(Source: ECI | ABP NEWS)
ਜੇਲ੍ਹ ‘ਚ ਪਿਆ ਛਾਪਾ ਤਾਂ ਡਰ ਦੇ ਮਾਰੇ ਕੈਦੀ ਨੇ ਨਿਗਲਿਆ ਫੋਨ... ਫਿਰ ਜੋ ਹੋਇਆ, ਕੰਬ ਜਾਵੇਗੀ ਰੂਹ
Karntaka News: ਕਰਨਾਟਕ ਦੀ ਸ਼ਿਵਮੋਗਾ ਕੇਂਦਰੀ ਜੇਲ੍ਹ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

Karntaka News: ਕਰਨਾਟਕ ਦੀ ਸ਼ਿਵਮੋਗਾ ਕੇਂਦਰੀ ਜੇਲ੍ਹ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗਾਂਜਾ ਤਸਕਰੀ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਇੱਕ ਕੈਦੀ ਨੇ ਕਥਿਤ ਤੌਰ 'ਤੇ ਮੋਬਾਈਲ ਫੋਨ ਨਿਗਲ ਲਿਆ। 30 ਸਾਲਾ ਦੋਸ਼ੀ ਦੌਲਤ ਉਰਫ਼ ਗੁੰਡੂ ਨੇ (24 ਜੂਨ, 2025) ਨੂੰ ਜੇਲ੍ਹ ਸਟਾਫ਼ ਨੂੰ ਕਿਹਾ ਸੀ ਕਿ ਉਸ ਦੇ ਪੇਟ ਵਿੱਚ ਤੇਜ਼ ਦਰਦ ਹੋ ਰਿਹਾ ਹੈ।
ਗੁੰਡੂ ਨੇ ਜੇਲ੍ਹ ਸਟਾਫ਼ ਨੂੰ ਦੱਸਿਆ ਕਿ ਉਸ ਨੇ ਗਲਤੀ ਨਾਲ ਪੱਥਰ ਦਾ ਇੱਕ ਟੁਕੜਾ ਨਿਗਲ ਲਿਆ ਹੈ। ਇਸ ਤੋਂ ਬਾਅਦ, ਉਸ ਨੂੰ ਤੁਰੰਤ ਮੈਕਗਨ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜਦੋਂ ਉਸ ਦਾ ਚੈਕਅੱਪ ਕੀਤਾ ਤਾਂ ਉਸ ਦੇ ਢਿੱਡ 'ਚੋਂ ਕੁਝ ਵਿਦੇਸ਼ੀ ਚੀਜ਼ਾਂ ਮਿਲੀਆਂ, ਜਿਸ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਇਸ ਵਿਅਕਤੀ ਦਾ ਤੁਰੰਤ ਆਪਰੇਸ਼ਨ ਕਰਨਾ ਪਵੇਗਾ।
ਕੈਦੀ ਦੇ ਢਿੱਡ 'ਚੋਂ ਨਿਕਲਿਆ ਮੋਬਾਈਲ ਫ਼ੋਨ
ਸਰਜਰੀ ਦੌਰਾਨ, ਡਾਕਟਰਾਂ ਨੂੰ ਦੌਲਤ ਉਰਫ਼ ਗੁੰਡੂ ਦੇ ਪੇਟ ਵਿੱਚੋਂ ਇੱਕ ਮੋਬਾਈਲ ਫ਼ੋਨ ਮਿਲਿਆ, ਜੋ ਕਿ ਇੱਕ ਇੰਚ ਚੌੜਾ ਅਤੇ ਤਿੰਨ ਇੰਚ ਲੰਬਾ ਸੀ। ਇਸ ਫ਼ੋਨ ਦੀ ਪਛਾਣ ਕੇਚਾਓਡਾ ਬ੍ਰਾਂਡ ਦੇ ਮੋਬਾਈਲ ਫ਼ੋਨ ਵਜੋਂ ਹੋਈ। ਮੋਬਾਈਲ ਫ਼ੋਨ ਨੂੰ ਸਫਲਤਾਪੂਰਵਕ ਕੱਢਣ ਤੋਂ ਬਾਅਦ, ਡਾਕਟਰਾਂ ਨੇ ਇਸਨੂੰ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤਾ। ਇਹ ਕਾਰਵਾਈ (8 ਜੁਲਾਈ, 2025) ਨੂੰ ਪੂਰੀ ਹੋਈ।
ਜੇਲ੍ਹ ਅਧਿਕਾਰੀ ਨੇ ਦਰਜ ਕਰਵਾਈ ਸ਼ਿਕਾਇਤ
ਸ਼ਿਵਮੋਗਾ ਸੈਂਟਰਲ ਜੇਲ੍ਹ ਦੇ ਮੁੱਖ ਸੁਪਰਡੈਂਟ ਪੀ. ਰੰਗਨਾਥ ਨੇ ਅਗਲੇ ਹੀ ਦਿਨ ਤੁੰਗਾ ਨਗਰ ਪੁਲਿਸ ਸਟੇਸ਼ਨ ਵਿੱਚ ਦੋਸ਼ੀ ਦੌਲਤ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਤੁਹਾਨੂੰ ਦੱਸ ਦਈਏ ਕਿ ਮੁੱਖ ਸੁਪਰਡੈਂਟ ਦੀ ਸ਼ਿਕਾਇਤ 'ਤੇ ਦੌਲਤ ਉਰਫ਼ ਗੁੰਡੂ ਵਿਰੁੱਧ ਜੇਲ੍ਹ ਦੇ ਅਹਾਤੇ ਵਿੱਚ ਪਾਬੰਦੀਸ਼ੁਦਾ ਚੀਜ਼ਾਂ ਲਿਆਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਦਰਅਸਲ, ਜੂਨ 2024 ਵਿੱਚ, ਸ਼ਿਵਮੋਗਾ ਜ਼ਿਲ੍ਹਾ ਅਦਾਲਤ ਨੇ ਦੌਲਤ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ ਅਤੇ ਉਸਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ।
ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਦੋਸ਼ੀ ਨੇ ਡਰ ਦੇ ਮਾਰੇ ਫੋਨ ਲੁਕਾਉਣ ਦੇ ਚੱਕਰ ਵਿੱਚ ਢਿੱਡ ਵਿੱਚ ਹੀ ਨਿਗਲ ਲਿਆ। ਇਸ ਘਟਨਾ ਤੋਂ ਬਾਅਦ, ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਸਖ਼ਤ ਨਿਯਮਾਂ ਦੇ ਮੁਤਾਬਕ ਜੇਲ੍ਹ ਵਿੱਚ ਮੋਬਾਈਲ ਫੋਨ ਕਿਵੇਂ ਮਿਲ ਰਹੇ ਹਨ, ਕੀ ਜੇਲ੍ਹ ਵਿਚੋਂ ਹੀ ਉਪਲਬਧ ਕਰਵਾਏ ਜਾ ਰਹੇ ਹਨ ਜਾਂ ਉਹ ਪਹਿਲਾਂ ਤੋਂ ਹੀ ਨਾਲ ਕੇ ਆ ਰਹੇ ਹਨ।





















