ਦਿੱਲੀ ਹਿੰਸਾ ਮਗਰੋਂ ਕਿਸਾਨਾਂ ਦੇ ਹੱਕ 'ਚ ਡਟੀਆਂ ਵਿਰੋਧੀ ਧਿਰਾਂ, ਲਾਲ ਕਿਲਾ ਕਾਂਡ ‘ਸਰਕਾਰੀ ਸਾਜ਼ਿਸ਼’ ਕਰਾਰ
ਕਾਂਗਰਸ ਤੇ ਸੀਪੀਐਮ ਨੇ ਭਾਜਪਾ ਨਾਲ ਜੁੜੇ ਰਹੇ ਦੀਪ ਸਿੱਧੂ ਦੀ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਮੌਜੂਦਗੀ ਉੱਤੇ ਵੀ ਸੁਆਲ ਕਰਦਿਆਂ ਪੁੱਛਿਆ ਹੈ ਕਿ ਜਦੋਂ ਹਿੰਸਾ ਵਿੱਚ ਉਸ ਦੀ ਭੂਮਿਕਾ ਬਿਲਕੁਲ ਸਪੱਸ਼ਟ ਹੋ ਚੁੱਕੀ ਹੈ, ਤਦ ਹਾਲੇ ਤੱਕ ਉਸ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਹੋਈ ਹੈ।
ਨਵੀਂ ਦਿੱਲੀ: ਦਿੱਲੀ ਵਿੱਚ ਹਿੰਸਾ ਮਗਰੋਂ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਕਿਸਾਨਾਂ ਦੇ ਹੱਕ ਵਿੱਚ ਡਟ ਗਈਆਂ ਹਨ। ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਰਾਜਧਾਨੀ ਦਿੱਲੀ ’ਚ ਜੋ ਵੀ ਹੰਗਾਮਾ ਹੋਇਆ, ਉਸ ਪਿੱਛੇ ‘ਸਰਕਾਰੀ ਸਾਜ਼ਿਸ਼’ ਹੈ ਤੇ ਅਜਿਹਾ ਸਿਰਫ਼ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਹੈ। ਵਿਰੋਧੀ ਧਿਰ ਨੇ ਸੁਆਲ ਕੀਤਾ ਹੈ ਕਿ ਆਖ਼ਰ ਰੋਹ ਭਰਪੂਰ ਪ੍ਰਦਰਸ਼ਨਕਾਰੀਆਂ ਨੂੰ ਲਾਲ ਕਿਲੇ ਅੰਦਰ ਜਾਣ ਦੀ ਇਜਾਜ਼ਤ ਕਿਉਂ ਦਿੱਤੀ ਗਈ; ਜਦਕਿ ਦਿੱਲੀ ਪੁਲਿਸ ਉਸ ਵੇਲੇ ਪੂਰੀ ਤਰ੍ਹਾਂ ਚੌਕਸ ਸੀ।
ਕਾਂਗਰਸ ਤੇ ਸੀਪੀਐਮ ਨੇ ਭਾਜਪਾ ਨਾਲ ਜੁੜੇ ਰਹੇ ਦੀਪ ਸਿੱਧੂ ਦੀ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਮੌਜੂਦਗੀ ਉੱਤੇ ਵੀ ਸੁਆਲ ਕਰਦਿਆਂ ਪੁੱਛਿਆ ਹੈ ਕਿ ਜਦੋਂ ਹਿੰਸਾ ਵਿੱਚ ਉਸ ਦੀ ਭੂਮਿਕਾ ਬਿਲਕੁਲ ਸਪੱਸ਼ਟ ਹੋ ਚੁੱਕੀ ਹੈ, ਤਦ ਹਾਲੇ ਤੱਕ ਉਸ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਹੋਈ ਹੈ।
ਵਿਰੋਧੀ ਧਿਰ ਨੇ ਕਿਹਾ ਹੈ ਕਿ ਗਣਤੰਤਰ ਦਿਵਸ ਮੌਕੇ ਤਿਰੰਗੇ ਦਾ ਸਰਾਸਰ ਅਪਮਾਨ ਕੀਤਾ ਗਿਆ ਤੇ ਇਹ ਧਾਰਮਿਕ ਬੇਅਦਬੀ ਦੇ ਹੀ ਸਾਮਾਨ ਹੈ। ਇਹ ਸਭ ‘ਦੀਪ ਸਿੱਧੂ ਤੇ ਉਸ ਦੇ ਗਰੋਹ ਨੇ ਕੀਤਾ। ਪਹਿਲਾਂ ਦੀਪ ਸਿੱਧੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੇਖਿਆ ਜਾਂਦਾ ਰਿਹਾ ਹੈ। ਭਾਜਪਾ ਨਾਲ ਦੀਪ ਸਿੱਧੂ ਦੇ ਸਬੰਧ ਬਹੁਤ ਸਪੱਸ਼ਟ ਹਨ।’
ਵਿਰੋਧੀ ਧਿਰ ਦਾ ਦੋਸ਼ ਹੈ ਕਿ ਦੀਪ ਸਿੱਧੂ ਨੂੰ ਘਟਨਾ ਸਥਾਨ ਤੋਂ ਭੱਜਣ ਦਾ ਮੌਕਾ ਜਾਣਬੁੱਝ ਕੇ ਦਿੱਤਾ ਗਿਆ। ਹੁਣ ਕੇਸ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਿਰੁੱਧ ਦਾਇਰ ਕੀਤੇ ਜਾ ਰਹੇ ਹਨ, ਜੋ ਪਿਛਲੇ 64 ਦਿਨਾਂ ਤੋਂ ਇਨਸਾਫ਼ ਲਈ ਸ਼ਾਂਤੀਪੂਰਨ ਤਰੀਕੇ ਨਾਲ ਸੰਘਰਸ਼ ਦੀ ਅਗਵਾਈ ਕਰਦੇ ਰਹੇ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਸਾਫ਼ ਤੌਰ ’ਤੇ ਖ਼ੁਫ਼ੀਆ ਤੇ ਕਾਨੂੰਨ ਤੇ ਵਿਵਸਥਾ ਦੀ ਨਾਕਾਮੀ ਸਾਹਮਣੇ ਆਈ ਹੈ।
ਸੀਪੀਐਮ ਨੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੀ ਸ਼ਲਾਘਾ ਕਰਦਿਆਂ ਦੋਸ਼ ਲਾਇਆ ਕਿ ਦਿੱਲੀ ਵਿੱਚ ਹਿੰਸਾ ਲਈ ਜਿਹੜੇ ਲੋਕ ਜ਼ਿੰਮੇਵਾਰ ਹਨ, ਉਨ੍ਹਾਂ ਦਾ ਸਬੰਧ ਕਿਤੇ ਨਾ ਕਿਤੇ ਸੱਤਾਧਾਰੀ ਪਾਰਟੀ ਨਾਲ ਵਿਖਾਈ ਦੇ ਰਿਹਾ ਹੈ। ਇੱਕਜੁਟ ਵਿਰੋਧੀ ਧਿਰ ਵਿੱਚ ਕਾਂਗਰਸ ਤੇ ਸੀਪੀਐਮ ਦੇ ਨਾਲ ਤਾਮਿਲ ਮਨੀਲਾ ਕਾਂਗਰਸ, ਨੈਸ਼ਨਲਿਸਟ ਕਾਂਗਰਸ ਪਾਰਟੀ ਤੇ ਸ਼ਿਵ ਸੈਨਾ ਸ਼ਾਮਲ ਹਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨ ਤੁਰੰਤ ਹੋਣੇ ਚਾਹੀਦੇ ਹਨ ਤੇ ਦਿੱਲੀ ਵਿੱਚ 26 ਜਨਵਰੀ ਨੂੰ ਜੋ ਕੁਝ ਵੀ ਵਾਪਰਿਆ, ਉਸ ਲਈ ਸਿਰਫ਼ ਤੇ ਸਿਰਫ਼ ਸਰਕਾਰ ਜ਼ਿੰਮੇਵਾਰ ਹੈ।