(Source: ECI/ABP News/ABP Majha)
ਕੋਰੋਨਾ ਕਰਕੇ ਮੋਦੀ ਦੀ ਵਿਦੇਸ਼ ਉਡਾਰੀ 'ਤੇ ਲੌਕਡਾਊਨ, ਪੰਜ ਮਹੀਨਿਆਂ ਤੋਂ ਘਰ ਟਿਕ ਕੇ ਬੈਠੇ
ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਛੇ ਸਾਲ 'ਚ ਅਜਿਹਾ ਦੂਜੀ ਵਾਰ ਹੈ ਜਦੋਂ ਇੰਨਾ ਲੰਮਾ ਸਮਾਂ ਉਹ ਦੇਸ਼ 'ਚ ਹੀ ਹਨ। ਇਸ ਤੋਂ ਪਹਿਲਾਂ ਮੋਦੀ ਨੇ 2016-17 'ਚ ਛੇ ਮਹੀਨੇ ਤਕ ਕੋਈ ਵਿਦੇਸ਼ ਯਾਤਰਾ ਨਹੀਂ ਕੀਤੀ ਸੀ। ਉਸ ਸਮੇਂ ਮੋਦੀ 12 ਨਵੰਬਰ, 2016 ਨੂੰ ਜਪਾਨ ਤੋਂ ਪਰਤੇ ਸਨ ਤੇ ਉਸ ਤੋਂ ਬਾਅਦ 11 ਮਈ, 2017 ਨੂੰ ਸ੍ਰੀਲੰਕਾ ਦੌਰੇ 'ਤੇ ਗਏ ਸਨ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਲੌਕਡਾਊਨ ਕਾਰਨ ਸਿਰਫ਼ ਆਮ ਲੋਕ ਹੀ ਨਹੀਂ ਪ੍ਰਭਾਵਿਤ ਹੋਏ ਸਗੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵਿਦੇਸ਼ ਯਾਤਰਾ 'ਤੇ ਵੀ ਵਿਰ੍ਹਾਮ ਲੱਗਾ ਹੈ। ਪੀਐਮ ਮੋਦੀ ਨੂੰ ਵਿਦੇਸ਼ ਤੋਂ ਪਰਤਿਆਂ ਅੱਜ ਸਵਾ ਪੰਜ ਮਹੀਨੇ ਹੋ ਚੁੱਕੇ ਹਨ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਛੇ ਸਾਲ 'ਚ ਅਜਿਹਾ ਦੂਜੀ ਵਾਰ ਹੈ ਜਦੋਂ ਇੰਨਾ ਲੰਮਾ ਸਮਾਂ ਉਹ ਦੇਸ਼ 'ਚ ਹੀ ਹਨ।
ਇਸ ਤੋਂ ਪਹਿਲਾਂ ਮੋਦੀ ਨੇ 2016-17 'ਚ ਛੇ ਮਹੀਨੇ ਤਕ ਕੋਈ ਵਿਦੇਸ਼ ਯਾਤਰਾ ਨਹੀਂ ਕੀਤੀ ਸੀ। ਉਸ ਸਮੇਂ ਮੋਦੀ 12 ਨਵੰਬਰ, 2016 ਨੂੰ ਜਪਾਨ ਤੋਂ ਪਰਤੇ ਸਨ ਤੇ ਉਸ ਤੋਂ ਬਾਅਦ 11 ਮਈ, 2017 ਨੂੰ ਸ੍ਰੀਲੰਕਾ ਦੌਰੇ 'ਤੇ ਗਏ ਸਨ। ਹਾਲਾਂਕਿ ਉਸ ਸਮੇਂ ਦੇਸ਼ 'ਚ ਚੋਣਾਂ ਵੀ ਸਨ। ਮਾਰਚ 2017 'ਚ ਉੱਤਰ ਪ੍ਰਦੇਸ਼ ਸਮੇਤ ਪੰਜ ਸੂਬਿਆਂ 'ਚ ਚੋਣ ਹੋਈ ਸੀ।
ਮੋਦੀ ਨੂੰ ਪ੍ਰਧਾਨ ਮੰਤਰੀ ਬਣੇ ਕਰੀਬ ਪੰਜ ਸਾਲ 11 ਮਹੀਨੇ ਹੋ ਚੁੱਕੇ ਹਨ। ਉਨ੍ਹਾਂ ਨੇ 26 ਮਈ 2014 ਨੂੰ ਪਹਿਲੀ ਵਾਰ ਤੇ 30 ਮਈ 2019 ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਮੁਤਾਬਕ ਮੋਦੀ ਨੇ 2014 ਤੋਂ ਲੈਕੇ ਹੁਣ ਤਕ 59 ਵਾਰ ਵਿਦੇਸ਼ ਲਈ ਰਵਾਨਗੀ ਭਰੀ। ਇਸ ਦੌਰਾਨ ਉਨ੍ਹਾਂ 106 ਦੇਸ਼ਾਂ ਦੀ ਯਾਤਰਾ ਕੀਤੀ। ਮੋਦੀ ਹਰ ਸਾਲ 10 ਤੋਂ ਜ਼ਿਆਦਾ ਵਾਰ ਵਿਦੇਸ਼ੀ ਯਾਤਰਾ ਕਰਦੇ ਹਨ।
ਦਸੰਬਰ 2018 'ਚ ਰਾਜ ਸਭਾ 'ਚ ਦਿੱਤੇ ਜਵਾਬ 'ਚ ਉਸ ਸਮੇਂ ਦੇ ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਨੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ 'ਤੇ ਹੋਣ ਵਾਲੇ ਖਰਚ ਦਾ ਬਿਓਰਾ ਦਿੱਤਾ ਸੀ। ਇਸ ਮੁਤਾਬਕ 2018-19 ਤਕ ਮੋਦੀ ਦੀ ਵਿਦੇਸ਼ ਯਾਤਰਾ 'ਤੇ 2021.54 ਕਰੋੜ ਰੁਪਏ ਖਰਚ ਹੋਏ ਸਨ। ਇਸ ਤੋਂ ਬਾਅਦ ਕੀਤੀਆਂ 14 ਹੋਰ ਯਾਤਰਾ 'ਤੇ 90.70 ਕਰੋੜ ਰੁਪਏ ਖਰਚ ਹੋਏ ਸਨ। ਇਸ ਖਰਚ ਵਿਚ ਪ੍ਰਧਾਨ ਮੰਤਰੀ ਦੇ ਜਹਾਜ਼ ਦੀ ਸਾਂਭ ਸੰਭਾਲ ਤੇ ਹੌਟਲਾਈਨ ਦਾ ਖਰਚ ਸ਼ਾਮਲ ਨਹੀਂ ਸੀ।