(Source: ECI/ABP News/ABP Majha)
ਫਲਾਈਟ 'ਚ ਯਾਤਰੀ ਦੀ ਬੇਹੱਦ ਸ਼ਰਮਨਾਕ ਕਰਤੂਤ, ਕਰੂ ਮੈਂਬਰ ਨਾਲ ਕੀਤੀ ਬਦਤਮੀਜ਼ੀ ਤੇ ਉਤਾਰ ਦਿੱਤੇ ਕੱਪੜੇ
ਫਲਾਈਟ 'ਚ ਸਵਾਰ ਇਕ ਯਾਤਰੀ ਨੇ ਮੀਡੀਆ ਕਰਮੀ ਨਾਲ ਗੱਲ ਕਰਦਿਆਂ ਦੱਸਿਆ ਇਹ ਵਿਅਕਤੀ ਜਹਾਜ਼ ਦੇ ਇਕ ਸਟਾਫ ਮੈਂਬਰ ਨਾਲ ਲਾਈਫ ਜੈਕੇਟ ਨੂੰ ਲੈਕੇ ਬਹਿਸ ਕਰ ਰਿਹਾ ਸੀ।
ਨਵੀਂ ਦਿੱਲੀ: ਬੈਂਗਲੁਰੂ ਤੋਂ ਦਿੱਲੀ ਜਾ ਰਹੀ ਏਅਰਏਸ਼ੀਆ ਦੀ ਫਲਾਈਟ 'ਚ ਇਕ ਯਾਤਰੀ ਨੇ ਬੇਹੱਦ ਸ਼ਰਮਨਾਕ ਕਾਰਾ ਕੀਤਾ। ਜਹਾਜ਼ 'ਚ ਇਕ ਸ਼ਖਸ ਨੇ ਸਟਾਫ ਮੈਂਬਰ ਦੇ ਨਾਲ ਬਹਿਸ ਦੌਰਾਨ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ। ਏਅਰ ਏਸ਼ੀਆ ਦੇ ਇਕ ਬੁਲਾਰੇ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਇਹ ਯਾਤਰੀ ਨਸ਼ੇ 'ਚ ਧੁੱਤ ਸੀ ਤੇ ਉਸ ਨੇ ਕੈਬਿਨ ਕਰੂ ਦੇ ਨਾਲ ਬਤਮੀਜ਼ੀ ਕੀਤੀ ਤੇ ਫਿਰ ਆਪਣੇ ਸਾਰੇ ਕੱਪੜੇ ਉਤਾਰ ਕੇ ਨੰਗਾ ਹੋ ਗਿਆ। ਘਟਨਾ ਮੰਗਲਵਾਰ ਦੀ ਦੱਸੀ ਜਾ ਰਹੀ ਹੈ। ਜਦੋਂ ਏਅਰ ਏਸ਼ੀਆ ਦੀ ਫਲਾਈਟ i5-722 ਬੈਂਗਲੁਰੂ ਤੋਂ ਦਿੱਲੀ ਲਈ ਰਵਾਨਾ ਹੋਈ ਸੀ।
ਸ਼ਖਸ ਲਾਈਫ ਜੈਕੇਟ ਨੂੰ ਲੈਕੇ ਬਹਿਸ ਕਰ ਰਿਹਾ ਸੀ
ਫਲਾਈਟ 'ਚ ਸਵਾਰ ਇਕ ਯਾਤਰੀ ਨੇ ਮੀਡੀਆ ਕਰਮੀ ਨਾਲ ਗੱਲ ਕਰਦਿਆਂ ਦੱਸਿਆ ਇਹ ਵਿਅਕਤੀ ਜਹਾਜ਼ ਦੇ ਇਕ ਸਟਾਫ ਮੈਂਬਰ ਨਾਲ ਲਾਈਫ ਜੈਕੇਟ ਨੂੰ ਲੈਕੇ ਬਹਿਸ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਕਾਫੀ ਬਤਮੀਜ਼ੀ ਵੀ ਕੀਤੀ। ਜਹਾਜ਼ ਸਟਾਫ ਨੇ ਕਈ ਵਾਰ ਉਸ ਨੂੰ ਸ਼ਾਂਤ ਹੋਣ ਲਈ ਵੀ ਕਿਹਾ। ਇਸ ਬਹਿਸ ਦੌਰਾਨ ਇਸ ਸ਼ਖਸ ਨੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਇਕ ਤੋਂ ਬਾਅਦ ਇਕ ਉਤਾਰ ਕੇ ਪੂਰੀ ਤਰ੍ਹਾਂ ਨੰਗਾ ਹੋ ਗਿਆ। ਉਸ ਦੀ ਇਹ ਹਰਕਤ ਦੇਖ ਕੇ ਸਾਰੇ ਲੋਕ ਹੈਰਾਨ ਹੋ ਰਹੇ ਸਨ।
ਪਾਇਲਟ ਨੂੰ ਦਿੱਤੀ ਗਈ ਮਾਮਲੇ ਦੀ ਜਾਣਕਾਰੀ
ਫਲਾਈਟ 'ਚ ਸਵਾਰ ਬੱਚੇ ਤੇ ਮਹਿਲਾਵਾਂ ਵੀ ਮਾਮਲੇ ਨੂੰ ਲੈਕੇ ਕਾਫੀ ਪਰੇਸ਼ਾਨ ਦਿਖੇ। ਉਨ੍ਹਾਂ ਦੱਸਿਆ ਕਿ ਕਰੂ ਮੈਂਬਰਾਂ ਨੇ ਯਾਤਰੀਆਂ ਦੀ ਮਦਦ ਨਾਲ ਇਸ ਪੂਰੇ ਮਾਮਲੇ ਦੀ ਜਾਣਕਾਰੀ ਪਾਇਲਟ ਨੂੰ ਦਿੱਤੀ। ਜਿਸ ਤੋਂ ਬਾਅਦ ਪਾਇਲਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਦਿੱਲੀ ਏਅਰ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਕਰਕੇ ਜਲਦੀ ਲੈਂਡਿੰਗ ਦੀ ਪਰਮਿਸ਼ਨ ਲਈ।
ਯਾਤਰੀਆਂ ਦੀ ਸੁਰੱਖਿਆ ਨਾਲ ਜੁੜੇ ਕਾਨੂੰਨ ਤਹਿਤ ਕੀਤੀ ਜਾਵੇਗੀ ਕਾਰਵਾਈ
ਦੱਸਿਆ ਜਾ ਰਿਹਾ ਕਿ ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਇਸ ਸ਼ਖਸ ਨੂੰ ਤੁਰੰਤ ਸੀਆਈਐਸਐਫ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਯਾਤਰੀਆਂ ਦੀ ਸੁਰੱਖਿਆ ਨਾਲ ਜੁੜੇ ਕਾਨੂੰਨ ਤਹਿਤ ਇਸ ਸ਼ਖਸ ਖਿਲਾਫ ਕਾਰਵਾਈ ਕੀਤੀ ਜਾਵੇਗੀ।