ਪਾਕਿਸਤਾਨ ਖਿਲਾਫ ਭਾਰਤ ਦਾ ਇਕ ਹੋਰ ਕਦਮ! ਹੁਣ ਏਅਰਸਪੇਸ 'ਤੇ ਲਾਈ ਪਾਬੰਦੀ, ਕੋਈ ਵੀ ਉਡਾਣ ਨਹੀਂ ਭਰੇਗੀ
ਭਾਰਤ ਨੇ ਪਾਕਿਸਤਾਨ ਦੀਆਂ ਹਰ ਕਿਸਮ ਦੀਆਂ ਉਡਾਣਾਂ ਲਈ ਆਪਣੀ ਏਅਰਸਪੇਸ 'ਤੇ ਪਾਬੰਦੀ ਲਾ ਦਿੱਤੀ ਹੈ। 30 ਅਪ੍ਰੈਲ ਸ਼ਾਮ 6.30 ਵਜੇ ਤੋਂ 23 ਮਈ ਰਾਤ 11.59 ਵਜੇ ਤੱਕ ਇਹ ਪਾਬੰਦੀ ਲਾਗੂ ਰਹੇਗੀ।

Pahalgam Terror Attack Update: ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਵੱਲੋਂ ਪਾਕਿਸਤਾਨ ਖ਼ਿਲਾਫ਼ ਇਕ ਦੇ ਬਾਅਦ ਇਕ ਕਦਮ ਚੁੱਕੇ ਜਾ ਰਹੇ ਹਨ। ਤਾਜ਼ਾ ਅਪਡੇਟ ਇਹ ਹੈ ਕਿ ਭਾਰਤ ਨੇ ਪਾਕਿਸਤਾਨ ਦੀਆਂ ਹਰ ਕਿਸਮ ਦੀਆਂ ਉਡਾਣਾਂ ਲਈ ਆਪਣੀ ਏਅਰਸਪੇਸ 'ਤੇ ਪਾਬੰਦੀ ਲਾ ਦਿੱਤੀ ਹੈ। 30 ਅਪ੍ਰੈਲ ਸ਼ਾਮ 6.30 ਵਜੇ ਤੋਂ 23 ਮਈ ਰਾਤ 11.59 ਵਜੇ ਤੱਕ ਇਹ ਪਾਬੰਦੀ ਲਾਗੂ ਰਹੇਗੀ। ਇਸ ਦੌਰਾਨ ਪਾਕਿਸਤਾਨ ਦੀ ਕੋਈ ਵੀ ਕਮਰਸ਼ੀਅਲ ਜਾਂ ਮਿਲਟਰੀ ਫਲਾਈਟ ਭਾਰਤੀ ਹਵਾਈ ਖੇਤਰ ਵਿੱਚ ਨਹੀਂ ਉੱਡ ਸਕੇਗੀ। ਇਸ ਸੰਬੰਧੀ ਭਾਰਤ ਵੱਲੋਂ NOTAM (ਨੋਟਿਸ ਟੂ ਏਅਰਮੈਨ) ਜਾਰੀ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਪਾਕਿਸਤਾਨੀ ਹਵਾਈ ਸੇਵਾ ਕੰਪਨੀਆਂ ਨੇ ਪਹਿਲਾਂ ਹੀ ਭਾਰਤੀ ਹਵਾਈ ਖੇਤਰ ਤੋਂ ਬਚਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੰਭਾਵੀ ਜਵਾਬੀ ਕਾਰਵਾਈ ਦੀ ਚਿੰਤਾ ਕਾਰਨ ਕੀਤਾ ਗਿਆ ਹੈ। ਇਸ ਹਮਲੇ ਵਿੱਚ ਅੱਤਵਾਦੀਆਂ ਨੇ ਮਾਸੂਮ ਨਾਗਰਿਕਾਂ 'ਤੇ ਗੋਲੀਬਾਰੀ ਕੀਤੀ ਸੀ, ਜਿਸ ਵਿੱਚ 26 ਲੋਕ ਮਾਰੇ ਗਏ ਸਨ।
ਏਅਰਸਪੇਸ 'ਤੇ ਪਾਬੰਦੀ ਲਗਾਉਣ ਨਾਲ ਪਾਕਿਸਤਾਨ 'ਤੇ ਕੀ ਅਸਰ ਪਏਗਾ?
ਅਧਿਕਾਰੀਆਂ ਨੇ ਕਿਹਾ ਕਿ ਭਾਰਤ ਵੱਲੋਂ ਹੁਣ ਆਧਿਕਾਰਿਕ ਤੌਰ 'ਤੇ ਆਪਣੇ ਹਵਾਈ ਖੇਤਰ ਨੂੰ ਪ੍ਰਤੀਬੰਧਿਤ ਕਰ ਦਿੱਤਾ ਹੈ ਅਤੇ ਇਸ ਦੇ ਕਾਰਨ ਪਾਕਿਸਤਾਨੀ ਏਅਰਲਾਈਨਾਂ ਨੂੰ ਕਵਾਲਾ ਲੰਪੁਰ ਜਿਵੇਂ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਤੱਕ ਪਹੁੰਚਣ ਲਈ ਚੀਨ ਜਾਂ ਸ਼੍ਰੀਲੰਕਾ ਵਰਗੇ ਦੇਸ਼ਾਂ ਰਾਹੀਂ ਲੰਬਾ ਰਸਤਾ ਅਪਨਾਉਣਾ ਪਵੇਗਾ। ਇਸ ਤੋਂ ਪਹਿਲਾਂ ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੀਆਂ ਫਲਾਈਟਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ।
ਭਾਰਤ ਨੇ ਸਿੰਧੂ ਜਲ ਸੰਧੀ ਨੂੰ ਸਸਪੈਂਡ ਕਰਨ ਵਰਗੇ ਕਦਮ ਚੁੱਕੇ ਹਨ
ਪਾਕਿਸਤਾਨੀ ਹਵਾਈ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਭਾਰਤ ਦਾ ਫ਼ੈਸਲਾ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿਚ ਕੀਤੀ ਗਈ ਜਵਾਬੀ ਕਾਰਵਾਈ ਦਾ ਹਿੱਸਾ ਹੈ। ਇਸ ਤੋਂ ਪਹਿਲਾਂ, ਭਾਰਤ ਨੇ ਸਿੰਧੂ ਜਲ ਸੰਧੀ ਨੂੰ ਸਸਪੈਂਡ ਕਰ ਦਿੱਤਾ ਸੀ। ਨਾਲ ਹੀ ਪਾਕਿਸਤਾਨੀਆਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਸਨ। ਚਾਹੇ ਉਹ ਟੂਰਿਸਟ ਵੀਜ਼ਾ ਹੋਵੇ ਜਾਂ ਮੈਡੀਕਲ। ਪਾਕਿਸਤਾਨੀਆਂ ਨੂੰ 29 ਅਪ੍ਰੈਲ ਤੱਕ ਆਪਣੇ ਦੇਸ਼ ਵਾਪਸ ਜਾਣ ਦਾ ਮੌਕਾ ਦਿੱਤਾ ਗਿਆ ਸੀ। ਹੁਣ ਜੇ ਕੋਈ ਪਾਕਿਸਤਾਨੀ ਦੇਸ਼ ਵਿੱਚ ਰਹਿੰਦਾ ਹੈ, ਉਸਨੂੰ ਤਿੰਨ ਸਾਲ ਤੱਕ ਦੀ ਜੇਲ੍ਹ ਅਤੇ 3 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।






















