ
ਮੰਤਰੀ ਨੇ ਦੱਸਿਆ ਕਿ ਇੰਝ ਸਾਡੀ ਕੁੱਲ ਸਿਹਤਯਾਬੀ ਦਰ 29.36% ਹੋ ਗਈ ਹੈ ਯਾਨੀ ਕਿ ਹਸਪਤਾਲਾਂ ’ਚ ਦਾਖ਼ਲ ਹੋਏ ਹਰੇਕ ਤਿੰਨ ਵਿੱਚੋਂ ਲਗਪਗ ਇੱਕ ਕੋਵਿਡ-19 ਮਰੀਜ਼ ਠੀਕ ਹੋ ਗਿਆ ਹੈ ਜਾਂ ਉਸ ਦਾ ਇਲਾਜ ਹੋ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















