Operation Ajay: ਭਾਰਤ ਦਾ ਆਪ੍ਰੇਸ਼ਨ ਅਜੇ, 286 ਨਾਗਰਿਕਾਂ ਨੂੰ ਲੈ ਕੇ ਜਹਾਜ਼ ਪਰਤਿਆ ਦਿੱਲੀ, 18 ਨੇਪਾਲੀਆਂ ਨੂੰ ਵੀ War Zone ਤੋਂ ਕੱਢਿਆ
Israel Hamas War: ਅਪਰੇਸ਼ਨ ਅਜੇ ਦੇ ਪੰਜਵੇਂ ਪੜਾਅ ਤਹਿਤ ਸਪਾਈਸਜੈੱਟ ਦੇ ਚਾਰਟਰਡ ਜਹਾਜ਼ ਰਾਹੀਂ ਭਾਰਤੀ ਨਾਗਰਿਕਾਂ ਦੇ ਨਾਲ 18 ਨੇਪਾਲੀ ਨਾਗਰਿਕਾਂ ਨੂੰ ਵੀ ਨਵੀਂ ਦਿੱਲੀ ਲਿਆਂਦਾ ਗਿਆ ਹੈ। ਫਿਲਹਾਲ ਕਾਰਵਾਈ ਜਾਰੀ ਰਹੇਗੀ
Israel Palestinian Conflict: ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਦੇ ਭਿਆਨਕ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੇ ਮਸ਼ਹੂਰ ''ਅਪਰੇਸ਼ਨ ਅਜੇ'' ਤਹਿਤ 286 ਹੋਰ ਨਾਗਰਿਕਾਂ ਨੂੰ ਇਜ਼ਰਾਈਲ ਦੇ ਜੰਗੀ ਮਾਹੌਲ 'ਚੋਂ ਕੱਢ ਕੇ ਨਵੀਂ ਦਿੱਲੀ ਲਿਆਂਦਾ ਗਿਆ ਹੈ। ਇਸ ਵਿੱਚ ਨੇਪਾਲ ਦੇ 18 ਨਾਗਰਿਕ ਵੀ ਸ਼ਾਮਲ ਹਨ।
ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਨੇ ਹਵਾਈ ਅੱਡੇ 'ਤੇ ਇਨ੍ਹਾਂ ਸਾਰੇ ਨਾਗਰਿਕਾਂ ਦਾ ਸਵਾਗਤ ਕੀਤਾ। ਇਨ੍ਹਾਂ ਸਾਰਿਆਂ ਨੂੰ ਆਪਰੇਸ਼ਨ ਦੇ ਹਿੱਸੇ ਵਜੋਂ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਘਰ ਲਿਆਂਦਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਆਪਰੇਸ਼ਨ ਅਜੇ ਦੇ ਤਹਿਤ ਪੰਜਵੀਂ ਉਡਾਣ ਵਿੱਚ 18 ਨੇਪਾਲੀ ਨਾਗਰਿਕਾਂ ਸਮੇਤ 286 ਯਾਤਰੀ ਪਹੁੰਚੇ ਹਨ।
ਅਪਰੇਸ਼ਨ ਅਜੇ ਦੀ ਪੰਜਵੀਂ ਉਡਾਣ
ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਹਵਾਈ ਅੱਡੇ 'ਤੇ ਯਾਤਰੀਆਂ ਦਾ ਸਵਾਗਤ ਕਰਦੇ ਹੋਏ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਕੇਰਲ ਸਰਕਾਰ ਦੇ ਅਨੁਸਾਰ, ਫਲਾਈਟ ਦੁਆਰਾ ਆਏ ਯਾਤਰੀਆਂ ਵਿੱਚ ਰਾਜ ਦੇ 22 ਲੋਕ ਸਨ।
ਖ਼ਰਾਬ ਹੋ ਗਿਆ ਸੀ ਸਪਾਈਸ ਜੈੱਟ ਦਾ ਜਹਾਜ਼
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸਪਾਈਸਜੈੱਟ ਏਅਰਕ੍ਰਾਫਟ ਏ340 ਦੇ ਤੇਲ ਅਵੀਵ 'ਚ ਐਤਵਾਰ ਨੂੰ ਲੈਂਡਿੰਗ ਤੋਂ ਬਾਅਦ ਤਕਨੀਕੀ ਖਰਾਬੀ ਆ ਗਈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਜਹਾਜ਼ ਨੂੰ ਬਾਅਦ ਵਿੱਚ ਜਾਰਡਨ ਲਈ ਰਵਾਨਾ ਕੀਤਾ ਗਿਆ। ਸਮੱਸਿਆ ਨੂੰ ਹੱਲ ਕਰਨ ਤੋਂ ਬਾਅਦ, ਜਹਾਜ਼ ਮੰਗਲਵਾਰ ਨੂੰ ਤੇਲ ਅਵੀਵ ਤੋਂ ਲੋਕਾਂ ਨੂੰ ਲੈ ਕੇ ਵਾਪਸ ਪਰਤਿਆ। ਜਹਾਜ਼ ਨੇ ਅਸਲ ਵਿੱਚ ਸੋਮਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਵਾਪਸ ਆਉਣਾ ਸੀ।
ਇਜ਼ਰਾਈਲ ਅਤੇ ਨਵੀਂ ਦਿੱਲੀ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਹੈਲਪਲਾਈਨ
ਇਜ਼ਰਾਈਲ ਸਥਿਤ ਭਾਰਤੀ ਦੂਤਾਵਾਸ ਨੇ 24 ਘੰਟੇ ਚੱਲਣ ਵਾਲਾ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੈ ਤਾਂ ਜੋ ਉੱਥੇ ਰਹਿਣ ਵਾਲੇ ਭਾਰਤੀਆਂ ਨੂੰ ਹਰ ਤਰ੍ਹਾਂ ਦੀ ਮਦਦ ਮਿਲ ਸਕੇ। ਨਵੀਂ ਦਿੱਲੀ 'ਚ ਇਕ ਕੰਟਰੋਲ ਰੂਮ ਖੋਲ੍ਹਿਆ ਗਿਆ ਹੈ ਜੋ 24 ਘੰਟੇ ਇਜ਼ਰਾਈਲ ਅਤੇ ਫਲਸਤੀਨ 'ਚ ਭਾਰਤੀਆਂ ਦੀ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਕੰਟਰੋਲ ਰੂਮ ਲਈ ਫ਼ੋਨ ਨੰਬਰ 1800118797 (ਟੋਲ ਫ੍ਰੀ), +91-11 23012113, +91-11-23014104, +91-11-23017905 ਅਤੇ +919968291988 ਹਨ। ਮਦਦ ਲਈ ਈਮੇਲ ਆਈਡੀ situation@mea.gov.in ਹੈ।
ਤੇਲ ਅਵੀਵ ਵਿੱਚ ਭਾਰਤੀ ਦੂਤਾਵਾਸ ਨੇ ਵੀ 24 ਘੰਟੇ ਲਈ ਐਮਰਜੈਂਸੀ ਹੈਲਪਲਾਈਨ ਨੰਬਰ +972-35226748 ਅਤੇ +972-543278392 ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਲੋਕਾਂ ਦੀ ਮਦਦ ਲਈ ਈਮੇਲ ਆਈਡੀ cons1.telaviv@mea.gov.in ਵੀ ਜਾਰੀ ਕੀਤੀ ਗਈ ਹੈ।