Rajasthan Election 2023: ਰਾਜਸਥਾਨ ਦੇ ਲਗਭਗ 22% ਨਵੇਂ ਵਿਧਾਇਕਾਂ 'ਤੇ ਗੰਭੀਰ ਅਪਰਾਧਿਕ ਮਾਮਲੇ ਦਰਜ, ਜਾਣੋ ਕੌਣ ਸਭ ਤੋਂ ਅਮੀਰ ਅਤੇ ਗ਼ਰੀਬ
Election 2023: ਭਾਜਪਾ ਦੇ 115 ਵਿਧਾਇਕਾਂ 'ਚੋਂ ਘੱਟੋ-ਘੱਟ 24 ਯਾਨੀ 21 ਫੀਸਦੀ ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਕਾਂਗਰਸ ਦੇ 69 ਵਿਧਾਇਕਾਂ 'ਚੋਂ 16 ਯਾਨੀ 23 ਫੀਸਦੀ 'ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।
Rajasthan Assembly Election 2023: ਰਾਜਸਥਾਨ ਵਿਧਾਨ ਸਭਾ ਚੋਣ 2023 ਦੇ ਨਤੀਜਿਆਂ ਤੋਂ ਬਾਅਦ ਪਿਛਲੇ 9 ਦਿਨਾਂ ਤੋਂ ਨਵਾਂ ਮੁੱਖ ਮੰਤਰੀ ਚੁਣਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਮੀਦ ਹੈ ਕਿ ਇੱਕ ਤੋਂ ਦੋ ਦਿਨਾਂ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਭਾਰੀ ਬਹੁਮਤ ਮਿਲਿਆ ਹੈ। ਭਾਜਪਾ ਨੇ ਕੁੱਲ 199 ਵਿੱਚੋਂ 115 ਸੀਟਾਂ ਜਿੱਤੀਆਂ ਹਨ।
ਇਸ ਦੇ ਨਾਲ ਹੀ ਇਸ ਵਾਰ ਚੋਣਾਂ 'ਚ ਭਾਜਪਾ ਦੀਆਂ ਸੀਟਾਂ ਵਧਣ ਦੇ ਨਾਲ-ਨਾਲ ਵਿਧਾਨ ਸਭਾ 'ਚ ਦਾਗੀ ਵਿਧਾਇਕਾਂ ਦੀ ਗਿਣਤੀ ਵੀ ਵਧੀ ਹੈ। ਰਾਜਸਥਾਨ ਦੇ ਨਵੇਂ ਚੁਣੇ ਗਏ ਵਿਧਾਇਕਾਂ ਵਿੱਚੋਂ ਘੱਟੋ-ਘੱਟ 22 ਫੀਸਦੀ ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਹ 2018 ਦੀ ਵਿਧਾਨ ਸਭਾ ਨਾਲੋਂ 8 ਫੀਸਦੀ ਜ਼ਿਆਦਾ ਹੈ।
2018 'ਚ 14 ਫੀਸਦੀ ਵਿਧਾਇਕਾਂ ਖਿਲਾਫ ਗੰਭੀਰ ਮਾਮਲੇ ਦਰਜ ਸਨ
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਦੀ ਰਿਪੋਰਟ ਅਨੁਸਾਰ 199 ਚੁਣੇ ਗਏ ਮੈਂਬਰਾਂ ਵਿੱਚੋਂ 44 ਵਿਧਾਇਕਾਂ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। 2018 ਵਿੱਚ, ਕੁੱਲ 199 ਵਿੱਚੋਂ 14 ਪ੍ਰਤੀਸ਼ਤ 28 ਵਿਧਾਇਕਾਂ ਨੇ ਆਪਣੇ ਹਲਫ਼ਨਾਮਿਆਂ ਵਿੱਚ ਕਿਹਾ ਸੀ ਕਿ ਉਨ੍ਹਾਂ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਸ ਵਾਰ ਚੁਣੇ ਗਏ ਵਿਧਾਇਕਾਂ 'ਚੋਂ ਘੱਟੋ-ਘੱਟ ਇੱਕ 'ਤੇ ਕਤਲ ਦੇ ਦੋਸ਼ਾਂ ਨਾਲ ਸਬੰਧਤ ਕੇਸ ਦਰਜ ਹੈ, ਜਦਕਿ ਘੱਟੋ-ਘੱਟ 6 'ਤੇ ਔਰਤਾਂ ਵਿਰੁੱਧ ਅਪਰਾਧਾਂ ਨਾਲ ਸਬੰਧਤ ਕੇਸ ਦਰਜ ਹਨ।
31 ਫ਼ੀਸਦੀ ਵਿਧਾਇਕਾਂ ਖਿਲਾਫ ਆਮ ਅਪਰਾਧਿਕ ਮਾਮਲੇ ਦਰਜ
ਜਿੱਤਣ ਵਾਲੇ ਉਮੀਦਵਾਰਾਂ ਵਿੱਚੋਂ ਘੱਟੋ-ਘੱਟ 61 ਭਾਵ 31 ਫੀਸਦੀ ਨੇ ਦੱਸਿਆ ਹੈ ਕਿ ਉਨ੍ਹਾਂ ਵਿਰੁੱਧ ਆਮ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। 2018 ਵਿੱਚ ਇਹ ਗਿਣਤੀ 46 ਸੀ ਯਾਨੀ ਕੁੱਲ ਦਾ 23 ਫੀਸਦੀ। ਭਾਜਪਾ ਦੇ 115 ਜੇਤੂ ਵਿਧਾਇਕਾਂ 'ਚੋਂ ਘੱਟੋ-ਘੱਟ 24 ਯਾਨੀ 21 ਫੀਸਦੀ ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਕਾਂਗਰਸ ਦੇ 69 ਜੇਤੂ ਵਿਧਾਇਕਾਂ 'ਚੋਂ 16 ਯਾਨੀ 23 ਫੀਸਦੀ 'ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਆਮ ਅਪਰਾਧਿਕ ਮਾਮਲਿਆਂ ਦੀ ਗੱਲ ਕਰੀਏ ਤਾਂ ਭਾਜਪਾ ਦੇ 115 ਵਿਧਾਇਕਾਂ 'ਚੋਂ 35 ਭਾਵ 30 ਫੀਸਦੀ 'ਤੇ ਆਮ ਅਪਰਾਧਿਕ ਮਾਮਲੇ ਦਰਜ ਹਨ। ਕਾਂਗਰਸ ਦੇ ਮਾਮਲੇ ਵਿੱਚ ਇਹ ਗਿਣਤੀ 20 ਹੈ।
85% ਵਿਧਾਇਕ ਕਰੋੜਪਤੀ
ਅਪਰਾਧ ਤੋਂ ਇਲਾਵਾ ਹੋਰ ਜਾਇਦਾਦਾਂ ਦੀ ਗੱਲ ਕਰੀਏ ਤਾਂ ਕੁੱਲ 199 ਨਵੇਂ ਚੁਣੇ ਗਏ ਵਿਧਾਇਕਾਂ 'ਚੋਂ ਘੱਟੋ-ਘੱਟ 169 ਭਾਵ 85 ਫੀਸਦੀ ਕਰੋੜਪਤੀ ਹਨ। 2018 ਵਿੱਚ ਕਰੋੜਪਤੀ ਵਿਧਾਇਕਾਂ ਦੀ ਗਿਣਤੀ 158 ਸੀ। ਭਾਜਪਾ ਦੇ ਸਭ ਤੋਂ ਵੱਧ 101 ਕਰੋੜਪਤੀ ਵਿਧਾਇਕ ਹਨ। ਕਾਂਗਰਸ ਦੇ 69 ਚੁਣੇ ਗਏ ਵਿਧਾਇਕਾਂ 'ਚੋਂ 58 ਭਾਵ 84 ਫੀਸਦੀ ਕਰੋੜਪਤੀ ਹਨ। ਅੱਠ ਆਜ਼ਾਦ ਵਿਧਾਇਕਾਂ ਨੇ ਵੀ ਇੱਕ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੱਸੀ ਹੈ। ਘੱਟੋ-ਘੱਟ 78 ਵਿਧਾਇਕਾਂ ਕੋਲ 5 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਜਾਇਦਾਦ ਹੈ।
ਇਹ ਸਭ ਤੋਂ ਅਮੀਰ ਅਤੇ ਗਰੀਬ ਵਿਧਾਇਕ
ਭਾਜਪਾ ਦੀ ਬੀਕਾਨੇਰ ਦੀ ਸਾਬਕਾ ਰਾਜਕੁਮਾਰੀ ਸਿੱਧੀ ਕੁਮਾਰੀ 102 ਕਰੋੜ ਦੀ ਜਾਇਦਾਦ ਨਾਲ ਸਭ ਤੋਂ ਅਮੀਰ ਵਿਧਾਇਕ ਹੈ। ਹਨੂੰਮਾਨਗੜ੍ਹ ਦੇ ਅਭਿਮਨਿਊ ਸਭ ਤੋਂ ਘੱਟ ਜਾਇਦਾਦ ਵਾਲੇ ਵਿਧਾਇਕ ਹਨ, ਉਨ੍ਹਾਂ ਦੀ ਕੁੱਲ ਜਾਇਦਾਦ ਸਿਰਫ 157094 ਰੁਪਏ ਹੈ।