Presidential Election 2022: ਰਾਸ਼ਟਰਪਤੀ ਚੋਣ ਲਈ 18 ਜੁਲਾਈ ਨੂੰ ਵੋਟਿੰਗ, 21 ਜੁਲਾਈ ਨੂੰ ਐਲਾਨੇ ਜਾਣਗੇ ਨਤੀਜੇ
Presidential Election 2022: ਰਾਸ਼ਟਰਪਤੀ ਚੋਣ ਲਈ 18 ਜੁਲਾਈ ਨੂੰ ਵੋਟਿੰਗ, 21 ਜੁਲਾਈ ਨੂੰ ਨਤੀਜੇ
Presidential Election 2022: ਭਾਰਤੀ ਚੋਣ ਕਮਿਸ਼ਨ (ECI) ਨੇ ਦੇਸ਼ ਵਿੱਚ 16ਵੀਂ ਰਾਸ਼ਟਰਪਤੀ ਚੋਣ (Presidential Election 2022) ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਮੁਤਾਬਕ ਰਾਸ਼ਟਰਪਤੀ ਚੋਣ ਲਈ 18 ਜੁਲਾਈ ਨੂੰ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਇਸ ਸਬੰਧੀ ਨੋਟੀਫਿਕੇਸ਼ਨ 15 ਜੂਨ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ ਦੀ ਆਖਰੀ ਮਿਤੀ 29 ਜੂਨ ਹੈ। 18 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ 21 ਜੁਲਾਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
Voting for Presidential elections to be held on 18th July, counting of votes on 21st July: Chief Election Commissioner Rajiv Kumar pic.twitter.com/bTvawdiE9I
— ANI (@ANI) June 9, 2022
ਦੱਸ ਦਈਏ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਅਗਲੇ ਰਾਸ਼ਟਰਪਤੀ ਦੀ ਚੋਣ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਦਿੱਲੀ ਵਿੱਚ ਹੀ ਹੋਵੇਗੀ। ਦਿੱਲੀ ਤੋਂ ਇਲਾਵਾ ਕਿਤੇ ਵੀ ਨਾਮਜ਼ਦਗੀ ਨਹੀਂ ਹੋਵੇਗੀ।
ਚੋਣ ਕਮਿਸ਼ਨ ਮੁਤਾਬਕ 16ਵੇਂ ਰਾਸ਼ਟਰਪਤੀ ਦੀ ਚੋਣ ਦੀ ਪ੍ਰਕਿਰਿਆ 24 ਜੁਲਾਈ ਤੱਕ ਪੂਰੀ ਹੋ ਜਾਵੇਗੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਨੁਸਾਰ ਨਾਮਜ਼ਦ ਮੈਂਬਰ (ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾਵਾਂ) ਵੋਟਿੰਗ ਦਾ ਹਿੱਸਾ ਨਹੀਂ ਹਨ। ਵੋਟ ਪਾਉਣ ਲਈ, ਕਮਿਸ਼ਨ ਆਪਣੀ ਤਰਫੋਂ ਇੱਕ ਪੈੱਨ ਦੇਵੇਗਾ, ਜੋ ਬੈਲਟ ਪੇਪਰ ਸੌਂਪਣ ਸਮੇਂ ਦਿੱਤਾ ਜਾਵੇਗਾ। ਇਸ ਪੈੱਨ ਨਾਲ ਹੀ ਵੋਟ ਪਾਈ ਜਾਵੇਗੀ। ਕਿਸੇ ਹੋਰ ਕਲਮ ਨਾਲ ਵੋਟ ਪਾਉਣ ਨਾਲ ਵੋਟ ਅਯੋਗ ਹੋ ਜਾਵੇਗੀ। ਨਿਰਪੱਖ ਚੋਣਾਂ ਦੇ ਸਵਾਲ 'ਤੇ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗੁਪਤ ਮਤਦਾਨ ਹੈ। ਵੀਡੀਓਗ੍ਰਾਫੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਮੁੱਖ ਚੋਣ ਕਮਿਸ਼ਨਰ ਮੁਤਾਬਕ ਸੰਸਦ ਤੇ ਵਿਧਾਨ ਸਭਾ 'ਚ ਵੋਟਿੰਗ ਹੋਵੇਗੀ। ਵੋਟ ਪਾਉਣ ਲਈ 1,2,3 ਲਿਖ ਕੇ ਆਪਣੀ ਪਸੰਦ ਦੱਸਣੀ ਪਵੇਗੀ। ਜੇਕਰ ਪਹਿਲੀ ਪਸੰਦ ਨਹੀਂ ਦਿੱਤੀ ਗਈ, ਤਾਂ ਵੋਟ ਰੱਦ ਕਰ ਦਿੱਤੀ ਜਾਵੇਗੀ। ਚੋਣਾਂ ਦੌਰਾਨ ਕਰੋਨਾ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।
ਮੁੱਖ ਚੋਣ ਕਮਿਸ਼ਨਰ ਅਨੁਸਾਰ ਨਾਮਜ਼ਦਗੀ ਲਈ ਦਿੱਲੀ ਆਉਣਾ ਪਵੇਗਾ। ਰਾਜ ਸਭਾ ਦੇ ਸਕੱਤਰ ਜਨਰਲ ਚੋਣ ਇੰਚਾਰਜ ਹੋਣਗੇ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਨੁਸਾਰ ਰਾਸ਼ਟਰਪਤੀ ਚੋਣ 2022 ਵਿੱਚ ਕੁੱਲ 4,809 ਵੋਟਰ ਵੋਟ ਪਾਉਣਗੇ। ਕੋਈ ਵੀ ਸਿਆਸੀ ਪਾਰਟੀ ਆਪਣੇ ਮੈਂਬਰਾਂ ਨੂੰ ਵ੍ਹੀਪ ਜਾਰੀ ਨਹੀਂ ਕਰ ਸਕਦੀ।