ਜੱਲ੍ਹਿਆਂਵਾਲਾ ਬਾਗ: ਹੁਣ ਕਰੁਣਾਮਈ ਤੇ ਰੋਹਲਾ ਪ੍ਰਭਾਵ ਨਹੀਂ ਸਗੋਂ ਮਨੋਰੰਜਨ ਤੇ ਸੈਰਗਾਹ ਦਾ ਪ੍ਰਭਾਵ, ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ
ਕਮੇਟੀ ਨੇ ਕਿਹਾ ਕਿ ਸੁੰਦਰੀਕਰਨ ਤੇ ਨਵੀਨੀਕਰਨ ਦੇ ਨਾਂ ਹੇਠ ਇਤਿਹਾਸਕ ਵਿਰਾਸਤ ਨਾਲ ਸੌੜੇ ਰਾਜਨੀਤਕ ਮੰਤਵ ਦੀ ਪੂਰਤੀ ਲਈ ਰੱਦੋ ਬਦਲ ਕਰਨ ਲਈ ਦੇਸ਼ ਭਗਤ ਜਮਹੂਰੀ ਸ਼ਕਤੀਆਂ ਕਦੇ ਵੀ ਇਜਾਜ਼ਤ ਨਹੀਂ ਦੇਣਗੀਆਂ।
ਚੰਡੀਗੜ੍ਹ: ਜੱਲ੍ਹਿਆਂਵਾਲਾ ਬਾਗ ਦੀ ਦਿਖ ਬਦਲਣ ਕਰਕੇ ਮੋਦੀ ਸਰਕਾਰ ਦੀ ਅਲੋਚਨਾ ਹੋ ਰਹੀ ਹੈ। ਇਸ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਜੱਲ੍ਹਿਆਂਵਾਲਾ ਬਾਗ ਦਾ ਮੂਲ ਸਰੂਪ ਬਹਾਲ ਕਰਨ ਲਈ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ ਸਬੰਧਤ ਮੰਤਰਾਲਿਆਂ ਨੂੰ ਪੱਤਰ ਲਿਖੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸ਼ਹੀਦਾਂ ਤੇ ਜ਼ਖ਼ਮੀਆਂ ਨਾਲ ਭਰੀ ਗਰਾਊਂਡ ਦਾ ਕਰੁਣਾਮਈ ਤੇ ਰੋਹਲਾ ਪ੍ਰਭਾਵ ਨਹੀਂ ਸਗੋਂ ਮਨੋਰੰਜਨ ਤੇ ਸੈਰਗਾਹ ਦਾ ਪ੍ਰਭਾਵ ਪੈਂਦਾ ਹੈ।
ਕਮੇਟੀ ਨੇ ਕਿਹਾ ਕਿ ਸੁੰਦਰੀਕਰਨ ਤੇ ਨਵੀਨੀਕਰਨ ਦੇ ਨਾਂ ਹੇਠ ਇਤਿਹਾਸਕ ਵਿਰਾਸਤ ਨਾਲ ਸੌੜੇ ਰਾਜਨੀਤਕ ਮੰਤਵ ਦੀ ਪੂਰਤੀ ਲਈ ਰੱਦੋ ਬਦਲ ਕਰਨ ਲਈ ਦੇਸ਼ ਭਗਤ ਜਮਹੂਰੀ ਸ਼ਕਤੀਆਂ ਕਦੇ ਵੀ ਇਜਾਜ਼ਤ ਨਹੀਂ ਦੇਣਗੀਆਂ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਉਨ੍ਹਾਂ ਦਾਖਲਾ ਫੀਸ ਲੈਣ ਲਈ ਲਾਈਆਂ ਮਸ਼ੀਨਾਂ ਹਟਾਉਣ ਤੇ ਇਤਿਹਾਸਕਾਰਾਂ ਦੀ ਨਿਰੀਖਣ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ।
ਮੰਗ ਪੱਤਰ ’ਚ ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਜੇ ਇਨ੍ਹਾਂ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਦੇਸ਼ ਭਗਤ ਯਾਦਗਾਰ ਕਮੇਟੀ ਲੋਕ ਰਾਏ ਮੁਤਾਬਕ ਆਵਾਜ਼ ਬੁਲੰਦ ਕਰਨ ਲਈ ਮਜਬੂਰ ਹੋਏਗੀ। ਇਸ ਮੰਗ ਪੱਤਰ ਦੀਆਂ ਕਾਪੀਆਂ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜੀਆਂ ਗਈਆਂ ਹਨ। ਕਮੇਟੀ ਮੈਂਬਰਾਂ ਨੇ ਕਿਹਾ ਕਿ ਘਾਹ ਪਾਰਕਾਂ ਨੂੰ ਅਜਿਹੀ ਦਿੱਖ ਦੇ ਦਿੱਤੀ ਗਈ ਹੈ, ਜਿੱਥੋਂ ਹੁਣ ਸ਼ਹੀਦਾਂ ਤੇ ਜ਼ਖ਼ਮੀਆਂ ਨਾਲ ਭਰੀ ਗਰਾਊਂਡ ਦਾ ਕਰੁਣਾਮਈ ਤੇ ਰੋਹਲਾ ਪ੍ਰਭਾਵ ਨਹੀਂ ਸਗੋਂ ਮਨੋਰੰਜਨ ਤੇ ਸੈਰਗਾਹ ਦਾ ਪ੍ਰਭਾਵ ਪੈਂਦਾ ਹੈ।
ਪੱਤਰ ਭੇਜ ਕੇ ਉਨ੍ਹਾਂ ਨਾਮਵਰ ਇਤਿਹਾਸਕਾਰਾਂ ਦੀ ਨਿਰੀਖਣ ਕਮੇਟੀ ਬਣਾ ਕੇ ਉਨ੍ਹਾਂ ਦੀ ਦੇਖ-ਰੇਖ ਹੇਠ ਸਭ ਕੁਝ ਇਤਿਹਾਸ ਅਨੁਸਾਰ ਬਹਾਲ ਕਰਨ, ਦੇਸ਼ ਭਗਤ ਯਾਦਗਾਰ ਕਮੇਟੀ ਸਮੇਤ ਪ੍ਰਮਾਣਿਕ ਇਤਿਹਾਸਕ ਸੰਸਥਾਵਾਂ ਅਤੇ ਪ੍ਰਤੀਨਿਧਾਂ ਨੂੰ ਵਿਚਾਰ-ਵਟਾਂਦਰੇ ਤੇ ਇਤਿਹਾਸ ਨਾਲ ਇਨਸਾਫ਼ ਕਰਨ ਲਈ ਕਮੇਟੀ ’ਚ ਸ਼ਾਮਲ ਕਰਨ ਸਮੇਤ ਜੱਲ੍ਹਿਆਂਵਾਲਾ ਬਾਗ਼ ’ਚ ਦਾਖਲਾ ਫੀਸ ਲੈਣ ਲਈ ਫਿੱਟ ਕੀਤੀਆਂ ਮਸ਼ੀਨਾਂ ਤੁਰੰਤ ਹਟਾਉਣ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਤੰਗ ਗਲੀ ਵਿੱਚ ਰੋਲਟ ਐਕਟ ਤੇ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ ਨਾਅਰੇ ਲਾਉਂਦੇ ਜਾਂਦੇ ਲੋਕਾਂ ਦੇ ਰੋਹ ਨੂੰ ਵਿਸਾਖੀ ਦੇ ਮੇਲੇ ਦੀ ਮੌਜ ਮਸਤੀ ਦਾ ਪ੍ਰਭਾਵ ਦਿੰਦੀਆਂ ਲਗਾਈਆਂ ਮੂਰਤੀਆਂ ਹਟਾਉਣ ਲਈ ਵੀ ਕਿਹਾ ਹੈ।