Rain Update: ਉੱਤਰੀ ਭਾਰਤ 'ਚ ਮੀਂਹ ਨੇ ਵਿਗਾੜੇ ਹਾਲਾਤ... ਹਿਮਾਚਲ-ਉਤਰਾਖੰਡ 'ਚ ਨਦੀਆਂ 'ਚ ਹੜ੍ਹ, ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਮੌਤ
Monsoon Update In India: ਮੈਦਾਨੀ ਇਲਾਕਿਆਂ ਤੋਂ ਲੈ ਕੇ ਪਹਾੜਾਂ ਤੱਕ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਆਈਐਮਡੀ ਨੇ ਦਿੱਲੀ, ਹਰਿਆਣਾ, ਹਿਮਾਚਲ, ਉੱਤਰਾਖੰਡ ਸਮੇਤ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
IMD Rain Update: ਦੋ ਦਿਨਾਂ ਤੋਂ ਦੇਸ਼ ਦੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੈਦਾਨੀ ਇਲਾਕਿਆਂ ਤੋਂ ਲੈ ਕੇ ਪਹਾੜਾਂ ਤੱਕ ਮੀਂਹ ਕਾਰਨ ਲੋਕ ਪ੍ਰੇਸ਼ਾਨ ਹਨ। ਲਗਾਤਾਰ ਹੋ ਰਹੇ ਮੀਂਹ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੁਣ ਤੱਕ ਕਰੀਬ 20 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿੱਚ ਹੋਰ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਅਗਲੇ 24 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਐਤਵਾਰ (9 ਜੁਲਾਈ) ਨੂੰ ਕਿਹਾ ਕਿ ਜੁਲਾਈ ਦੇ ਪਹਿਲੇ ਅੱਠ ਦਿਨਾਂ ਵਿੱਚ ਹੋਈ ਬਾਰਸ਼ ਨੇ ਦੇਸ਼ ਭਰ ਵਿੱਚ ਮੀਂਹ ਦੀ ਕਮੀ ਨੂੰ ਪੂਰਾ ਕਰ ਦਿੱਤਾ ਹੈ। ਮਾਨਸੂਨ ਸੀਜ਼ਨ 'ਚ ਹੁਣ ਤੱਕ ਕੁੱਲ 243.2 ਮਿਲੀਮੀਟਰ ਮੀਂਹ ਪੈ ਚੁੱਕਾ ਹੈ, ਜੋ ਕਿ ਆਮ ਨਾਲੋਂ ਦੋ ਫੀਸਦੀ ਜ਼ਿਆਦਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਇਸ ਕਾਰਨ ਭਾਰੀ ਜਾਮ ਵੀ ਦੇਖਣ ਨੂੰ ਮਿਲਿਆ।
ਟੁੱਟਿਆ 40 ਸਾਲ ਦਾ ਰਿਕਾਰਡ
ਆਈਐਮਡੀ ਨੇ ਕਿਹਾ ਕਿ ਦਿੱਲੀ ਵਿੱਚ ਐਤਵਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 153 ਮਿਲੀਮੀਟਰ ਮੀਂਹ ਪਿਆ, ਜੋ 1982 ਤੋਂ ਬਾਅਦ ਜੁਲਾਈ ਮਹੀਨੇ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਹੈ। ਪੱਛਮੀ ਗੜਬੜੀ ਅਤੇ ਮਾਨਸੂਨ ਹਵਾਵਾਂ ਦੇ ਆਪਸੀ ਤਾਲਮੇਲ ਕਾਰਨ ਦਿੱਲੀ ਸਮੇਤ ਉੱਤਰ-ਪੱਛਮੀ ਭਾਰਤ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇੱਥੋਂ ਦੇ ਕਈ ਇਲਾਕਿਆਂ ਵਿੱਚ ਭਾਰੀ ਪਾਣੀ ਭਰ ਗਿਆ ਹੈ। ਦਿੱਲੀ 'ਚ ਮੀਂਹ ਕਾਰਨ ਫਲੈਟ ਦੀ ਛੱਤ ਡਿੱਗਣ ਕਾਰਨ 58 ਸਾਲਾ ਔਰਤ ਦੀ ਮੌਤ ਹੋ ਗਈ।
ਸੰਸਦ ਮੈਂਬਰ ਦੇ ਘਰਾਂ 'ਚ ਵੀ ਵੜਿਆ ਪਾਣੀ
ਦਿੱਲੀ 'ਚ ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ। ਇਸ ਕਾਰਨ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਦੇ ਘਰ ਵੀ ਪਾਣੀ ਵੜ ਗਿਆ। ਭਾਰੀ ਮੀਂਹ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਐੱਲਜੀ ਨਾਲ ਗੱਲ ਕੀਤੀ ਅਤੇ ਜਾਣਕਾਰੀ ਲਈ। ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨਾਲ ਵੀ ਗੱਲ ਕੀਤੀ ਅਤੇ ਭਾਰੀ ਮੀਂਹ ਕਾਰਨ ਮੁਅੱਤਲ ਕੀਤੀ ਅਮਰਨਾਥ ਯਾਤਰਾ ਬਾਰੇ ਜਾਣਕਾਰੀ ਲਈ। ਇਸ ਮੀਂਹ ਦੌਰਾਨ ਪਹਾੜੀ ਸੂਬਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ।
ਪਹਾੜੀ ਖੇਤਰਾਂ 'ਚ ਆਫਤ
ਹਿਮਾਚਲ ਪ੍ਰਦੇਸ਼ ਦੇ ਰਾਮਪੁਰ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਨਾਥਪਾ ਡੈਮ ਤੋਂ 1500 ਕਿਊਸਿਕ ਪਾਣੀ ਛੱਡਿਆ ਗਿਆ ਹੈ। ਸੂਬੇ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਕਾਂਗੜਾ 'ਚ ਸੜਕ ਟੁੱਟ ਗਈ ਹੈ। ਸ਼ਿਮਲਾ 'ਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਚੱਬਾ ਪੁਲ ਰੁੜ੍ਹ ਗਿਆ।
ਕੁੱਲੂ ਦੇ ਕਸੋਲ ਇਲਾਕੇ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ 'ਚ ਕਈ ਕਾਰਾਂ ਵਹਿ ਗਈਆਂ ਹਨ। ਮੀਂਹ ਕਾਰਨ ਮੰਡੀ ਵਿੱਚ ਔਟ-ਬੰਜਰ ਦਾ ਸਾਲਾਂ ਪੁਰਾਣਾ ਪੁਲ ਢਹਿ ਗਿਆ। ਮੰਡੀ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਪੰਚਵਕਤਰਾ ਮੰਦਰ ਵੀ ਇਸ ਵਿੱਚ ਡੁੱਬ ਗਿਆ।
ਹਿਮਾਚਲ 'ਚ ਭਾਰੀ ਮੀਂਹ ਕਾਰਨ ਪੰਜ ਲੋਕਾਂ ਦੀ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਸ਼ਿਮਲਾ ਜ਼ਿਲ੍ਹੇ ਦੇ ਕੋਠਗੜ੍ਹ ਇਲਾਕੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਮਕਾਨ ਢਹਿ ਗਿਆ। ਜਿਸ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਕੁੱਲੂ ਸ਼ਹਿਰ ਵਿੱਚ ਵੀ ਜ਼ਮੀਨ ਖਿਸਕਣ ਨਾਲ ਇੱਕ ਅਸਥਾਈ ਮਕਾਨ ਨੂੰ ਨੁਕਸਾਨ ਪਹੁੰਚਿਆ ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ।
ਸੈਲਾਨੀਆਂ ਨੂੰ ਇਹ ਅਪੀਲ
ਕੁੱਲੂ ਦੇ ਡੀਸੀ ਆਸ਼ੂਤੋਸ਼ ਗਰਗ ਨੇ ਕਿਹਾ ਕਿ ਕੱਲ੍ਹ ਤੋਂ ਪੂਰੇ ਜ਼ਿਲ੍ਹੇ ਵਿੱਚ ਪੈ ਰਹੀ ਭਾਰੀ ਬਾਰਿਸ਼ ਕਾਰਨ ਸਾਡੀਆਂ ਕਈ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਸ ਸਮੇਂ ਕਈ ਸੜਕਾਂ, ਮੁੱਖ ਰਾਸ਼ਟਰੀ ਮਾਰਗ ਬੰਦ ਹਨ। ਅਸੀਂ ਇੱਥੇ ਆਏ ਸਾਰੇ ਸੈਲਾਨੀਆਂ ਨੂੰ ਮੁੜ ਬਹਾਲੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੱਕ ਉੱਥੇ ਰੁਕਣ ਦੀ ਬੇਨਤੀ ਕਰਦੇ ਹਾਂ। ਜਿਹੜੇ ਲੋਕ ਇੱਥੇ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੀ ਯਾਤਰਾ ਹੁਣੇ ਮੁਲਤਵੀ ਕਰ ਦੇਣੀ ਚਾਹੀਦੀ ਹੈ।
ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਚੰਬਾ, ਹਮੀਰਪੁਰ, ਕੁੱਲੂ, ਮੰਡੀ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੋਲਨ, ਸ਼ਿਮਲਾ, ਸਿਰਮੌਰ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਲਾਹੌਲ ਸਪਿਤੀ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਲਾਹੌਲ ਸਪਿਤੀ ਦੇ ਲੋਸਰ 'ਚ ਤਾਜ਼ਾ ਬਰਫਬਾਰੀ ਕਾਰਨ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।