BJP ਲੀਡਰ ਚਿਨਮਿਆਨੰਦ 'ਤੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਕੁੜੀ ਰਾਜਸਥਾਨ ਤੋਂ ਲੱਭੀ
23 ਸਾਲਾਂ ਦੀ ਇਹ ਲੜਕੀ ਲਾਅ ਕਾਲਜ ਤੋਂ ਐਲਐਲਐਮ ਦੀ ਪੜ੍ਹਾਈ ਕਰ ਰਹੀ ਸੀ। 23 ਅਗਸਤ ਨੂੰ ਆਪਣੇ ਹੋਸਟਲ ਤੋਂ ਬਾਹਰ ਆਈ ਲੜਕੀ ਨੇ 24 ਅਗਸਤ ਨੂੰ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕੀਤੀ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਸ਼ਾਹਜਹਾਂਪੁਰ ਕੋਤਵਾਲੀ ਵਿੱਚ ਕੇਸ ਦਰਜ ਕਰਾਇਆ ਸੀ।
ਲਖਨਊ: ਬੀਜੇਪੀ ਲੀਡਰ ਤੇ ਸਾਬਕਾ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਿਆਨੰਦ 'ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਲਾਅ ਵਿਦਿਆਰਥਣ ਰਾਜਸਥਾਨ ਵਿੱਚੋਂ ਮਿਲੀ ਹੈ। ਇਸ ਦੀ ਪੁਸ਼ਟੀ ਕਰਦਿਆਂ ਯੂਪੀ ਦੇ ਡੀਜੀਪੀ ਓਪੀ ਸਿੰਘ ਨੇ ਦੱਸਿਆ ਕਿ ਲੜਕੀ ਤੇ ਉਸ ਦੇ ਦੋਸਤ ਨੂੰ ਰਾਜਸਥਾਨ ਤੋਂ ਲਿਆਂਦਾ ਜਾ ਰਿਹਾ ਹੈ। ਲੜਕੀ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕੀਤੀ ਸੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਖਤਰਾ ਹੋਣ ਦਾ ਦਾਅਵਾ ਕੀਤਾ ਸੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ।
ਦੱਸ ਦੇਈਏ 23 ਸਾਲਾਂ ਦੀ ਇਹ ਲੜਕੀ ਲਾਅ ਕਾਲਜ ਤੋਂ ਐਲਐਲਐਮ ਦੀ ਪੜ੍ਹਾਈ ਕਰ ਰਹੀ ਸੀ। 23 ਅਗਸਤ ਨੂੰ ਆਪਣੇ ਹੋਸਟਲ ਤੋਂ ਬਾਹਰ ਆਈ ਲੜਕੀ ਨੇ 24 ਅਗਸਤ ਨੂੰ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕੀਤੀ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਸ਼ਾਹਜਹਾਂਪੁਰ ਕੋਤਵਾਲੀ ਵਿੱਚ ਕੇਸ ਦਰਜ ਕਰਾਇਆ ਸੀ।
ਜਦੋਂ ਸਥਾਨਕ ਪੁਲਿਸ ਨੇ ਲੜਕੀ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਆਖਰੀ ਲੋਕੇਸ਼ਨ ਦਿੱਲੀ ਤੋਂ ਮਿਲੀ ਸੀ। ਪੁਲਿਸ ਮੌਕੇ 'ਤੇ ਪਹੁੰਚ ਗਈ ਪਰ ਉਦੋਂ ਤਕ ਲੜਕੀ ਉੱਥੋਂ ਚਲੀ ਗਈ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਉਸ ਦੇ ਨਾਲ ਇੱਕ ਲੜਕਾ ਵੀ ਹੈ। ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਜਿਸ ਵਿੱਚ ਲੜਕੀ ਦਿਖਾਈ ਦੇ ਰਹੀ ਸੀ।
ਦੂਜੇ ਪਾਸੇ ਸ਼ਾਹਜਹਾਨਪੁਰ ਪੁਲਿਸ ਨੇ ਇਲਾਕੇ ਵਿੱਚ ਲੜਕੀ ਦੀ ਭਾਲ ਲਈ ਪੋਸਟਰ ਲਾ ਦਿੱਤੇ ਸੀ। ਪੁਲਿਸ ਨੇ ਉਸ ਦੇ ਹੋਸਟਲ ਦੇ ਕਮਰੇ ਨੂੰ ਵੀ ਸੀਲ ਕਰ ਦਿੱਤਾ ਤਾਂ ਜੋ ਸਬੂਤਾਂ ਨਾਲ ਛੇੜਛਾੜ ਨਾ ਹੋ ਸਕੇ। ਸੁਪਰੀਮ ਕੋਰਟ ਨੇ ਕੱਲ੍ਹ ਇਸ ਕੇਸ ਦਾ ਨੋਟਿਸ ਲਿਆ ਸੀ। ਕੁਝ ਮਹਿਲਾ ਵਕੀਲਾਂ ਨੇ ਸੁਪਰੀਮ ਕੋਰਟ ਨੂੰ ਇਸ ਘਟਨਾ ਦਾ ਨੋਟਿਸ ਲੈਣ ਦੀ ਬੇਨਤੀ ਕੀਤੀ ਸੀ। ਅੱਜ ਜਸਟਿਸ ਭਾਨੂਮਤੀ ਤੇ ਜਸਟਿਸ ਬੋਪੰਨਾ ਦੀ ਬੈਂਚ ਵਿੱਚ ਇਸ ਕੇਸ ਦੀ ਸੁਣਵਾਈ ਹੋਵੇਗੀ।