Russia-Ukraine War: 'ਆਪ੍ਰੇਸ਼ਨ ਗੰਗਾ' ਤਹਿਤ ਦਿੱਲੀ ਪਹੁੰਚੀ ਏਅਰ ਇੰਡੀਆ ਦੀ ਦੂਜੀ ਉਡਾਣ, 250 ਭਾਰਤੀਆਂ ਦੀ ਘਰ ਵਾਪਸੀ
ਭਾਰਤ ਨੇ ਸ਼ਨੀਵਾਰ ਨੂੰ ਰੂਸੀ ਫੌਜ ਦੇ ਹਮਲੇ ਦੌਰਾਨ ਯੂਕਰੇਨ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ। ਪਹਿਲੀ ਨਿਕਾਸੀ ਉਡਾਣ ਏਆਈ 1944 ਬੁਖਾਰੇਸਟ ਤੋਂ 219 ਲੋਕਾਂ ਨੂੰ ਮੁੰਬਈ ਲੈ ਕੇ ਆਈ ਸੀ।
Russia- Ukraine War: ਯੂਕਰੇਨ ਵਿੱਚ ਫਸੇ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੀ ਦੂਜੀ ਉਡਾਣ ਐਤਵਾਰ ਤੜਕੇ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ। ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਯੂਕਰੇਨ ਤੋਂ ਲਿਆਂਦੇ ਭਾਰਤੀਆਂ ਦਾ ਹਵਾਈ ਅੱਡੇ 'ਤੇ ਗੁਲਾਬ ਦੇ ਫੁੱਲ ਦੇ ਕੇ ਸਵਾਗਤ ਕੀਤਾ।
ਭਾਰਤ ਨੇ ਸ਼ਨੀਵਾਰ ਨੂੰ ਰੂਸੀ ਫੌਜ ਦੇ ਹਮਲੇ ਦੌਰਾਨ ਯੂਕਰੇਨ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ। ਪਹਿਲੀ ਨਿਕਾਸੀ ਉਡਾਣ ਏਆਈ 1944 ਬੁਖਾਰੇਸਟ ਤੋਂ 219 ਲੋਕਾਂ ਨੂੰ ਮੁੰਬਈ ਲੈ ਕੇ ਆਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੂਜੀ ਉਡਾਣ AI1942 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਐਤਵਾਰ ਤੜਕੇ 2.45 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ।
ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦੀ ਤੀਜੀ ਨਿਕਾਸੀ ਉਡਾਣ AI1940 ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਰਵਾਨਾ ਹੋ ਗਈ ਹੈ ਅਤੇ 240 ਲੋਕਾਂ ਨਾਲ ਐਤਵਾਰ ਨੂੰ ਦਿੱਲੀ ਪਰਤਣ ਦੀ ਉਮੀਦ ਹੈ। ਸਿੰਧੀਆ ਨੇ ਘਰ ਪਰਤਣ ਵਾਲੇ ਲੋਕਾਂ ਨੂੰ ਕਿਹਾ, “ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਬਹੁਤ ਔਖੇ, ਬਹੁਤ ਔਖੇ ਸਮੇਂ 'ਚੋਂ ਲੰਘੇ ਹੋ। ਭਾਰਤ ਸਰਕਾਰ ਹਰ ਕਦਮ 'ਤੇ ਤੁਹਾਡੇ ਨਾਲ ਹੈ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸੰਪਰਕ ਵਿੱਚ ਹਨ ਅਤੇ ਸਾਰਿਆਂ ਦੀ ਸੁਰੱਖਿਅਤ ਵਾਪਸੀ ਲਈ ਗੱਲਬਾਤ ਜਾਰੀ ਹੈ। ਉਨ੍ਹਾਂ ਦੱਸਿਆ ਕਿ ਰੂਸ ਸਰਕਾਰ ਨਾਲ ਵੀ ਗੱਲਬਾਤ ਚੱਲ ਰਹੀ ਹੈ ਅਤੇ ਭਾਰਤ ਸਰਕਾਰ ਉਦੋਂ ਹੀ ਸੁੱਖ ਦਾ ਸਾਹ ਲਵੇਗੀ ਜਦੋਂ ਯੂਕਰੇਨ ਤੋਂ ਹਰ ਭਾਰਤੀ ਵਾਪਸ ਆਵੇਗਾ।