“ਕਿਸੇ ਦਾ ਪਿਓ ਵੀ ਮੈਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ”
ਐਲੋਪੈਥੀ ਇਲਾਜ ਪ੍ਰਣਾਲੀ ਦੇ ਵਿਰੋਧੀ ਰਾਮਦੇਵ ਨੇ ਆਪਣੇ ਵੀਡੀਓ ਵਿੱਚ ਆਪਣੀ ਗ੍ਰਿਫ਼ਤਾਰੀ ਦੀ ਮੰਗ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ‘ਉਨ੍ਹਾਂ ਦਾ ਬਾਪ ਵੀ ਮੈਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ ਹੈ।
ਚੰਡੀਗੜ੍ਹਃ ਕਾਰੋਬਾਰੀ ਯੋਗ ਗੁਰੂ ਸਵਾਮੀ ਰਾਮਦੇਵ ਨੇ ਦੇਸ਼ ਤੰਤਰ ਨੂੰ ਚੈਲੰਜ ਕਰਦਿਆਂ ਬੜੇ ਫੁਕਰਪੁਣੇ ਵਾਲਾ ਬਿਆਨ ਦੇ ਦਿੱਤਾ ਹੈ। ਰਾਮਦੇਵ ਨੇ ਕਿਹਾ ਹੈ, “ਉਨ੍ਹਾਂ ਦਾ ਬਾਪ ਵੀ ਸਵਾਮੀ ਰਾਮਦੇਵ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ।” ਰਾਮਦੇਵ ਦਾ ਇਹ ਬਿਆਨ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਵਿੱਚ ਹੈ। ਉੱਧਰ, ਭਾਰਤੀ ਮੈਡੀਕਲ ਸੰਘ (ਆਈਐੱਮਏ) ਨੇ ਰਾਮਦੇਵ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਹੈ ਕਿ ਐਲੋਪੈਥੀ ਖ਼ਿਲਾਫ਼ ਵਿਵਾਦਿਤ ਬਿਆਨ ਦੇਣ ਲਈ ਉਸ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇ।
ਐਲੋਪੈਥੀ ਇਲਾਜ ਪ੍ਰਣਾਲੀ ਦੇ ਵਿਰੋਧੀ ਰਾਮਦੇਵ ਨੇ ਆਪਣੇ ਵੀਡੀਓ ਵਿੱਚ ਆਪਣੀ ਗ੍ਰਿਫ਼ਤਾਰੀ ਦੀ ਮੰਗ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ‘ਉਨ੍ਹਾਂ ਦਾ ਬਾਪ ਵੀ ਮੈਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ ਹੈ।’ ਸੋਸ਼ਲ ਮੀਡੀਆ ’ਤੇ ਹੈਸ਼ਟੈਗ ‘ਅਰੈਸਟ ਰਾਮਦੇਵ’ ਦੇ ਚੱਲ ਰਹੇ ਟਰੈਂਡ ਦੇ ਜਵਾਬ ’ਚ ਉਸ ਨੇ ਕਿਹਾ,‘‘ਉਹ ਸਿਰਫ਼ ਰੌਲਾ ਪਾ ਰਹੇ ਹਨ। ਉਹ ਠੱਗ ਰਾਮਦੇਵ, ਮਹਾਠੱਗ ਰਾਮਦੇਵ, ਗ੍ਰਿਫ਼ਤਾਰ ਰਾਮਦੇਵ ਅਤੇ ਅਜਿਹੇ ਹੋਰ ਟਰੈਂਡ ਨਸ਼ਰ ਕਰਦੇ ਰਹਿੰਦੇ ਹਨ। ਅਰੈਸਟ ਤੋ ਖੈਰ ਉਨਕਾ ਬਾਪ ਭੀ ਨਹੀਂ ਕਰ ਸਕਤਾ ਸਵਾਮੀ ਰਾਮਦੇਵ ਕੋ।’’
ਵੀਡੀਓ ਉੱਪਰ ਪ੍ਰਤੀਕਰਮ ਦਿੰਦਿਆਂ ਦੇਹਰਾਦੂਨ ਦੇ ਇੱਕ ਡਾਕਟਰ ਨੇ ਕਿਹਾ ਕਿ ਯੋਗ ਗੁਰੂ ਦੇ ਤਾਜ਼ਾ ਵੀਡੀਓ ਤੋਂ ਸਪੱਸ਼ਟ ਹੈ ਕਿ ਉਸ ਨੂੰ ਐਲੋਪੈਥੀ ਅਤੇ ਡਾਕਟਰਾਂ ਬਾਰੇ ਦਿੱਤੇ ਆਪਣੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ’ਤੇ ਕੋਈ ਖੇਦ ਨਹੀਂ ਹੈ। ‘ਰਾਮਦੇਵ ਦਾ ਬਿਆਨ ਹੰਕਾਰ ਨਾਲ ਭਰਿਆ ਹੋਇਆ ਹੈ। ਇਥੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝਦਾ ਹੈ।’ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਰਾਮਦੇਵ ਵੱਲੋਂ ਕਰੋਨਾਵਾਇਰਸ ਤੋਂ ਬਚਾਅ ਦੇ ਟੀਕਾਕਰਨ ਲਈ ਗੁੰਮਰਾਹਕੁਨ ਪ੍ਰਚਾਰ ਕਰਨ ਅਤੇ ਇਲਾਜ ਦੇ ਸਰਕਾਰੀ ਪ੍ਰੋਟੋਕੋਲ ਨੂੰ ਚੁਣੌਤੀ ਦੇਣ ਲਈ ਉਸ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ। ਆਈਐੱਮਏ ਨੇ ਰਾਮਦੇਵ ਖ਼ਿਲਾਫ਼ ਮਾਣਹਾਨੀ ਦਾ ਨੋਟਿਸ ਵੀ ਭੇਜਿਆ ਹੈ।
ਉੱਧਰ, ਆਈਪੀ ਅਸਟੇਟ ਪੁਲੀਸ ਸਟੇਸ਼ਨ ’ਚ ਸ਼ਿਕਾਇਤ ਦਿੰਦਿਆਂ ਆਈਐੱਮਏ ਨੇ ਕਿਹਾ ਕਿ ਰਾਮਦੇਵ ਨੇ ਕੋਵਿਡ ਮਰੀਜ਼ਾਂ ਦੇ ਇਲਾਜ ਬਾਰੇ ਝੂਠੇ ਅਤੇ ਆਧਾਰਹੀਣ ਤੱਥ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਅਧੀਨ ਆਉਂਦੀ ਦਿੱਲੀ ਪੁਲਿਸ ਇਸ ਸ਼ਿਕਾਇਤ ਉੱਪਰ ਅਤੇ ਰਾਮਦੇਵ ਖ਼ਿਲਾਫ਼ ਕੀ ਕਾਰਵਾਈ ਕਰਦੀ ਹੈ।