ਵਿਧਾਇਕ ਪਠਾਨਮਾਜਰਾ ਦੇ ਰਿਸ਼ਤੇਦਾਰਾਂ ਘਰ ਪੁਲਿਸ ਨੇ ਮਾਰਿਆ ਛਾਪਾ, ਨਹੀਂ ਲੱਗੀ ਕੋਈ ਸੂਹ, ਪਰਿਵਾਰ ਨੇ ਕਿਹਾ - ਚੋਰਾਂ ਵਾਂਗ ਆਈ ਪੁਲਿਸ
ਸਰਪੰਚ ਦੇ ਪਰਿਵਾਰ ਦਾ ਦੋਸ਼ ਹੈ ਕਿ ਪੰਜਾਬ ਦੀ ਪਟਿਆਲਾ ਪੁਲਿਸ ਚੋਰਾਂ ਵਾਂਗ ਗੇਟ ਟੱਪ ਕੇ ਘਰ ਵਿੱਚ ਦਾਖਲ ਹੋਈ। ਉਨ੍ਹਾਂ ਕਿਹਾ ਕਿ ਪਠਾਨਮਾਜਰਾ ਇੱਕ ਪ੍ਰਮੁੱਖ ਵਿਅਕਤੀ ਹੈ, ਉਸਨੇ ਸਮਾਜ ਦੀ ਬਿਹਤਰੀ ਲਈ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਸਿਰਫ਼ ਇੱਕ ਬਿਆਨ ਦੇ ਆਧਾਰ 'ਤੇ ਉਸ 'ਤੇ ਦਬਾਅ ਪਾਉਣਾ ਠੀਕ ਨਹੀਂ ਹੈ।

Punjab News: ਪੰਜਾਬ ਪੁਲਿਸ ਮੰਗਲਵਾਰ ਤੜਕੇ ਕਰਨਾਲ ਜ਼ਿਲ੍ਹੇ ਦੇ ਡਾਬਰੀ ਪਿੰਡ ਅਚਾਨਕ ਪਹੁੰਚ ਗਈ। ਇੱਥੇ ਉਹ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਰਿਸ਼ਤੇਦਾਰ ਤੇ ਪਿੰਡ ਦੇ ਸਰਪੰਚ ਦੇ ਘਰ ਦਾਖਲ ਹੋਏ। ਥੋੜ੍ਹੀ ਦੇਰ ਵਿੱਚ ਕਰਨਾਲ ਪੁਲਿਸ ਵੀ ਉੱਥੇ ਪਹੁੰਚ ਗਈ ਪਰ ਨਾ ਤਾਂ ਵਿਧਾਇਕ ਅਤੇ ਨਾ ਹੀ ਸਰਪੰਚ ਉੱਥੇ ਮਿਲੇ।
ਸਰਪੰਚ ਦੇ ਪਰਿਵਾਰ ਦਾ ਦੋਸ਼ ਹੈ ਕਿ ਪੰਜਾਬ ਦੀ ਪਟਿਆਲਾ ਪੁਲਿਸ ਚੋਰਾਂ ਵਾਂਗ ਗੇਟ ਟੱਪ ਕੇ ਘਰ ਵਿੱਚ ਦਾਖਲ ਹੋਈ। ਉਨ੍ਹਾਂ ਕਿਹਾ ਕਿ ਪਠਾਨਮਾਜਰਾ ਇੱਕ ਪ੍ਰਮੁੱਖ ਵਿਅਕਤੀ ਹੈ, ਉਸਨੇ ਸਮਾਜ ਦੀ ਬਿਹਤਰੀ ਲਈ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਸਿਰਫ਼ ਇੱਕ ਬਿਆਨ ਦੇ ਆਧਾਰ 'ਤੇ ਉਸ 'ਤੇ ਦਬਾਅ ਪਾਉਣਾ ਠੀਕ ਨਹੀਂ ਹੈ।
ਦਰਅਸਲ, ਇਹ ਸਾਰਾ ਮਾਮਲਾ ਵਿਧਾਇਕ ਪਠਾਨਮਾਜਰਾ ਦੇ ਪੁਲਿਸ ਹਿਰਾਸਤ 'ਚੋਂ ਭੱਜਣ ਨਾਲ ਸਬੰਧਤ ਹੈ। ਉਨ੍ਹਾਂ ਨੂੰ ਮੰਗਲਵਾਰ ਸਵੇਰੇ ਕਰਨਾਲ ਤੋਂ ਹਿਰਾਸਤ 'ਚ ਲਿਆ ਗਿਆ ਸੀ ਅਤੇ ਪਟਿਆਲਾ ਲਿਜਾਇਆ ਜਾ ਰਿਹਾ ਸੀ। ਰਸਤੇ 'ਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ ਤੇ ਉਨ੍ਹਾਂ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ 'ਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਵਿਧਾਇਕ ਸਕਾਰਪੀਓ ਤੇ ਫਾਰਚੂਨਰ 'ਚ ਭੱਜ ਗਏ। ਪੁਲਿਸ ਨੇ ਫਾਰਚੂਨਰ ਬਰਾਮਦ ਕੀਤੀ ਅਤੇ ਉਸ 'ਚੋਂ 3 ਪਿਸਤੌਲ ਵੀ ਮਿਲੇ ਹਨ। ਫਿਲਹਾਲ ਪੁਲਿਸ ਸਕਾਰਪੀਓ ਦੀ ਭਾਲ ਕਰ ਰਹੀ ਹੈ।
ਦੱਸ ਦਈਏ ਕਿ ਗ੍ਰਿਫਤਾਰੀ ਤੋਂ ਪਹਿਲਾਂ ਪਠਾਨਮਾਜਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕੀਤਾ। ਇਸ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਸਾਬਕਾ ਪਤਨੀ ਨਾਲ ਸਬੰਧਤ ਇੱਕ ਪੁਰਾਣੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376 (ਬਲਾਤਕਾਰ) ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਦੀ 'ਆਪ' ਟੀਮ ਪੰਜਾਬ 'ਤੇ ਹਾਵੀ ਹੋਣਾ ਚਾਹੁੰਦੀ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਕਾਂਗਰਸ ਨੇ ਚੁੱਕੇ ਸਵਾਲ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਆਪ ਸਰਕਾਰ ਦੀ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੁਣ ਆਮ ਆਦਮੀ ਪਾਰਟੀ ਨੇ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ।
ਇਹ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹਨ । ਕਿੳਂਕਿ .. ਪਿੰਡਾਂ ਵਿੱਚ ਲੋਕ ਡਾਂਗਾਂ ਲਈ ਬੈਠੇ ਹਨ ਅਤੇ MLA ਬਗਾਵਤ ਵੱਲ ਚੱਲ ਪਏ ਹਨ ਇਸ ਇਸ ਲਈ ਪਾਰਟੀ ਅੰਦਰ ਹੋ ਰਹੀ ਬਗਾਵਤ ਨੂੰ ਦੁਬਾਉਣ ਲਈ ਇਹ ਕਦਮ ਚੁੱਕਿਆ ਹੈ ਤਾਂ ਕਿ MLA ਡਰ ਜਾਣ । ਲੋਕਾਂ ਦਾ ਅਤੇ ਮੀਡੀਆ ਦਾ ਹੜ੍ਹਾਂ ਲਈ ਜਿਮੇਵਾਰ ਆਪ ਸਰਕਾਰ ਦੀ ਨਕਾਮੀ ਤੋਂ ਧਿਆਨ ਹਟਾਉਣਾ ਲਈ ਪਰ ਲੋਕ ਜਾਣਦੇ ਹਨ ਕਿ ਹੜ੍ਹਾਂ ਦੀ ਤਬਾਹੀ, ਨਿਕਾਸੀ ਵਿਭਾਗ ਦੀ ਕਰਪਸ਼ਨ ਤੇ ਆਪ ਸਰਕਾਰ ਦੀ ਨਾਕਾਮੀ ਹੀ ਅਸਲੀ ਜ਼ਿੰਮੇਵਾਰ ਹਨ। ਸੱਚਾਈ ਨੂੰ ਕਦੇ ਕੈਦ ਨਹੀਂ ਕੀਤਾ ਜਾ ਸਕਦਾ






















