ਕੇਂਦਰੀ ਸੁਰੱਖਿਆ ਬਲਾਂ ਲਈ ਸਰਕਾਰ ਵੱਲੋਂ ਅਹਿਮ ਹੁਕਮ
ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ, ਬਾਰਡਰ ਸਿਕਿਓਰਿਟੀ ਫੋਰਸ, ਇੰਡੋ-ਤਿੱਬਤੀ ਬਾਰਡਰ ਪੁਲਿਸ, ਸਸ਼ਸਤਰ ਸੀਮਾ ਬਲ ਦੇ ਸਾਰੇ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ 60 ਸਾਲ ਹੋਵੇਗੀ।
ਨਵੀਂ ਦਿੱਲੀ: ਸਾਰੇ ਕੇਂਦਰੀ ਆਰਮਡ ਪੁਲਿਸ ਬਲ (ਸੀਏਪੀਐਫ) ਦੇ ਜਵਾਨ ਹੁਣ 60 ਸਾਲ ਦੀ ਉਮਰ ਵਿੱਚ ਰਿਟਾਇਰ ਹੋ ਸਕਣਗੇ। ਇਹ ਜਾਣਕਾਰੀ ਸੋਮਵਾਰ ਨੂੰ ਸਰਕਾਰੀ ਆਦੇਸ਼ ਵਿੱਚ ਦਿੱਤੀ ਗਈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ, ਬਾਰਡਰ ਸਿਕਿਓਰਿਟੀ ਫੋਰਸ, ਇੰਡੋ-ਤਿੱਬਤੀ ਬਾਰਡਰ ਪੁਲਿਸ, ਸਸ਼ਸਤਰ ਸੀਮਾ ਬਲ ਦੇ ਸਾਰੇ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ 60 ਸਾਲ ਹੋਵੇਗੀ। ਇਸ ਤੋਂ ਪਹਿਲਾਂ ਕੁਝ ਅਹੁਦਿਆਂ ਤਕ ਇਹ ਕਰਮਚਾਰੀਆਂ ਤੇ ਅਧਿਕਾਰੀਆਂ ਲਈ ਸਿਰਫ 57 ਸਾਲ ਸੀ।
ਇਹ ਕੇਸ ਦਿੱਲੀ ਹਾਈ ਕੋਰਟ ਦੇ ਜਨਵਰੀ ਦੇ ਉਸ ਆਦੇਸ਼ ਨਾਲ ਸਬੰਧਤ ਹੈ ਜਿਸ ਵਿੱਚ ਅਦਾਲਤ ਨੇ ਚਾਰ ਬਲਾਂ ਵਿੱਚ ਰਿਟਾਇਰਮੈਂਟ ਦੀ ਵੱਖ-ਵੱਖ ਉਮਰ ਦੀ ਮੌਜੂਦਾ ਨੀਤੀ ਨੂੰ ‘ਪੱਖਪਾਤੀ ਤੇ ਗੈਰ-ਸੰਵਿਧਾਨਕ’ ਕਰਾਰ ਦਿੰਦਿਆਂ ਕਿਹਾ ਸੀ ਕਿ ਇਸ ਨੇ ਵਰਦੀਧਾਰੀ ਬਲਾਂ ਵਿੱਚ ਦੋ ਜਮਾਤਾਂ ਬਣਾ ਦਿੱਤੀਆਂ ਹਨ। ਗ੍ਰਹਿ ਮੰਤਰਾਲੇ ਦੇ ਹੁਕਮ ਵਿੱਚ ਸਾਰੇ ਬਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਅਦਾਲਤ ਦੇ ਆਦੇਸ਼ ਦੀ ਪਾਲਣਾ ਕਰਨ ਤੇ ਨਿਯਮਾਂ ਦੀ ਵਿਵਸਥਾ ਨੂੰ ਬਦਲਣ।
ਮੌਜੂਦਾ ਨੀਤੀ ਮੁਤਾਬਕ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਤੇ ਅਸਾਮ ਰਾਈਫਲਜ਼ ਦੇ ਜਵਾਨ 60 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋ ਜਾਂਦੇ ਹਨ। ਸੀਆਰਪੀਐਫ, ਬੀਐਸਐਫ, ਆਈਟੀਬੀਪੀ ਤੇ ਐਸਐਸਬੀ ਵਿੱਚ, ਹਾਲਾਂਕਿ, ਕਾਂਸਟੇਬਲ ਤੋਂ ਕਮਾਂਡੈਂਟ ਪੱਧਰ ਦੇ ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਉਮਰ 57 ਸਾਲ ਹੈ ਜਦਕਿ ਉੱਚ-ਦਰਜੇ ਦੇ ਅਧਿਕਾਰੀਆਂ ਦੀ ਸੇਵਾਮੁਕਤੀ ਦੀ ਉਮਰ 60 ਸਾਲ ਹੈ।