128 ਦਿਨਾਂ ਪਿੱਛੋਂ ਪੈਟਰੋਲ 20 ਪੈਸੇ ਸਸਤਾ, ਦਿੱਲੀ ’ਚ 101.64 ਰੁਪਏ ਪ੍ਰਤੀ ਲਿਟਰ
ਇਸ ਮਹੀਨੇ ਦੀ ਸ਼ੁਰੂਆਤ 'ਚ ਕੱਚਾ ਤੇਲ 75 ਡਾਲਰ ਪ੍ਰਤੀ ਬੈਰਲ 'ਤੇ ਸੀ, ਜੋ ਹੁਣ ਘੱਟ ਕੇ 65 ਡਾਲਰ 'ਤੇ ਆ ਗਿਆ ਹੈ। ਅਜਿਹੀ ਸਥਿਤੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੋਰ ਹੇਠਾਂ ਆ ਸਕਦੀਆਂ ਹਨ।
ਨਵੀਂ ਦਿੱਲੀ: ਅੱਜ ਰੱਖੜੀ ਦੇ ਮੌਕੇ 'ਤੇ ਤੇਲ ਕੰਪਨੀਆਂ ਨੇ ਆਮ ਲੋਕਾਂ ਨੂੰ ਕੁਝ ਰਾਹਤ ਦਿੱਤੀ ਹੈ। ਐਤਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਅੱਜ ਦਿੱਲੀ ਵਿੱਚ ਪੈਟਰੋਲ ਤੇ ਡੀਜ਼ਲ 20 ਪੈਸੇ ਸਸਤਾ ਹੋ ਗਿਆ ਹੈ। ਇੱਥੇ ਪੈਟਰੋਲ 101.64 ਰੁਪਏ ਤੇ ਡੀਜ਼ਲ 89.07 ਰੁਪਏ ਵਿੱਚ ਵਿਕ ਰਿਹਾ ਹੈ।
15 ਅਪ੍ਰੈਲ ਨੂੰ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਸਨ
ਇਸ ਤੋਂ ਪਹਿਲਾਂ ਪੈਟਰੋਲ ਦੀ ਕੀਮਤ 128 ਦਿਨ ਪਹਿਲਾਂ ਭਾਵ 15 ਅਪ੍ਰੈਲ ਨੂੰ ਘਟੀ ਸੀ। ਜਦੋਂ ਕਿ ਉਸ ਤੋਂ ਬਾਅਦ ਇਸ ਦੀਆਂ ਕੀਮਤਾਂ ਵਿੱਚ 40 ਗੁਣਾ ਵਾਧਾ ਕੀਤਾ ਗਿਆ। ਡੀਜ਼ਲ ਦੀ ਗੱਲ ਕਰੀਏ ਤਾਂ ਇਸ ਮਹੀਨੇ ਇਸ ਦੀ ਕੀਮਤ ਵਿੱਚ ਚੌਥੀ ਵਾਰ ਕਟੌਤੀ ਕੀਤੀ ਗਈ ਹੈ।
ਕੱਚਾ ਤੇਲ ਆਇਆ 65 ਡਾਲਰ 'ਤੇ
ਇਸ ਮਹੀਨੇ ਦੀ ਸ਼ੁਰੂਆਤ 'ਚ ਕੱਚਾ ਤੇਲ 75 ਡਾਲਰ ਪ੍ਰਤੀ ਬੈਰਲ 'ਤੇ ਸੀ, ਜੋ ਹੁਣ ਘੱਟ ਕੇ 65 ਡਾਲਰ 'ਤੇ ਆ ਗਿਆ ਹੈ। ਅਜਿਹੀ ਸਥਿਤੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੋਰ ਹੇਠਾਂ ਆ ਸਕਦੀਆਂ ਹਨ।
ਇਸ ਸਾਲ ਹੁਣ ਤੱਕ ਪੈਟਰੋਲ 18 ਰੁਪਏ ਹੋਇਆ ਮਹਿੰਗਾ
1 ਜਨਵਰੀ ਨੂੰ ਪੈਟਰੋਲ 83.71 ਰੁਪਏ ਪ੍ਰਤੀ ਲਿਟਰ ਸੀ, ਜੋ ਹੁਣ 101.64 ਰੁਪਏ ਹੈ। ਭਾਵ 8 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ 18.13 ਰੁਪਏ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਵੀ 15.60 ਰੁਪਏ ਮਹਿੰਗਾ ਹੋ ਕੇ 89.47 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।
ਪੈਟਰੋਲ-ਡੀਜ਼ਲ ਦੀ ਖਪਤ ਵਧਣੀ ਸ਼ੁਰੂ
ਲਾਕਡਾਊਨ ਦੀ ਸਖਤੀ ਘਟਾਉਣ ਕਾਰਨ ਹੁਣ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਮੰਗ ਦੁਬਾਰਾ ਵਧਣੀ ਸ਼ੁਰੂ ਹੋ ਗਈ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਜੁਲਾਈ 2021 ਵਿੱਚ ਦੇਸ਼ ਵਿੱਚ 23.7 ਲੱਖ (2.37 ਮਿਲੀਅਨ) ਟਨ ਪੈਟਰੋਲ ਦੀ ਖਪਤ ਹੋਈ ਸੀ। ਇਹ ਜੁਲਾਈ 2020 ਦੇ ਮੁਕਾਬਲੇ 17% ਤੇ ਜੁਲਾਈ 2019 ਦੇ ਮੁਕਾਬਲੇ 3.56% ਜ਼ਿਆਦਾ ਹੈ।
ਡੀਜ਼ਲ ਦੀ ਗੱਲ ਕਰੀਏ ਤਾਂ ਜੁਲਾਈ 2021 ਵਿੱਚ 54.5 (5.45 ਮਿਲੀਅਨ) ਟਨ ਡੀਜ਼ਲ ਦੀ ਖਪਤ ਹੋਈ ਸੀ। ਇਹ ਜੁਲਾਈ 2020 ਦੇ ਮੁਕਾਬਲੇ 12.6% ਜ਼ਿਆਦਾ ਹੈ। ਹਾਲਾਂਕਿ, ਇਹ ਅਜੇ ਵੀ ਕੋਰੋਨਾ ਕਾਲ ਭਾਵ ਜੁਲਾਈ 2019 ਦੇ ਮੁਕਾਬਲੇ 10.9% ਘੱਟ ਹੈ।
ਪੈਟਰੋਲ ਤੇ ਡੀਜ਼ਲ ਦੇ ਰੇਟ ਹੁੰਦੇ ਹਨ ਰੋਜ਼ਾਨਾ ਤੈਅ
ਤੇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ ਵਿੱਚ ਸੋਧ ਕਰਦੇ ਹਨ।