ਭਿਆਨਕ ਸੜਕ ਹਾਦਸਾ, ਪੰਜਾਬ ਤੋਂ ਪਰਤ ਰਹੇ 19 ਲੋਕਾਂ ਦੀ ਮੌਤ, 24 ਤੋਂ ਵੱਧ ਗੰਭੀਰ ਜ਼ਖਮੀ
ਘਟਨਾ ਕਾਰਨ ਸੜਕ ਕੰਢੇ ਬੈਠੇ 19 ਬੱਸ ਯਾਤਰੀਆਂ ਦੀ ਮੌਤ ਹੋ ਗਈ, ਜਦਕਿ 25 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਬਾਰਾਬੰਕੀ: ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਮੰਗਲਵਾਰ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ। ਦੇਰ ਰਾਤ 12 ਵਜੇ ਲਖਨਊ-ਅਯੁੱਧਿਆ ਨੈਸ਼ਨਲ ਹਾਈਵੇਅ-28 'ਤੇ ਕਲਿਆਣੀ ਨਦੀ ਦੇ ਪੁਲ ਨੇੜੇ ਸੜਕ ਕੰਢੇ ਖੜ੍ਹੀ ਬੱਸ ਨੂੰ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਯਾਤਰੀ ਮਜ਼ਦੂਰ ਸਨ, ਜਿਹੜੇ ਪੰਜਾਬ ਤੋਂ ਬਿਹਾਰ ਜਾ ਰਹੇ ਸਨ।
ਇਸ ਘਟਨਾ ਕਾਰਨ ਸੜਕ ਕੰਢੇ ਬੈਠੇ 19 ਬੱਸ ਯਾਤਰੀਆਂ ਦੀ ਮੌਤ ਹੋ ਗਈ, ਜਦਕਿ 25 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਘਟਨਾ ਤੋਂ ਬਾਅਦ ਐਸਪੀ ਯਮੁਨਾ ਪ੍ਰਸ਼ਾਦ ਭਾਰੀ ਪੁਲਿਸ ਫ਼ੋਰਸ ਦੇ ਨਾਲ ਮੌਕੇ 'ਤੇ ਮੌਜੂਦ ਸੀ।
ਪਤਾ ਲੱਗਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਯਾਤਰੀ ਮਜ਼ਦੂਰ ਸਨ, ਜਿਹੜੇ ਪੰਜਾਬ ਤੋਂ ਬਿਹਾਰ ਜਾ ਰਹੇ ਸਨ। ਬੱਸ ਅਚਾਨਕ ਰਸਤੇ 'ਚ ਖਰਾਬ ਹੋ ਗਈ ਸੀ। ਸਾਰੇ ਮਜ਼ਦੂਰ ਬੱਸ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਸਨ। ਕੁਝ ਯਾਤਰੀ ਬੱਸ ਵਿਚੋਂ ਉੱਤਰ ਕੇ ਸੜਕ 'ਤੇ ਖੜ੍ਹੇ ਸਨ। ਉਸੇ ਸਮੇਂ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ਨੂੰ ਬਾਰਾਬੰਕੀ ਜ਼ਿਲ੍ਹਾ ਹਸਪਤਾਲ ਦੇ ਟਰਾਮਾ ਸੈਂਟਰ ਤੇ ਮੈਡੀਕਲ ਕਾਲਜ ਸਮੇਤ ਕਈ ਹੋਰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।
ਉੱਤਰ ਪ੍ਰਦੇਸ਼ ਦੇ ਲਖਨਊ ਜ਼ੋਨ ਦੇ ਏਡੀਜੀ ਐਸਐਨ ਸਾਬਾਤ ਨੇ ਕਿਹਾ, "ਬੱਸ ਵਿੱਚ ਸਵਾਰ ਜ਼ਿਆਦਾਤਰ ਲੋਕ ਪੰਜਾਬ ਅਤੇ ਹਰਿਆਣਾ 'ਚ ਕੰਮ ਕਰਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ। ਬੱਸ 'ਚ ਖਰਾਬੀ ਤੋਂ ਬਾਅਦ ਕੁਝ ਲੋਕ ਬੱਸ ਤੋਂ ਹੇਠਾਂ ਉਤਰ ਕੇ ਬੱਸ ਦੇ ਨੇੜੇ ਹੀ ਸੁੱਤੇ ਪਏ ਸਨ। ਇਸ ਵਿਚਕਾਰ ਪਿਛਿਓਂ ਆ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ 'ਚ 19 ਲੋਕਾਂ ਦੀ ਮੌਤ ਹੋ ਗਈ। ਅਜੇ ਵੀ ਬਹੁਤ ਸਾਰੇ ਲੋਕ ਬੱਸ ਦੇ ਹੇਠਾਂ ਦੱਬੇ ਹੋਏ ਹਨ।"