ਮਾਂ ਬਣਨਾ ਚਾਹੁੰਦੀ ਗੰਭੀਰ ਕੋਰੋਨਾ ਪੀੜਤ ਮਰੀਜ਼ ਦੀ ਪਤਨੀ, ਹਾਈਕੋਰਟ ਨੇ ਸ਼ੁਕਰਾਣੂ ਇਕੱਠੇ ਕਰਨ ਦੇ ਦਿੱਤੇ ਹੁਕਮ
ਅਦਾਲਤ ਨੇ ਕਿਹਾ ਸਥਿਤੀ ਨੂੰ ਦੇਖਦਿਆਂ ਫਿਲਹਾਲ ਲਈ ਅੰਤਰਿਮ ਰਾਹਤ ਦਿੱਤੀ ਜਾਂਦੀ ਹੈ ਤੇ ਇਹ ਰਾਹਤ ਪਟੀਸ਼ਨ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਆਉਣ ਵਾਲੇ ਫੈਸਲੇ ਦੇ ਅਧੀਨ ਹੋਵੇਗੀ।
ਅਹਿਮਦਾਬਾਦ: ਗੁਜਰਾਤ 'ਚ ਇਕ ਗੰਭੀਰ ਕੋਰੋਨਾ ਮਰੀਜ਼ ਦੀ ਪਤਨੀ ਮਾਂ ਬਣਨਾ ਚਾਹੁੰਦੀ ਹੈ। ਕਿਉਂਕਿ ਉਸ ਦੇ ਪਤੀ ਦੇ ਬਚਣ ਦੀ ਉਮੀਦ ਬੇਹੱਦ ਘੱਟ ਹੈ। ਇਹ ਮਾਮਲਾ ਹਾਈਕੋਰਟ ਵੀ ਪਹੁੰਚ ਗਿਆ ਹੈ। ਮਰੀਜ਼ ਦੀ ਪਤਨੀ ਨੇ ਕਿਹਾ ਕਿ ਮੈਂ ਆਈਵੀਐਫ/ਏਆਰਟੀ ਪ੍ਰਕਿਰਿਆ ਜ਼ਰੀਏ ਉਸ ਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਹਾਂ। ਪਰ ਹਸਪਤਾਲ ਇਸ ਦੀ ਇਜਾਜ਼ਤ ਨਹੀਂ ਦੇ ਰਿਹਾ। ਇਸ ਲਈ ਮੈਨੂੰ ਅਦਾਲਤ ਦਾ ਰੁਖ਼ ਕਰਨਾ ਪਿਆ।
ਇਹ ਇਕ 'ਅਸਾਧਾਰਨ ਸਥਿਤੀ'- ਗੁਜਰਾਤ ਹਾਈਕੋਰਟ
ਗੁਜਰਾਤ ਹਾਈਕੋਰਟ ਨੇ ਇਸ ਨੂੰ 'ਅਸਾਧਾਰਨ ਸਥਿਤੀ' ਮੰਨਦਿਆਂ ਮਾਮਲੇ 'ਚ ਹੁਕਮ ਸੁਣਾਇਆ। ਮਰੀਜ਼ ਦੀ ਪਤਨੀ ਦੀ ਪਟੀਸ਼ਨ 'ਤੇ ਤਤਕਾਲ ਸੁਣਵਾਈ ਤੋਂ ਬਾਅਦ ਜਸਟਿਸ ਜੇ.ਸ਼ਾਸਤਰੀ ਨੇ ਵਡੋਦਰਾ ਦੇ ਇਕ ਹਸਪਤਾਲ ਨੂੰ ਆਈਵੀਐਫ/ਅਸਿਸਟੇਡ ਰੀਪ੍ਰੋਡਕਟਿਵ ਟੈਕਨਾਲੋਜੀ ਪ੍ਰਕਿਰਿਆ ਲਈ ਮਰੀਜ਼ ਦੇ ਨਮੂਨੇ ਇਕੱਠੇ ਕਰਨ ਤੇ ਡਾਕਟਰੀ ਸਲਾਹ ਮੁਤਾਬਕ ਉਸ ਨੂੰ ਉਚਿਤ ਸਥਾਨ 'ਤੇ ਰੱਖਣ ਦੇ ਹੁਕਮ ਦਿੱਤੇ।
ਅਦਾਲਤ ਨੇ ਕਿਹਾ ਇਕ ਅਸਾਧਾਰਨ ਮਹੱਤਵਪੂਰਨ ਸਥਿਤੀ ਨੂੰ ਦੇਖਦਿਆਂ ਫਿਲਹਾਲ ਲਈ ਅੰਤਰਿਮ ਰਾਹਤ ਦਿੱਤੀ ਜਾਂਦੀ ਹੈ ਤੇ ਇਹ ਰਾਹਤ ਪਟੀਸ਼ਨ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਆਉਣ ਵਾਲੇ ਫੈਸਲੇ ਦੇ ਅਧੀਨ ਹੋਵੇਗੀ। ਅਦਾਲਤ ਨੇ ਸੂਬਾ ਸਰਕਾਰ ਤੇ ਹਸਪਤਾਲ ਦੇ ਨਿਰਦੇਸ਼ਕ ਨੂੰ ਨੋਟਿਸ ਜਾਰੀ ਕਰਕੇ 23 ਜੁਲਾਈ ਤਕ ਮਾਮਲੇ 'ਤੇ ਆਪਣਾ ਰੁਖ ਸਪਸ਼ਟ ਕਰਨ ਲਈ ਕਿਹਾ ਹੈ।
ਮਰੀਜ ਦੇ ਜਿਉਂਦੇ ਰਹਿਣ ਦੀ ਉਮੀਦ ਬਹੁਤ ਘੱਟ
ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਉਸ ਦੇ ਪਤੀ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਤੇ ਉਹ ਜੀਵਨ ਰੱਖਿਅਕ ਪ੍ਰਣਾਲੀ 'ਤੇ ਹੈ। ਮਾਹਿਰਾਂ ਦੇ ਮੁਤਾਬਕ ਮਰੀਜ਼ ਦੇ ਜਿਉਂਦੇ ਬਚਣ ਦੀ ਉਮੀਦ ਬਹੁਤ ਘੱਟ ਹੈ। ਅਦਾਲਤ ਨੇ ਪਟੀਸ਼ਨਕਰਤਾਵਾਂ ਅਤੇ ਚਰਚਾ ਲਈ ਮੌਜੂਦ ਸਹਾਇਕ ਸਰਕਾਰੀ ਵਕੀਲ ਨੂੰ ਹਸਪਤਾਲ ਨੂੰ ਹੁਕਮਾਂ ਦੀ ਜਾਣਕਾਰੀ ਦੇਣ ਦਾ ਹੁਕਮ ਦਿੱਤਾ ਕਿ ਮਰੀਜ਼ ਦੀ ਨਾਜ਼ੁਕ ਹਾਲਤ ਦੇਖਦਿਆਂ ਉਸ ਦੇ ਨਮੂਨੇ ਇਕੱਠੇ ਕੀਤੇ ਜਾਣ।