ਕੈਪਟਨ ਤੇ ਸਿੱਧੂ ਵਿਚਾਲੇ ਸੁਲ੍ਹਾ ਕਰਾਉਣ ਲਈ ਸੋਨੀਆ ਗਾਂਧੀ ਨੇ ਚੁੱਕਿਆ ਵੱਡਾ ਕਦਮ
ਤਿੰਨੇ ਲੀਡਰ ਮਿਲ ਕੇ ਦੋਵਾਂ 'ਚ ਜਾਰੀ ਮਤਭੇਦ ਖਤਮ ਕਰਨਗੇ। ਇਸ ਦੌਰਾਨ ਇਹ ਤਿੰਨੇ ਲੀਡਰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਾ ਪੱਖ ਜਾਣਨਗੇ ਤੇ ਵਿਵਾਦ ਖਤਮ ਕਰਵਾਉਣਗੇ।
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਬਕਾ ਕੈਬਨਿਟ ਸਹਿਯੋਗੀ ਨਵਜੋਤ ਸਿੰਘ ਸਿੱਧੂ ਦੇ ਵਿਚ ਰਿਸ਼ਤਿਆਂ 'ਚ ਆਈ ਖਟਾਸ ਜਲਦ ਹੀ ਖਤਮ ਹੋ ਸਕਦੀ ਹੈ। ਦੋਵਾਂ ਵੱਲੋਂ ਜਾਰੀ ਕੁੜੱਤਣ ਨੂੰ ਖਤਮ ਕਰਨ ਲਈ ਕੌਮੀ ਪੱਧਰ 'ਤੇ ਕਦਮ ਚੁੱਕੇ ਗਏ ਹਨ। ਦੋਵਾਂ ਦੇ ਵਿਚ ਸੁਲ੍ਹਾ ਕਰਵਾਉਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਦਮ ਚੁੱਕਿਆ ਹੈ।
ਦੋਵਾਂ ਦੇ ਵਿਚ ਮਤਭੇਦ ਦੂਰ ਕਰਨ ਲਈ ਸੋਨੀਆ ਗਾਂਧੀ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ 'ਚ ਰਾਜਸਭਾ 'ਚ ਵਿਰੋਧੀ ਧਿਰ ਦੇ ਲੀਡਰ ਮਿਲਿਕਅਰਜੁਨ ਖੜਗੇ, ਕਾਂਗਰਸ ਜਨਰਲ ਸਕੱਤਰ ਤੇ ਪੰਜਾਬੀ ਪ੍ਰਭਾਰੀ ਹਰੀਸ਼ ਰਾਵਤ ਤੇ ਦਿੱਲੀ ਸੂਬੇ ਦੇ ਕਾਂਗਰਸ ਦੇ ਸੀਨੀਅਰ ਲੀਡਰ ਜੇਪੀ ਅਗਰਵਾਲ ਸ਼ਾਮਲ ਹਨ।
ਇਹ ਤਿੰਨੇ ਲੀਡਰ ਮਿਲ ਕੇ ਦੋਵਾਂ 'ਚ ਜਾਰੀ ਮਤਭੇਦ ਖਤਮ ਕਰਨਗੇ। ਇਸ ਦੌਰਾਨ ਇਹ ਤਿੰਨੇ ਲੀਡਰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਾ ਪੱਖ ਜਾਣਨਗੇ ਤੇ ਵਿਵਾਦ ਖਤਮ ਕਰਵਾਉਣਗੇ।
ਸੋਨੀਆ ਗਾਂਧੀ ਵੱਲੋਂ ਗਠਿਤ ਕਮੇਟੀ ਸੂਬੇ 'ਚ 2022 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅੰਦਰ ਅੰਦਰੂਨੀ ਕਲੇਸ਼ ਬਾਰੇ ਜਾਣਕਾਰੀ ਹਾਸਲ ਕਰੇਗੀ ਤੇ ਇਸ ਨੂੰ ਸਿਖਰਲੇ ਪੱਧਰ 'ਤੇ ਇਸ ਬਾਰੇ ਜਾਣਕਾਰੀ ਦੇਵੇਗੀ।
ਕਮੇਟੀ ਦੇ ਐਲਾਨ ਤੋਂ ਬਾਅਦ ਉੱਤਰਾਖੰਡ ਦੇ ਸਾਬਕਾ ਮੁੱਖ ਮੰਰਤੀ ਹਰੀਸ਼ ਰਾਵਤ ਨੇ ਕਿਹਾ ਕਿ ਪੈਨਲ ਨੂੰ ਪੰਜਾਬ 'ਚ ਪਾਰਟੀ ਤੇ ਸਰਕਾਰ ਨੂੰ ਮਜਬੂਤ ਕਰਨ ਦੇ ਨਾਲ-ਨਾਲ ਸੂਬੇ 'ਚ ਪਾਰਟੀ ਦੇ ਲੀਡਰਾਂ ਦੇ ਵਿਚ ਵਿਵਾਦ ਹੱਲ ਕਰਨ ਲਈ ਉਨ੍ਹਾਂ ਨੂੰ ਕੰਮ ਸੌਂਪਿਆ ਗਿਆ ਹੈ।
ਹਰੀਸ਼ ਰਾਵਤ ਨੇ ਕਿਹਾ ਸਾਡੀ ਪਹਿਲ ਹੈ ਕਿ ਜ਼ਮੀਨੀ ਪੱਧਰ ਤੇ ਪਾਰਟੀ ਨੂੰ ਮਜਬੂਤ ਕੀਤਾ ਜਾਵੇ। ਪੰਜਾਬ 'ਚ ਕਾਂਗਰਸ ਨੂੰ ਇਕਜੁੱਟ ਕਰਨ ਤੇ ਆਗਾਮੀ 2022 ਦੀਆਂ ਵਿਧਾਨਸਭਾ ਚੋਣਾਂ 'ਚ ਪਾਰਟੀ ਦੀ ਜਿੱਤ ਤੈਅ ਕਰਨ 'ਚ ਮਦਦ ਕਰਨਾ ਹੈ।