ਤਿਉਹਾਰੀ ਸੀਜ਼ਨ 'ਚ RBI ਦਾ ਵੱਡਾ ਤੋਹਫਾ, ਸਸਤੇ ਹੋਏ ਕਰਜ਼ੇ
RBI ਨੇ ਸ਼ੁੱਕਰਵਾਰ ਨੂੰ ਰੈਪੋ ਰੇਟ ਵਿੱਚ 0.25 ਫੀਸਦੀ ਦੀ ਕਟੌਤਾ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਹੁਣ ਰੈਪੋ ਰੇਟਾਂ ਨਾਲ ਜੁੜੇ ਹਰ ਤਰਾਂ ਦੇ ਕਰਜ਼ੇ ਸਸਤੇ ਹੋ ਜਾਣਗੇ। ਮੁਦਰਾ ਨੀਤੀ ਕਮੇਟੀ (ਐਮਪੀਸੀ) ਦੇ ਸਾਰੇ 6 ਮੈਂਬਰਾਂ ਨੇ ਰੈਪੋ ਰੇਟ ਨੂੰ ਘਟਾਉਣ ਦੇ ਹੱਕ ਵਿੱਚ ਵੋਟ ਦਿੱਤੀ। ਰੈਪੋ ਰੇਟ ਉਹ ਦਰ ਹੈ ਜਿਸ 'ਤੇ ਬੈਂਕਾਂ ਆਰਬੀਆਈ ਤੋਂ ਕਰਜ਼ਾ ਲੈਂਦੀਆਂ ਹਨ। ਬੈਂਕਾਂ ਨੂੰ ਸਸਤੇ ਕਰਜ਼ੇ ਮਿਲਣ ਨਾਲ ਗਾਹਕਾਂ ਨੂੰ ਵੀ ਫਾਇਦਾ ਹੋਏਗਾ।
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਰੈਪੋ ਰੇਟ ਵਿੱਚ 0.25 ਫੀਸਦੀ ਦੀ ਕਟੌਤਾ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਹੁਣ ਰੈਪੋ ਰੇਟਾਂ ਨਾਲ ਜੁੜੇ ਹਰ ਤਰਾਂ ਦੇ ਕਰਜ਼ੇ ਸਸਤੇ ਹੋ ਜਾਣਗੇ। ਮੁਦਰਾ ਨੀਤੀ ਕਮੇਟੀ (ਐਮਪੀਸੀ) ਦੇ ਸਾਰੇ 6 ਮੈਂਬਰਾਂ ਨੇ ਰੈਪੋ ਰੇਟ ਨੂੰ ਘਟਾਉਣ ਦੇ ਹੱਕ ਵਿੱਚ ਵੋਟ ਦਿੱਤੀ। ਰੈਪੋ ਰੇਟ ਉਹ ਦਰ ਹੈ ਜਿਸ 'ਤੇ ਬੈਂਕਾਂ ਆਰਬੀਆਈ ਤੋਂ ਕਰਜ਼ਾ ਲੈਂਦੀਆਂ ਹਨ। ਬੈਂਕਾਂ ਨੂੰ ਸਸਤੇ ਕਰਜ਼ੇ ਮਿਲਣ ਨਾਲ ਗਾਹਕਾਂ ਨੂੰ ਵੀ ਫਾਇਦਾ ਹੋਏਗਾ। ਤਿਉਹਾਰਾਂ ਦੇ ਮੌਸਮ ਦੌਰਾਨ ਰੇਟ ਘਟਣ ਨਾਲ ਕਰਜ਼ੇ ਦੀ ਮੰਗ ਵਿੱਚ ਵਾਧਾ ਹੋਣ ਦੀ ਉਮੀਦ ਹੈ।
ਪਿਛਲੇ ਮਹੀਨੇ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਪਹਿਲੀ ਅਕਤੂਬਰ ਤੋਂ ਰੈਪੋ ਦਰਾਂ ਨੂੰ ਬਾਹਰੀ ਬੈਂਚਮਾਰਕ ਨਾਲ ਜੋੜੇ। ਐਸਬੀਆਈ ਅਤੇ ਹੋਰ ਵੱਡੇ ਬੈਂਕਾਂ ਨੇ ਰੈਪੋ ਰੇਟ ਨੂੰ ਚੁਣਿਆ। ਇਸ ਦਾ ਫਾਇਦਾ ਇਹ ਹੈ ਕਿ ਜਦੋਂ ਵੀ ਆਰਬੀਆਈ ਰੈਪੋ ਰੇਟ ਘਟਾਏਗਾ ਤਾਂ ਗਾਹਕਾਂ ਲਈ ਕਰਜ਼ੇ ਤੁਰੰਤ ਸਸਤੇ ਹੋ ਜਾਣਗੇ।
ਦਰਅਸਲ ਐਮਸੀਐਲਆਰ ਅਧਾਰਤ ਕਰਜ਼ਿਆਂ ਵਿੱਚ, ਗਾਹਕਾਂ ਨੂੰ ਤੁਰੰਤ ਲਾਭ ਨਹੀਂ ਮਿਲ ਰਹੇ ਸੀ, ਬਲਕਿ ਰੀਸੈਟ ਡੇਟ ਦੇ ਅਨੁਸਾਰ ਈਐਮਆਈ ਵਿੱਚ ਬਦਲਾਅ ਹੁੰਦਾ ਸੀ। ਬੈਂਕਾਂ ਵੀ ਰੈਪੋ ਰੇਟ ਘਟਣ ਤੋਂ ਬਾਅਦ ਵਿਆਜ ਦਰਾਂ ਤੁਰੰਤ ਘਟਾਉਣ ਲਈ ਮਜਬੂਰ ਨਹੀਂ ਸੀ। ਆਰਬੀਆਈ ਇਸ ਪ੍ਰਬੰਧ ਤੋਂ ਸੰਤੁਸ਼ਟ ਨਹੀਂ ਸੀ, ਕਿਉਂਕਿ ਉਸ ਦੇ ਰੇਟ ਘਟਣ ਦਾ ਗਾਹਕਾਂ ਨੂੰ ਪੂਰਾ ਫਾਇਦਾ ਨਹੀਂ ਮਿਲ ਰਿਹਾ ਸੀ।
ਹਾਲਾਂਕਿ, ਐਸਬੀਆਈ ਦੇ ਪੁਰਾਣੇ ਗਾਹਕਾਂ ਨੂੰ ਰੈਪੋ ਰੇਟ ਵਿੱਚ ਕਟੌਤੀ ਦਾ ਲਾਭ ਲੈਣ ਲਈ ਲੋਨ ਸ਼ਿਫਟਿੰਗ ਲਈ ਅਰਜ਼ੀ ਦੇਣੀ ਪਏਗੀ। ਬਾਕੀ ਬੈਂਕਾਂ ਤੋਂ ਸਥਿਤੀ ਸਪਸ਼ਟ ਨਹੀਂ ਹੈ। ਜਿਹੜੇ ਵੀ ਬੈਂਕਾਂ ਨੇ ਰੈਪੋ ਰੇਟ ਨਾਲ ਕਰਜ਼ੇ ਦੀਆਂ ਦਰਾਂ ਨੂੰ ਜੋੜਿਆ ਹੈ, ਉਨ੍ਹਾਂ ਦੇ ਨਵੇਂ ਗਾਹਕਾਂ ਨੂੰ 0.25 ਫੀਸਦੀ ਦੀ ਕਟੌਤੀ ਦਾ ਤੁਰੰਤ ਲਾਭ ਮਿਲੇਗਾ।