(Source: ECI/ABP News/ABP Majha)
ਵੈਕਸੀਨ ਦੀ ਅਸਲੀਅਤ ਉਡਾ ਦੇਵੇਗੀ ਹੋਸ਼! 53% ਟੀਕੇ ਅਮੀਰ ਮੁਲਕਾਂ ਕੋਲ, ਗ਼ਰੀਬ ਦੇਸ਼ਾਂ ਦੀ 60% ਆਬਾਦੀ ਨੂੰ 2023 ਤੱਕ ਵੀ ਨਹੀਂ ਮਿਲੇਗੀ ਵੈਕਸੀਨ
ਭਾਰਤ ਭਾਵੇਂ ਵੈਕਸੀਨ ਦਾ ਸਭ ਤੋਂ ਵੱਡਾ ਨਿਰਮਾਤਾ ਹੈ ਪਰ ਫਿਰ ਵੀ ਇੱਥੇ ਹਾਲੇ ਤੱਕ 8% ਤੋਂ ਘੱਟ ਲੋਕਾਂ ਨੂੰ ਪਹਿਲੀ ਡੋਜ਼ ਤੇ 1% ਤੋਂ ਘੱਟ ਨੂੰ ਦੋਵੇਂ ਡੋਜ਼ ਲੱਗੀਆਂ ਹਨ।
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਾਰਨ ਵੈਕਸੀਨ ਨੂੰ ਲੈ ਕੇ ਦੁਨੀਆ ਤਿੰਨ ਹਿੱਸਿਆਂ ਵਿੱਚ ਵੰਡੀ ਗਈ ਹੈ। ਪਹਿਲਾ ਹਿੱਸਾ ਅਜਿਹੇ ਦੇਸ਼ਾਂ ਦਾ ਹੈ, ਜਿਨ੍ਹਾਂ ਕੋਲ ਆਪਣੀ ਆਬਾਦੀ ਤੋਂ ਕਈ ਗੁਣਾ ਵੱਧ ਡੋਜ਼ ਹਨ ਕਿਉਂਕਿ ਉਹ ਦੇਸ਼ ਬਹੁਤ ਅਮੀਰ ਹਨ। ਦੂਜਾ ਹਿੱਸਾ ਅਜਿਹੇ ਦੇਸ਼ਾਂ ਦਾ ਹੈ, ਜੋ ਵਿੱਚ-ਵਿਚਾਲੇ ’ਚ ਹਨ ਭਾਵ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਕਿ ਉਹ ਆਪਣੇ ਦੇਸ਼ ਦੀ ਪੂਰੀ ਆਬਾਦੀ ਲਈ ਡੋਜ਼ ਖ਼ਰੀਦ ਸਕਣ। ਤੀਜਾ ਹਿੱਸਾ ਅਜਿਹੇ ਦੇਸ਼ਾਂ ਦਾ ਹੈ, ਜੋ ਬਹੁਤ ਗ਼ਰੀਬ ਹਨ ਤੇ ਉਨ੍ਹਾਂ ਕੋਲ ਦੂਜੇ ਦੇਸ਼ਾਂ ਤੋਂ ਵੈਕਸੀਨ ਮੰਗਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ।
ਜਿੱਥੋਂ ਤੱਕ ਗੱਲ ਅਮੀਰ ਦੇਸ਼ਾਂ ਦੀ ਹੈ, ਤਾਂ ਉਨ੍ਹਾਂ ਦੇਸ਼ਾਂ ਨੇ ਦੁਨੀਆ ’ਚ ਬਣਨ ਵਾਲੀ ਵੈਕਸੀਨ ਦਾ 48 ਫ਼ੀਸਦੀ ਹਿੱਸਾ ਆਪਣੇ ਕੋਲ ਰੱਖ ਲਿਆ ਹੈ। ਇਨ੍ਹਾਂ ਦੇਸ਼ਾਂ ਦੀ ਆਬਾਦੀ ਦੁਨੀਆ ਦਾ ਸਿਰਫ਼ 16 ਫ਼ੀਸਦੀ ਹੈ। ਇਨ੍ਹਾਂ ਦੇਸ਼ਾਂ ਵਿੱਚ ਅਮਰੀਕਾ, ਇੰਗਲੈਂਡ ਜਿਹੇ ਦੇਸ਼ ਆਉਂਦੇ ਹਨ। ਘੁੰਮਣਘੇਰੀ ’ਚ ਫਸੇ ਦੇਸ਼ਾਂ ਵਿੱਚ ਸਰਬੀਆ, ਬ੍ਰਾਜ਼ੀਲ ਤੇ ਭਾਰਤ ਜਿਹੇ ਦੇਸ਼ ਹਨ।
ਬਹੁਤ ਗ਼ਰੀਬ ਦੇਸ਼ਾਂ ਦੀ ਹਾਲਤ ਵੈਕਸੀਨ ਹਾਸਲ ਕਰਨ ਦੇ ਮਾਮਲੇ ’ਚ ਸਭ ਤੋਂ ਭੈੜੀ ਹੈ। ਇਨ੍ਹਾਂ ਵਿੱਚੋਂ ਘਾਨਾ, ਨਾਈਜੀਰੀਆ ਵਰਗੇ ਦੇਸ਼ ਹਨ। ਕੁਝ ਗ਼ਰੀਬ ਦੇਸ਼ਾਂ ਵਿੱਚ ਟੀਕਾਕਰਣ ਹਾਲੇ ਸ਼ੁਰੂ ਹੀ ਨਹੀਂ ਹੋ ਸਕਿਆ। ਡਿਊਕ ਯੂਨੀਵਰਸਿਟੀ ਦੇ ਗਲੋਬਲ ਹੈਲਥ ਇਨੋਵੇਸ਼ਨ ਸੈਂਟਰ ਦੀ ਰਿਪੋਰਟ ਅਨੁਸਾਰ ਅਮੀਰ ਦੇਸ਼ਾਂ ਨੇ ਲਗਪਗ 53% ਵੈਕਸੀਨ ਸਪਲਾਈ ਬੁੱਕ ਕਰ ਲਈ ਹੈ। ਇਸ ਲਈ 92 ਗ਼ਰੀਬ ਦੇਸ਼ 2023 ਤੱਕ ਵੀ ਆਪਣੀ ਆਬਾਦੀ ਦੇ 60% ਦਾ ਟੀਕਾਕਰਨ ਨਹੀਂ ਕਰ ਸਕਣਗੇ।
ਟੀਕਾਕਰਨ ’ਚ ਇਜ਼ਰਾਇਲ ਅੱਗੇ, ਤਨਜ਼ਾਨੀਆ ਨੇ ਆਸ ਹੀ ਛੱਡੀ
ਅਮੀਰ ਦੇਸ਼: ਇਜ਼ਰਾਇਲ ’ਚ 60% ਲੋਕਾਂ ਨੂੰ ਪਹਿਲੀ ਡੋਜ਼ ਤੇ 58% ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਇੰਗਲੈਂਡ ਵਿੱਚ 50 ਫ਼ੀਸਦੀ ਲੋਕਾਂ ਨੂੰ ਪਹਿਲੀ ਡੋਜ਼ ਤੇ 16% ਤੋਂ ਵੱਧ ਲੋਕਾਂ ਨੂੰ ਦੋਵੇਂ ਲੱਗ ਚੁੱਕੀਆਂ ਹਨ। ਅਮਰੀਕਾ ’ਚ 41% ਲੋਕਾਂ ਨੂੰ ਪਹਿਲੀ ਅਤੇ 26% ਲੋਕਾਂ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਉਧਰ ਚਿੱਲੀ ’ਚ 41% ਨੂੰ ਪਹਿਲੀ ਤੇ 29% ਲੋਕਾਂ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ।
ਭੰਵਰ ਵਾਲੇ ਦੇਸ਼: ਸਰਬੀਆ ਲੇ 27% ਲੋਕਾਂ ਨੂੱ ਦੋਵੇਂ ਡੋਜ਼ ਦੇ ਦਿੱਤੀਆਂ ਹਨ। ਬ੍ਰਾਜ਼ੀਲ ਵਿੱਚ ਮਹਾਮਾਰੀ ਕਾਰਣ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉੱਥੇ 12% ਤੋਂ ਘੱਟ ਆਬਾਦੀ ਨੂੰ ਵੈਕਸੀਨ ਦੀ ਡੋਜ਼ ਲੱਗੀ ਹੈ।
ਭਾਰਤ ਭਾਵੇਂ ਵੈਕਸੀਨ ਦਾ ਸਭ ਤੋਂ ਵੱਡਾ ਨਿਰਮਾਤਾ ਹੈ ਪਰ ਫਿਰ ਵੀ ਇੱਥੇ ਹਾਲੇ ਤੱਕ 8% ਤੋਂ ਘੱਟ ਲੋਕਾਂ ਨੂੰ ਪਹਿਲੀ ਡੋਜ਼ ਤੇ 1% ਤੋਂ ਘੱਟ ਨੂੰ ਦੋਵੇਂ ਡੋਜ਼ ਲੱਗੀਆਂ ਹਨ।
ਗ਼ਰੀਬ ਦੇਸ਼: ਵਿਸ਼ਵ ਸਿਹਤ ਸੰਗਠਨ (WHO) ਦਾ ਟੀਚਾ ਸੀ ਕਿ ਮੈਂਬਰ ਦੇਸ਼ 20% ਟੀਕੇ ਸਾਲ ਦੇ ਅੰਤ ਤੱਕ ਵੰਡੇ ਜਾਣ ਪਰ ਇਸ ਦੇ ਪੂਰਾ ਹੋਣ ਬਾਰੇ ਸ਼ੱਕ ਹੀ ਹੈ। ਘਾਨਾ ਨੂੰ ਫ਼ਰਵਰੀ ਮਹੀਨੇ ਟੀਕੇ ਮਿਲੇ ਸਨ, ਉੱਥੇ ਸਿਰਫ਼ 3% ਲੋਕਾਂ ਨੂੰ ਟੀਕੇ ਲੱਗੇ ਹਨ। ਨਾਈਜੀਰੀਆ ’ਚ 1 ਫ਼ੀਸਦੀ ਤੋਂ ਵੀ ਘੱਟ ਨੂੰ ਵੈਕਸੀਨ ਲੱਗੀ ਹੈ। ਉੱਧਰ ਤਨਜ਼ਾਨੀਆ ਜਿਹੇ ਦੇਸ਼ਾਂ ਨੇ ਤਾਂ ਹੁਣ ਵੈਕਸੀਨ ਦੀ ਆਸ ਹੀ ਛੱਡ ਦਿੱਤੀ ਹੈ।
ਜਾਪਾਨ ਦੀ ਰਾਜਧਾਨੀ ਟੋਕੀਓ ਸਣੇ ਤਿੰਨ ਰਾਜਾਂ ਵਿੱਚ ਐਮਰਜੈਂਸੀ ਐਲਾਨੀ: ਜਾਪਾਨ ਦੀ ਰਾਜਧਾਨੀ ਟੋਕੀਓ ਸਮੇਤ ਪੱਛਮੀ ਖੇਤਰ ਦੇ ਤਿੰਨ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੇ ਪਾਸਾਰ ਨੂੰ ਕਾਬੂ ਹੇਠ ਲਿਆਉਣ ਲਈ ਤੀਜੇ ਪੱਧਰ ਦੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਟੋਕੀਓ, ਓਸਾਕਾ, ਕਿਯੋਟੋ ਤੇ ਹਿਓਗੋ ’ਚ 25 ਅਪ੍ਰੈਲ ਤੋਂ 11 ਮਈ ਤੱਕ ਲਈ ਐਮਰਜੈਂਸੀ ਐਲਾਨੀ ਹੈ। ਅਜਿਹੇ ਹਾਲਾਤ ਵਿੱਚ ਉਲੰਪਿਕ ਖੇਡਾਂ ਦੇ ਆਯੋਜਨ ਉੱਤੇ ਖ਼ਤਰਾ ਮੰਡਰਾ ਰਿਹਾ ਹੈ; ਕਿਉਂਕਿ 23 ਜੁਲਾਈ ਤੋਂ 8 ਅਗਸਤ ਦੌਰਾਨ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਸਮਰ ਉਲੰਪਿਕ ਹੋਣੀ ਤੈਅ ਹੈ।
ਦੁਨੀਆ ਵਿੱਚ ਤੇਜ਼ੀ ਨਾਲ ਵਧ ਰਹੇ ਮਾਮਲੇ: ਦੁਨੀਆ ’ਚ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਛੂਤ/ਲਾਗ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪਿਤਲੇ 24 ਘੰਟਿਆਂ ਦੌਰਾਨ ਦੁਨੀਆ ਵਿੱਚ ਰਿਕਾਰਡ 8 ਲੱਖ 96 ਹਜ਼ਾਰ ਨਵੇਂ ਕੇਸ ਸਾਹਮਣੇ ਆਏ। ਇਹ ਇੱਕ ਦਿਨ ਅੰਦਰ ਮਿਲਣ ਵਾਲਾ ਸਭ ਤੋਂ ਵੱਡਾ ਅੰਕੜਾ ਹੈ। ਬੀਤੇ ਦਿਨ ਦੁਨੀਆ ਵਿੱਚ ਕੋਰੋਨਾ ਨੇ 14,218 ਜਾਨਾਂ ਲਈਆਂ ਹਨ।
ਇਹ ਵੀ ਪੜ੍ਹੋ: ਆਕਸੀਜਨ ਦੀ ਘਾਟ ਕਾਰਨ 4 ਮਰੀਜ਼ਾਂ ਦੀ ਮੌਤ, ਪਰਿਵਾਰ ਨੇ ਹੰਗਾਮਾ ਕਰ ਲਾਇਆ ਜਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904