ਰਵੀਦਾਸ ਮੰਦਰ ਵਿਵਾਦ: ਭੀਮ ਸੇਨਾ ਮੁਖੀ ਚੰਦਰਸ਼ੇਖਰ ਸਣੇ 96 ਖ਼ਿਲਾਫ਼ ਵੱਡੀ ਕਾਰਵਾਈ
ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਤੁਗਲਕਾਬਾਦ ਇਲਾਕੇ ਵਿੱਚ ਦੰਗੇ ਕਰਨ ਤੇ ਗੈਰਕਨੂੰਨੀ ਤੌਰ 'ਤੇ ਇਕੱਠੇ ਹੋਣ ਦੇ ਇਲਜ਼ਾਮ ਵਿੱਚ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਤੇ 95 ਹੋਰਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਤੁਗਲਕਾਬਾਦ ਇਲਾਕੇ ਵਿੱਚ ਦੰਗੇ ਕਰਨ ਤੇ ਗੈਰਕਨੂੰਨੀ ਤੌਰ 'ਤੇ ਇਕੱਠੇ ਹੋਣ ਦੇ ਇਲਜ਼ਾਮ ਵਿੱਚ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਤੇ 95 ਹੋਰਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਤੁਗਲਕਾਬਾਦ ਇਲਾਕੇ ਵਿੱਚ ਰਵੀਦਾਸ ਮੰਦਰ ਢਾਹੁਣ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਬੁੱਧਵਾਰ ਦੀ ਰਾਤ ਨੂੰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਤੇ ਥਾਣਾ ਗੋਵਿੰਦਪੁਰੀ ਵਿੱਚ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।
ਪੁਲਿਸ ਨੇ ਦੱਸਿਆ ਕਿ ਡੀਡੀਏ ਨੇ 10 ਅਗਸਤ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਜਹਾਂਪਨਾ ਜੰਗਲ ਵਿੱਚ ਮੰਦਿਰ ਨੂੰ ਤੋੜ ਦਿੱਤਾ ਸੀ। ਮੰਦਰ ਨੂੰ ਜਾਂਦੀ ਸੜਕ ਉੱਤੇ ਇੱਕ ਕੰਧ ਬਣਾਈ ਗਈ ਸੀ। ਪੁਲਿਸ ਨੇ ਕਿਹਾ ਕਿ ਉਸੇ ਜਗ੍ਹਾ ਮੰਦਰ ਉਸਾਰੇ ਜਾਣ ਦੀ ਮੰਗ ਨੂੰ ਲੈ ਕੇ 10,000 ਲੋਕ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋਏ ਸਨ, ਪਰ ਵਿਰੋਧ ਪ੍ਰਦਰਸ਼ਨ ਦੌਰਾਨ ਪੰਜ ਹਜ਼ਾਰ ਦੇ ਕਰੀਬ ਲੋਕਾਂ ਨੇ ਆਜ਼ਾਦ ਦੀ ਅਗਵਾਈ ਵਿੱਚ ਮੰਦਰ ਵਾਲੀ ਜਗ੍ਹਾ ਵੱਲ ਮਾਰਚ ਕਰਨ ਦੀ ਯੋਜਨਾ ਬਣਾਈ।
ਇਨ੍ਹਾਂ ਖ਼ਿਲਾਫ਼ ਦਰਜ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਕੁਝ ਲੋਕਾਂ ਕੋਲ ਲਾਠੀਆਂ ਤੇ ਛੜਾਂ ਸਨ ਜਿਨ੍ਹਾਂ ਉੱਤੇ ਝੰਡੇ ਲਗਾਏ ਗਏ ਸੀ। ਉਹ ਸਰਕਾਰ ਤੇ ਸੁਪਰੀਮ ਕੋਰਟ ਖਿਲਾਫ ਨਾਅਰੇਬਾਜ਼ੀ ਕਰ ਰਹੇ ਸੀ।