ਸ਼੍ਰੀਲੰਕਾ ਦੀ ਜਲ ਸੈਨਾ ਨੇ ਭਾਰਤੀ ਮਛੇਰਿਆਂ 'ਤੇ ਵਰ੍ਹਾਈਆਂ ਗੋਲ਼ੀਆਂ, 5 ਹੋਏ ਜ਼ਖਮੀ, ਵਿਦੇਸ਼ ਮੰਤਰਾਲੇ ਨੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ
Sri lankan navy Fire on Indian Fishermen: ਸ਼੍ਰੀਲੰਕਾ ਦੀ ਜਲ ਸੈਨਾ ਨੇ ਮੰਗਲਵਾਰ ਸਵੇਰੇ ਡੇਲਫਟ ਟਾਪੂ ਨੇੜੇ 13 ਭਾਰਤੀ ਮਛੇਰਿਆਂ ਨੂੰ ਫੜ ਲਿਆ ਹੈ। ਜ਼ਖਮੀਆਂ ਦਾ ਜਾਫਨਾ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
Sri lankan navy Fire on Indian Fishermen : ਮੰਗਲਵਾਰ (28 ਜਨਵਰੀ, 2025) ਨੂੰ ਡੈਲਫਟ ਟਾਪੂ ਨੇੜੇ ਸ਼੍ਰੀਲੰਕਾ ਦੀ ਜਲ ਸੈਨਾ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਇੱਕ ਘਟਨਾ ਵਿੱਚ ਪੰਜ ਮਛੇਰੇ ਜ਼ਖਮੀ ਹੋ ਗਏ। ਪੰਜ ਵਿੱਚੋਂ ਦੋ ਗੰਭੀਰ ਜ਼ਖਮੀ ਹੋਏ ਸਨ। ਭਾਰਤ ਨੇ ਸ਼੍ਰੀਲੰਕਾ ਦੀ ਜਲ ਸੈਨਾ ਵੱਲੋਂ ਕੀਤੀ ਗਈ ਗੋਲੀਬਾਰੀ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਤੇ ਟਾਪੂ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ।
ਵਿਦੇਸ਼ ਮੰਤਰਾਲੇ ਨੇ ਟਾਪੂ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ ਤੇ ਉਨ੍ਹਾਂ ਦੇ ਸੀਨੀਅਰ ਡਿਪਲੋਮੈਟ ਕੋਲ ਸਖ਼ਤ ਇਤਰਾਜ਼ ਦਰਜ ਕਰਵਾਇਆ ਹੈ। ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ, ਭਾਰਤ ਨੇ ਕਿਹਾ ਹੈ ਕਿ ਤਾਕਤ ਦੀ ਵਰਤੋਂ ਕਿਸੇ ਵੀ ਹਾਲਤ ਵਿੱਚ ਸਵੀਕਾਰਯੋਗ ਨਹੀਂ ਹੈ।
ਮੰਤਰਾਲੇ ਨੇ ਕਿਹਾ, “ਮੰਗਲਵਾਰ ਸਵੇਰੇ ਡੈਲਫਟ ਟਾਪੂ ਤੋਂ 13 ਭਾਰਤੀ ਮਛੇਰਿਆਂ ਨੂੰ ਫੜਨ ਦੌਰਾਨ ਸ਼੍ਰੀਲੰਕਾਈ ਜਲ ਸੈਨਾ ਵੱਲੋਂ ਗੋਲੀਬਾਰੀ ਦੀ ਰਿਪੋਰਟ ਮਿਲੀ। ਮੱਛੀਆਂ ਫੜਨ ਵਾਲੀ ਕਿਸ਼ਤੀ 'ਤੇ 13 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਗੰਭੀਰ ਜ਼ਖਮੀ ਹੋ ਗਏ ਤੇ ਮਛੇਰਿਆਂ ਦਾ ਜਾਫਨਾ ਟੀਚਿੰਗ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਤਿੰਨ ਹੋਰ ਮਛੇਰਿਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਵੀ ਇਲਾਜ ਚੱਲ ਰਿਹਾ ਹੈ।
India lodges strong protest on an incident involving firing by the Sri Lankan Navy during the apprehension of Indian fishermen: MEA pic.twitter.com/NdLz1wEbLN
— ANI (@ANI) January 28, 2025
ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਜਾਫਨਾ ਵਿੱਚ ਜ਼ਖਮੀ ਮਛੇਰਿਆਂ ਨੂੰ ਹਸਪਤਾਲ ਵਿੱਚ ਮਿਲਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ। ਵਿਦੇਸ਼ ਮੰਤਰਾਲੇ ਨੇ ਕਿਹਾ, “ਨਵੀਂ ਦਿੱਲੀ ਸਥਿਤ ਟਾਪੂ ਦੇ ਹਾਈ ਕਮਿਸ਼ਨਰ ਨੂੰ ਮੰਗਲਵਾਰ ਸਵੇਰੇ ਤਲਬ ਕੀਤਾ ਗਿਆ ਤੇ ਇਸ ਘਟਨਾ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ। ਇਸ ਦੇ ਨਾਲ ਹੀ ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀ ਇਹ ਮੁੱਦਾ ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਕੋਲ ਉਠਾਇਆ ਹੈ।
ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਭਾਰਤ ਸਰਕਾਰ ਨੇ ਹਮੇਸ਼ਾ ਮਛੇਰਿਆਂ ਨਾਲ ਸਬੰਧਤ ਮੁੱਦਿਆਂ ਨੂੰ ਮਾਨਵਤਾਵਾਦੀ ਢੰਗ ਨਾਲ ਹੱਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ, ਜਿਸ ਵਿੱਚ ਰੋਜ਼ੀ-ਰੋਟੀ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਤਾਕਤ ਦੀ ਵਰਤੋਂ ਕਿਸੇ ਵੀ ਹਾਲਤ ਵਿੱਚ ਸਵੀਕਾਰਯੋਗ ਨਹੀਂ ਹੈ। ਇਸ ਸਬੰਧ ਵਿੱਚ ਦੋਵਾਂ ਸਰਕਾਰਾਂ ਵਿਚਕਾਰ ਮੌਜੂਦਾ ਸਮਝ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।"






















