ਸ਼ਹੀਦ ਪੁੱਤ ਦੀ ਲਾਸ਼ ਦੇਖ ਕੇ ਵੀ ਨਾ ਡੋਲਿਆ ਪਿਤਾ, ਕਿਹਾ ਦੂਜੇ ਪੁੱਤ ਨੂੰ ਵੀ ਕਰਾਊਂ ਫੌਜ 'ਚ ਭਰਤੀ
ਸ਼ੁਭਮ ਦੇ ਪਿਤਾ ਵਿਜਯ ਸ਼ਰਮਾ ਜੰਮੂ ਕਸ਼ਮੀਰ ਪੁਲਿਸ ਚ ਹੌਲਦਾਰ ਹਨ। ਉਨ੍ਹਾਂ ਨੂੰ ਆਪਣੇ ਬੇਟੇ ਦੇ ਜਾਣ ਦਾ ਦੁੱਖ ਹੈ ਪਰ ਨਾਲ ਹੀ ਇਸ ਗੱਲ ਦਾ ਫਖਰ ਹੈ ਕਿ ਉਸ ਨੇ ਆਪਣੀ ਜਾਨ ਦੀ ਕੁਰਬਾਨੀ ਦੇਕੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਆਪਣੇ ਬੇਟੇ ਸੌਰਭ ਨੂੰ ਵੀ ਫੌਜ 'ਚ ਭੇਜਣ ਦੀ ਇੱਛਾ ਜਤਾਈ।
ਜੰਮੂ: ਕੁਪਵਾੜਾ ਦੇ ਨੌਗਾਮ ਸੈਕਟਰ 'ਚ ਪਾਕਿਸਤਾਨੀ ਗੋਲ਼ੀਬਾਰੀ 'ਚ ਸ਼ਹੀਦ ਰਾਇਫਲਮੈਨ ਸ਼ੁਭਮ ਸ਼ਰਮਾ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਘਰ ਲਿਆਂਦੀ ਗਈ। ਇਸ ਦੌਰਾਨ ਭਾਰਤ ਮਾਤਾ ਦੀ ਜੈ, ਸ਼ੁਭਮ ਸ਼ਰਮਾ ਅਮਰ ਰਹੇ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਗੂੰਜੇ। ਜੰਮੂ ਦੇ ਸਰਹੱਦੀ ਇਲਾਕੇ ਆਰਐਸਪੁਰਾ ਦੇ ਸ਼ੇਖੁਚਕ ਪਿੰਡ ਦੇ ਰਹਿਣ ਵਾਲੇ ਸ਼ੁਭਮ ਸ਼ਰਮਾ ਕਰੀਬ ਚਾਰ ਸਾਲ ਪਹਿਲਾਂ ਫੌਜ ਵਿਚ ਭਰਤੀ ਹੋਏ ਸਨ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਪੋਸਟਿੰਗ ਰਾਜਸਥਾਨ ਤੋਂ ਕੁਪਵਾੜਾ ਹੋਈ ਸੀ।
ਸ਼ੁਭਮ ਦੇ ਪਿਤਾ ਵਿਜਯ ਸ਼ਰਮਾ ਜੰਮੂ ਕਸ਼ਮੀਰ ਪੁਲਿਸ ਚ ਹੌਲਦਾਰ ਹਨ। ਉਨ੍ਹਾਂ ਨੂੰ ਆਪਣੇ ਬੇਟੇ ਦੇ ਜਾਣ ਦਾ ਦੁੱਖ ਹੈ ਪਰ ਨਾਲ ਹੀ ਇਸ ਗੱਲ ਦਾ ਫਖਰ ਹੈ ਕਿ ਉਸ ਨੇ ਆਪਣੀ ਜਾਨ ਦੀ ਕੁਰਬਾਨੀ ਦੇਕੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਆਪਣੇ ਬੇਟੇ ਸੌਰਭ ਨੂੰ ਵੀ ਫੌਜ 'ਚ ਭੇਜਣ ਦੀ ਇੱਛਾ ਜਤਾਈ। ਉਨ੍ਹਾਂ ਕਿਹਾ ਜੇਕਰ ਸਾਰੇ ਲੋਕ ਇਸ ਤਰ੍ਹਾਂ ਸ਼ਹਾਦਤਾਂ ਤੋਂ ਬਾਅਦ ਫੌਜ ਤੋਂ ਦੂਰੀ ਬਣਾਉਂਦੇ ਗਏ ਤਾਂ ਦੇਸ਼ ਦੀ ਰੱਖਿਆ ਕੌਣ ਕਰੇਗਾ।
ਸ਼ੁਭਮ ਦੇ ਛੋਟੇ ਭਰਾ ਸੌਰਭ ਸ਼ਰਮਾ ਨੇ ਵੀ ਖੁਦ ਫੌਜ 'ਚ ਜਾਣ ਦੀ ਇੱਛਾ ਜਤਾਈ। ਸ਼ਹੀਦ ਸ਼ੁਭਮ ਸ਼ਰਮਾ ਦੇ ਅੰਤਿਮ ਸਸਕਾਰ 'ਚ ਉਨ੍ਹਾਂ ਨੂੰ ਨਮ ਅੱਖਾਂ ਨਾਲ ਵਿਦਾਈ ਦੇਣ ਲਈ ਪੂਰਾ ਪਿੰਡ ਪਹੁੰਚਿਆ। ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ 'ਚ ਵੀਰਵਾਰ ਕਸ਼ਮੀਰ ਦੇ ਨੌਗਾਮ 'ਚ ਦੋ ਜਵਾਨ ਸ਼ਹੀਦ ਹੋ ਗਏ ਸਨ।