Nuh Haryana Violence: ਨੂਹ ਹਿੰਸਾ 'ਤੇ ਪੁਲਿਸ ਦੀ ਤੇਜ਼ ਕਾਰਵਾਈ, 60 ਲੋਕਾਂ 'ਤੇ FIR, 259 ਗ੍ਰਿਫ਼ਤਾਰ
Nuh Violence: ਨੂਹ ਹਿੰਸਾ ਨੂੰ ਲੈ ਕੇ ਲਗਾਤਾਰ ਜਾਂਚ ਦੇ ਨਾਲ-ਨਾਲ ਪੁਲਿਸ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ 'ਚ ਲੱਗੀ ਹੋਈ ਹੈ। ਐਸਪੀ ਨਰਿੰਦਰ ਬਿਜਾਰਨੀਆ ਨੇ ਲੋਕਾਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।
Haryana News: ਹਰਿਆਣਾ ਦੇ ਨੂਹ ਵਿੱਚ 31 ਜੁਲਾਈ ਨੂੰ ਹੋਈ ਹਿੰਸਾ ਤੋਂ ਬਾਅਦ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ। ਨੂਹ ਹਿੰਸਾ ਦੇ ਮਾਮਲੇ 'ਚ ਹੁਣ ਤੱਕ 259 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ 60 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਵੀ ਪੁਲਿਸ ਤਿੱਖੀ ਨਜ਼ਰ ਰੱਖ ਰਹੀ ਹੈ। ਪੁਲਿਸ ਨੇ ਸੋਸ਼ਲ ਮੀਡੀਆ 'ਤੇ ਅਫਵਾਹ ਫੈਲਾਉਣ ਦੇ ਦੋਸ਼ 'ਚ 11 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ। ਨੂਹ ਦੇ ਪੁਲਿਸ ਸੁਪਰਡੈਂਟ ਨਰਿੰਦਰ ਬਿਜਾਰਨੀਆ ਨੇ ਲੋਕਾਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।
ਬੁਲਡੋਜ਼ਰ ਦੀ ਕਾਰਵਾਈ 'ਤੇ ਹਾਈਕੋਰਟ 'ਚ ਸਰਕਾਰ ਦਾ ਜਵਾਬ
ਨੂਹ 'ਚ ਹਿੰਸਾ ਤੋਂ ਬਾਅਦ ਹਰਿਆਣਾ ਸਰਕਾਰ ਨੇ ਬੁਲਡੋਜ਼ਰ ਦੀ ਕਾਰਵਾਈ 'ਤੇ ਹਾਈਕੋਰਟ 'ਚ ਜਵਾਬ ਦਿੱਤਾ ਹੈ। ਆਪਣੇ ਜਵਾਬ ਵਿੱਚ ਸਰਕਾਰ ਨੇ ਕਿਹਾ ਕਿ 7 ਅਗਸਤ ਤੱਕ 443 ਉਸਾਰੀਆਂ ਢਾਹੀਆਂ ਗਈਆਂ। ਜਿਸ ਵਿੱਚ 281 ਨਾਜਾਇਜ਼ ਕਬਜ਼ੇ ਮੁਸਲਮਾਨਾਂ ਦੇ ਅਤੇ 71 ਹਿੰਦੂਆਂ ਦੇ ਸਨ। ਇਸ ਨਾਲ ਲਗਭਗ 354 ਲੋਕ ਪ੍ਰਭਾਵਿਤ ਹੋਏ ਹਨ। ਦੂਜੇ ਪਾਸੇ, ਗੁਰੂਗ੍ਰਾਮ ਵਿੱਚ ਜੋ ਵੀ ਗੈਰ-ਕਾਨੂੰਨੀ ਉਸਾਰੀਆਂ ਹਟਾਈਆਂ ਗਈਆਂ ਸਨ, ਉਹ ਹਿੰਦੂਆਂ ਦੀਆਂ ਸਨ। ਮੇਵਾਤ 'ਚ 79.20 ਫੀਸਦੀ ਆਬਾਦੀ ਮੁਸਲਮਾਨਾਂ ਦੀ ਹੈ, ਜਦਕਿ 20.37 ਫੀਸਦੀ ਆਬਾਦੀ ਹਿੰਦੂਆਂ ਦੀ ਹੈ। ਸਰਕਾਰ ਦੀ ਤਰਫੋਂ ਅੰਕੜੇ ਦੱਸਦੇ ਹੋਏ ਕਿਹਾ ਗਿਆ ਕਿ ਧਰਮ ਦੇ ਆਧਾਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਸਰਕਾਰ ਵੱਲੋਂ ਕਿਹਾ ਗਿਆ ਕਿ ਪਹਿਲਾਂ ਵੀ ਇਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ।
'ਮੁੱਖ ਮੰਤਰੀ ਨੇ ਸੋਚੀ ਸਮਝੀ ਸਾਜ਼ਿਸ਼ ਦੱਸੀ'
ਨੂਹ ਹਿੰਸਾ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਨੂਹ ਹਿੰਸਾ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਦੀ ਤਿਆਰੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਏਜੰਸੀਆਂ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਦੂਜੇ ਪਾਸੇ ਬ੍ਰਜ ਮੰਡਲ ਯਾਤਰਾ ਨੂੰ ਫਿਰ ਤੋਂ ਕੱਢਣ ਬਾਰੇ ਸੀਐਮ ਖੱਟਰ ਨੇ ਕਿਹਾ ਕਿ ਇਸ ਲਈ ਸਰਕਾਰ ਨੇ ਕੀ ਇਜਾਜ਼ਤ ਦਿੱਤੀ ਹੈ? ਜਦੋਂ ਕੋਈ ਜਾਣਕਾਰੀ ਆਵੇਗੀ, ਇਸ 'ਤੇ ਅੱਗੇ ਚਰਚਾ ਕੀਤੀ ਜਾਵੇਗੀ।