(Source: ECI/ABP News/ABP Majha)
ਕਈ ਥਾਵਾਂ 'ਤੇ ਬੰਬ ਧਮਾਕਿਆਂ ਦੀ ਧਮਕੀ ਮਗਰੋਂ ਏਜੰਸੀਆਂ ਅਲਰਟ, CRPF ਹੈੱਡਕੁਆਰਟਰ 'ਚ ਧਮਕੀ ਭਰੀ ਈਮੇਲ
ਇਸ ਧਮਕੀ ਭਰੀ ਈਮੇਲ 'ਚ ਇਹ ਕਿਹਾ ਗਿਆ ਹੈ ਕਿ ਮਹਾਰਾਸ਼ਟਰ 'ਚ 11 ਤੋਂ ਵੱਧ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਸਰਗਰਮ ਹਨ।
Mumbai CRPF Headquarters Threat: ਮੁੰਬਈ ਦੇ ਸੀਆਰਪੀਐਫ਼ ਹੈੱਡਕੁਆਰਟਰ 'ਚ ਆਈ ਈਮੇਲ ਤੋਂ ਬਾਅਦ ਮਹਾਰਾਸ਼ਟਰ 'ਚ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸੀਆਰਪੀਐਫ਼ ਦੇ ਮੁੱਖ ਦਫ਼ਤਰ 'ਚ ਆਈ ਈਮੇਲ 'ਚ ਜਨਤਕ ਥਾਵਾਂ, ਮੰਦਰਾਂ ਤੇ ਹਵਾਈ ਅੱਡਿਆਂ 'ਚ ਬੰਬ ਧਮਾਕਿਆਂ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਈਮੇਲ 4-5 ਦਿਨ ਪਹਿਲਾਂ ਆਈ ਸੀ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹਨ।
ਸੀਆਰਪੀਐਫ਼ ਦੀ ਥਰੈਟ ਮੈਨੇਜਮੈਂਟ ਸਿਸਟਮ ਨੂੰ ਈਮੇਲ ਮਿਲਣ ਤੋਂ ਬਾਅਦ ਉਸ ਨੂੰ ਐਨਆਈਏ ਸਮੇਤ ਸੂਬੇ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਈਮੇਲ ਵਿੱਚ ਭਾਰਤ 'ਚ ਲੁਕੇ ਲਸ਼ਕਰ-ਏ-ਤੋਇਬਾ ਦੇ ਮੁਖਬਿਰਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਤਿੰਨ ਸੂਬਿਆਂ 'ਚ 200 ਕਿਲੋ ਹਾਈ ਗ੍ਰੇਡ ਆਰਡੀਐਕਸ ਦੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਇਸ ਧਮਕੀ ਭਰੀ ਈਮੇਲ 'ਚ ਇਹ ਕਿਹਾ ਗਿਆ ਹੈ ਕਿ ਮਹਾਰਾਸ਼ਟਰ 'ਚ 11 ਤੋਂ ਵੱਧ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਸਰਗਰਮ ਹਨ। ਈਮੇਲ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਜਾਨ ਨੂੰ ਵੀ ਖ਼ਤਰਾ ਦੱਸਿਆ ਗਿਆ ਹੈ।
ਈਮੇਲ ਦੇ ਅਖੀਰ 'ਚ ਲਿਖਿਆ ਹੈ -
"ਅਸੀਂ ਅਣਜਾਣ ਹਾਂ
ਅਸੀਂ ਇਕ ਫ਼ੌਜ ਹਾਂ
ਅਸੀਂ ਮਾਫ਼ ਨਹੀਂ ਕਰਦੇ
ਅਸੀਂ ਨਹੀਂ ਭੁੱਲਦੇ
ਸਾਡਾ ਇੰਤਜ਼ਾਰ ਕਰੋ।"
ਇਹ ਈਮੇਲ ਮਿਲਣ ਤੋਂ ਬਾਅਦ ਏਜੰਸੀਆਂ ਇਸ ਈਮੇਲ ਦਾ ਸੋਰਸ ਤੇ ਇਸ ਨੂੰ ਭੇਜਣ ਪਿੱਛੇ ਦੀ ਸਾਜਿਸ਼ ਬਾਰੇ ਪਤਾ ਲਗਾ ਰਹੀਆਂ ਹਨ। ਪਿਛਲੇ ਸਾਲ ਅਕਤੂਬਰ 'ਚ ਐਨਆਈਏ ਕੰਟਰੋਲ ਰੂਮ 'ਚ ਵੀ ਇਸੇ ਤਰ੍ਹਾਂ ਦੀ ਫ਼ੋਨ ਕਾਲ ਆਈ ਸੀ। ਫ਼ੋਨ ਕਰਨ ਵਾਲੇ ਨੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਫ਼ੋਨ ਕਰਨ ਦਾ ਦਾਅਵਾ ਕੀਤਾ ਸੀ ਤੇ ਮੁੰਬਈ ਬੰਦਰਗਾਹ ਤੇ ਪੁਲਿਸ ਐਸਟੈਬਲਿਸ਼ਮੈਂਟ 'ਤੇ ਜੈਸ਼ ਦੇ ਹਮਲੇ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਸੀ। ਫਿਲਹਾਲ ਇਸ ਕੇਸ ਦੀ ਵੀ ਜਾਂਚ ਚੱਲ ਰਹੀ ਹੈ।